
ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਆਪਣੀ ਮੰਡੀ ਦਾ ਦੌਰਾ ਕਰਕੇ ਲਿਆ ਜਾਇਜ਼ਾ, ਸਖ਼ਤ ਹਦਾਇਤਾਂ ਜਾਰੀ
ਮੰਡੀਆਂ ਵਿੱਚ ਸਾਫ਼-ਸਫ਼ਾਈ, ਸ਼ੁੱਧ ਪਾਣੀ, ਸਹੀ ਵਸੂਲੀ ਅਤੇ ਸਹੀ ਨਾਪਤੋਲ ਯਕੀਨੀ ਬਣਾਉਣ ਦੇ ਹੁਕਮ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਜੁਲਾਈ:
ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਅੱਜ ਇੱਥੋਂ ਦੇ ਸੈਕਟਰ-68 (ਕੁੰਭੜਾ) ਵਿਖੇ ਆਪਣੀ ਮੰਡੀ (ਕਿਸਾਨ ਮੰਡੀ) ਦਾ ਅਚਨਚੇਤ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਸਬੰਧਤ ਅਧਿਕਾਰੀਆਂ ਅਤੇ ਦੁਕਾਨਦਾਰਾਂ ਨੂੰ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੇ ਹੁਕਮ ਦਿੱਤੇ। ਉਨ੍ਹਾਂ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਉਨ੍ਹਾਂ ਨੂੰ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਚੈਕਿੰਗ ਦੌਰਾਨ ਆਪਣੀ ਮੰਡੀ ਵਿੱਚ ਸਬਜ਼ੀ ਤੇ ਫਲ ਵੇਚਣ ਆਏ ਜ਼ਿਆਦਾਤਰ ਕਿਸਾਨਾਂ ਅਤੇ ਬਾਹਰਲੇ ਦੁਕਾਨਦਾਰਾਂ ਦੇ ਮੂੰਹ ’ਤੇ ਮਾਸਕ ਨਹੀਂ ਸਨ। ਜਿਨ੍ਹਾਂ ਨੂੰ ਸਾਰਿਆਂ ਨੂੰ ਤਾੜਨਾ ਕਰਦਿਆਂ ਮਾਸਕ ਲਗਾਉਣ ਲਈ ਪ੍ਰੇਰਿਆ।
ਉਨ੍ਹਾਂ ਕਿਹਾ ਕਿ ‘ਆਪਣੀ ਮੰਡੀ ਪ੍ਰਬੰਧ’ ਨੂੰ ਸੁਚੱਜੇ ਅਤੇ ਬਿਹਤਰ ਢੰਗ ਨਾਲ ਚਲਾਉਣਾ ਉਨ੍ਹਾਂ ਦੀ ਸਿਖਰਲੀ ਤਰਜੀਹ ਹੈ ਅਤੇ ਆਪਣੀ ਮੰਡੀਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਊਣਤਾਈ ਜਾਂ ਘਾਟ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜੇ ਕੋਈ ਘਾਟ ਪਾਈ ਗਈ ਤਾਂ ਸਬੰਧਤ ਅਧਿਕਾਰੀਆਂ ਅਤੇ ਠੇਕੇਦਾਰ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਸ੍ਰੀ ਸ਼ਰਮਾ ਨੇ ਕਿਹਾ ਕਿ ਕਰੋਨਾ ਮਹਾਮਾਰੀ ਦਾ ਪ੍ਰਕੋਪ ਘਟਣ ਉਪਰੰਤ ਕਾਫ਼ੀ ਸਮੇਂ ਬਾਅਦ ਆਪਣੀਆਂ ਮੰਡੀਆਂ ਮੁੜ ਸ਼ੁਰੂ ਕੀਤੀਆਂ ਗਈਆਂ ਹਨ। ਜਿਸ ਨਾਲ ਕਿਸਾਨਾਂ ਅਤੇ ਸ਼ਹਿਰ ਵਾਸੀਆਂ ਨੂੰ ਫਾਇਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਆਪਣੀ ਮੰਡੀਆਂ ਨੂੰ ਸਾਫ਼-ਸੁਥਰਾ ਰੱਖਣ ਲਈ ਸਹਿਯੋਗ ਦੀ ਮੰਗ ਕਰਦਿਆਂ ਚੇਅਰਮੈਨ ਨੇ ਮੌਕੇ ’ਤੇ ਮੌਜੂਦ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੰਡੀ ਦੇ ਐਂਟਰੀ ਪੁਆਇੰਟ ’ਤੇ ਸਬਜ਼ੀਆਂ ਦੀਆਂ ਕੀਮਤਾਂ ਬਾਰੇ ਸੂਚਨਾ ਬੋਰਡ ਲਗਾਉਣਾ ਯਕੀਨੀ ਬਣਾਇਆ ਜਾਵੇ ਤਾਂ ਕਿ ਲੋਕਾਂ ਕੋਲੋਂ ਵੱਧ ਵਸੂਲੀ ਨਾ ਕੀਤੀ ਜਾ ਸਕੇ। ਉਨ੍ਹਾਂ ਮੰਡੀ ਵਿੱਚ ਸ਼ੁੱਧ ਪਾਣੀ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਵੀ ਕਿਹਾ।
ਇਸ ਮੌਕੇ ਚੇਅਰਮੈਨ ਨੇ ਆਪਣੀ ਮੰਡੀ ਵਿੱਚ ਕੰਡਿਆਂ-ਵੱਟਿਆਂ ਦੀ ਵੀ ਜਾਂਚ ਕੀਤੀ ਅਤੇ ਕਿਹਾ ਕਿ ਨਾਪਤੋਲ ਬਿਲਕੁਲ ਸਹੀ ਹੋਣਾ ਚਾਹੀਦਾ ਹੈ ਅਤੇ ਨਾਪਤੋਲ ਵਿੱਚ ਗੜਬੜੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜੇ ਕੋਈ ਅਧਿਕਾਰੀ ਮਾਰਕੀਟ ਫੀਸ ਦੀ ਵਸੂਲੀ ਵਿੱਚ ਗੜਬੜੀ ਕਰਦਾ ਫੜਿਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਨਾਪਤੋਲ ਸਬੰਧੀ ਸਮੇਂ ਸਮੇਂ ਸਿਰ ਮੰਡੀਆਂ ਵਿੱਚ ਜਾਂਚ ਕਰਦੇ ਰਹਿਣ ਲਈ ਵੀ ਕਿਹਾ। ਇਸ ਮੌਕੇ ਮੰਡੀ ਸੁਪਰਵਾਈਜ਼ਰ ਹਰਪਾਲ ਸਿੰਘ, ਆਕਸ਼ਨ ਰੀਕਾਰਡਰ ਜਤਿੰਦਰ ਸਿੰਘ ਰਾਣਾ ਮੌਜੂਦ ਸਨ।