ਪੰਜਾਬ ਵਿੱਚ ਆਪ ਦੀ ਸਰਕਾਰ ਬਣਨ ’ਤੇ 30 ਦਿਨਾਂ ਦੇ ਅੰਦਰ ਅੰਦਰ ਮਜੀਠੀਆ ਨੂੰ ਜੇਲ ਭੇਜਿਆ ਜਾਵੇਗਾ: ਕੇਜਰੀਵਾਲ

ਖਰੜ ਵਿੱਚ ਆਪ ਦੀ ਵਿਸ਼ਾਲ ਚੋਣ ਰੈਲੀ, ਅਰਵਿੰਦ ਕੇਜਰੀਵਾਲ ਵੱਲੋਂ ਭ੍ਰਿਸ਼ਟਚਾਰ ਨਿਜ਼ਾਮ ਬਦਲਣ ਤੇ ਨਸ਼ਾ ਮੁਕਤ ਪੰਜਾਬ ਸਿਰਜਣ ਦਾ ਹੋਕਾ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 17 ਜਨਵਰੀ:
ਆਮ ਆਦਮੀ ਪਾਰਟੀ (ਆਪ) ਦੇ ਖਰੜ ਤੋਂ ਉਮੀਦਵਾਰ ਕੰਵਰ ਸੰਧੂ ਦੇ ਹੱਕ ਵਿੱਚ ਅੱਜ ਸਥਾਨਕ ਆਨਾਜ ਮੰਡੀ ਵਿੱਚ ਵਿਸ਼ਾਲ ਚੋਣ ਰੈਲੀ ਕੀਤੀ ਗਈ। ਇਸ ਮੌਕੇ ਬੋਲਦਿਆਂ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਭ੍ਰਿਸ਼ਟਾਚਾਰੀ ਨਿਜ਼ਾਮ ਬਦਲਣ ਦਾ ਸੱਦਾ ਦਿੰਦਿਆਂ ਬੇਰੁਜ਼ਗਾਰੀ ਅਤੇ ਨਸ਼ਿਆਂ ਦੇ ਖ਼ਾਤਮੇ ਲਈ ਮੁੱਖ ਮੰਤਰੀ ਬਾਦਲ ਪਿਊ-ਪੁੱਤ ਅਤੇ ਕਾਂਗਰਸ ਨੂੰ ਸੱਤਾ ਤੋਂ ਲਾਂਭੇ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਰਕਾਰੀ ਸਰਪ੍ਰਸਤੀ ਹੇਠ ਸ਼ਰੇਆਮ ਨਸ਼ੇ ਦੀ ਤਸਕਰੀ ਹੁੰਦੀ ਰਹੀ ਹੈ ਅਤੇ ਹੁਣ ਤੱਕ 40 ਲੱਖ ਨੌਜਵਾਨ ਨਸ਼ਿਆਂ ਦੇ ਆਦੀ ਹੋ ਚੁੱਕੇ ਹਨ।
ਸ੍ਰੀ ਕੇਜਰੀਵਾਲ ਨੇ ਹੁਕਮਰਾਨਾਂ ਨੂੰ ਲਲਕਾਰਦਿਆਂ ਕਿਹਾ ਕਿ ਪੰਜਾਬ ਵਿੱਚ ਆਪ ਦੀ ਸਰਕਾਰ ਬਣਨ ਤੋਂ ਸਿਰਫ਼ 30 ਦਿਨਾਂ ਦੇ ਅੰਦਰ ਅੰਦਰ ਵਿਸਾਖੀ ਤੋਂ ਪਹਿਲਾਂ ਪਹਿਲਾਂ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਜੇਲ ਵਿੱਚ ਡੱਕਿਆ ਜਾਵੇਗਾ। ਡਰੱਗ ਤਸਕਰੀ ਮਾਮਲੇ ਵਿੱਚ ਨਿਰਪੱਖ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ 40 ਲੱਖ ਨੌਜਵਾਨਾਂ ਦਾ ਇਲਾਜ ਕਰਵਾਉਣ ਲਈ ਲੋੜ ਪੈਣ ’ਤੇ ਹਸਪਤਾਲਾਂ ਵਿੱਚ ਵਿਦੇਸ਼ ਤੋਂ ਡਾਕਟਰ ਵੀ ਬੁਲਾਏ ਜਾਣਗੇ। ਉਨ੍ਹਾਂ ਕਿਹਾ ਕਿ ਖਰੜ ਹਲਕੇ ਨੂੰ ਬਹੁਤ ਹੀ ਪੜਿਆ ਲਿਖਿਆ ਅਤੇ ਸੂਝਵਾਨ ਉਮੀਦਵਾਰ ਮਿਲਿਆ ਹੈ ਅਤੇ ਲੋਕ ਕੰਵਰ ਸੰਧੂ ਨੂੰ ਵੋਟਾਂ ਪਾ ਕਿ ਆਪ ਦੀ ਸਰਕਾਰ ਬਣਾਉਣ ਵਿਚ ਵੱਡਾ ਯੋਗਦਾਨ ਪਾਉਣਗੇ।
ਆਪ ਆਗੂ ਨੇ ਕਿਹਾ ਕਿ ਅਕਾਲੀ ਅਤੇ ਕਾਂਗਰਸੀ ਦੇ ਦੋਸਤਾਨਾ ਮੈਚ ਨੂੰ ਲੋਕ ਇਸ ਵਾਰ ਖ਼ਤਮ ਕਰ ਦੇਣਗੇ। ਉਨ੍ਹਾਂ ਕਿਹਾ ਕਿ ਹੁਣ ਤੱਕ ਇਕ ਦੂਜੇ ਦੇ ਖਿਲਾਫ਼ ਕਮਜੋਰ ਉਮੀਦਵਾਰ ਖੜੇ ਕਰਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਸਨ ਪਰ ਹੁਣ ਆਮ ਆਦਮੀ ਪਾਰਟੀ ਦੇ ਆਉਣ ਨਾਲ ਦੋਨਾਂ ਦੀ ਖੇਡ ਵਿਗੜ ਗਈ ਹੈ। ਉਨ੍ਹਾਂ ਕਿਹਾ ਕਿ ਲੰਬੀ ਵਿਚ ਉਨ੍ਹਾਂ ਦੇ ਉਮੀਦਵਾਰ ਜਰਨੈਲ ਸਿੰਘ ਦੀ ਚੋਣ ਮੁਹਿੰਮ ਬਹੁਤ ਵਧੀਆਂ ਚੱਲ ਰਹੀ ਹੈ ਜਿਸ ਕਾਰਨ ਪ੍ਰਕਾਸ਼ ਸਿੰਘ ਬਾਦਲ ਨੂੰ ਹਾਰ ਦਾ ਡਰ ਸਤਾਉਣ ਲੱਗਾ ਅਤੇ ਉਨ੍ਹਾਂ ਨੇ ਕੈਪਟਨ ਨੂੰ ਮਦਤ ਦੀ ਗੁਹਾਰ ਲਗਾ ਕਿ ਲੰਬੀ ਤੋਂ ਜਰਨੈਲ ਸਿੰਘ ਦੀਆਂ ਵੋਟਾਂ ਤੋੜਨ ਲਈ ਖੜਾ ਕਰਵਾਇਆ ਹੈ।
ਉਨ੍ਹਾਂ ਕਿਹਾ ਕਿ ਆਪ ਦੀ ਸਰਕਾਰ ਬਣਨ ਤੇ 25 ਲੱਖ ਬੇਰੁਜਗਾਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਅਤੇ ਜਿਹੜੀ ਵੀ ਇੰਡਸਟਰੀ ਪੰਜਾਬ ਵਿਚ ਨਵੀਂ ਲੱਗੇਗੀ ਉਸ ਵਿਚ 80 ਪ੍ਰਤੀਸ਼ਤ ਹੱਕ ਪੰਜਾਬੀਆਂ ਦਾ ਹੋਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਡੇਢ ਤੋਂ ਦੋ ਸਾਲ ਦੇ ਅੰਦਰ ਅੰਦਰ ਕਿਸਾਨਾਂ ਦੇ ਕਰਜੇ ਮੁਆਫ਼ ਕਰੇਗੀ ਅਤੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦਾ ਪੂਰਾ ਮੁੱਲ ਦਿੱਤਾ ਜਾਵੇਗਾ ਤਾਂ ਜੋ ਕਿ ਦੁਬਾਰਾ ਕਿਸਾਨ ਕਰਜਈ ਨਾ ਹੋ ਸਕਣ। ਉਨ੍ਹਾਂ ਕਿਹਾ ਕਿ ਪਹਿਲ ਦੇ ਆਧਾਰ ਤੇ ਸਵਾਮੀਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਰਗਾੜੀ ਵਿਚ ਹੋਏ ਬੇਅਦਬੀ ਮਾਮਲੇ ਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸੀਆਂ ਅਤੇ ਅਕਾਲੀਆਂ ਦੇ ਪਾਪ ਦਾ ਘੜਾ ਭਰ ਚੁੱਕਿਆ ਹੈ ਅਤੇ ਲੋਕ ਇਸ ਵਾਰ ਇਨਾਂ ਨੂੰ ਮੂੰਹ ਨਹੀਂ ਲਗਾਉਣਗੇ ਅਤੇ ਪੰਜਾਬ ਨੂੰ ਭ੍ਰਿਸਟਾਚਾਰ ਦੀਆਂ ਜੰਜੀਰਾਂ ਤੋਂ ਮੁਕਤ ਕਰਵਾਉਣਗੇ। ਉਨ੍ਹਾਂ ਕਿਹਾ ਕਿ ਦਿੱਲੀ ਦੀ ਤਰਜ ਤੇ ਪੰਜਾਬ ਦੇ ਪਿੰਡਾਂ ਵਿਚ ਵੀ ਪੇਂਡੂ ਡਿਸਪੈਸਰੀਆਂ ਅਤੇ ਸ਼ਹਿਰਾਂ ਵਿਚ ਮੁਹੱਲਾ ਡਿਸਪੈਸਰੀਆਂ ਖੋਲੀਆਂ ਜਾਣਗੀਆਂ। ਰੈਲੀ ਨੂੰ ਆਪ ਦੇ ਉਮੀਵਾਰ ਕੰਵਰ ਸੰਧੂ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਆਪ ਦੇ ਸਟਾਰ ਪ੍ਰਚਾਰਕ ਜੱਸੀ ਜਸਰਾਜ, ਜ਼ੋਨਲ ਇੰਚਾਰਜ ਦਰਸ਼ਨ ਸਿੰਘ ਧਾਲੀਵਾਲ, ਜਸਪਾਲ ਸਿੰਘ, ਨਵਦੀਪ ਸਿੰਘ ਬੱਬੂ, ਗੁਰਜਿੰਦਰ ਸਿੰਘ, ਮਾ. ਕੁਲਦੀਪ ਸਿੰਘ ਸਿੱਧੂ, ਅਭੈ ਸੰਧੂ, ਗੁਰਵਿੰਦਰ ਸਿੰਘ ਡੂਮਛੇੜੀ, ਯੂਥ ਵਿੰਗ ਖਰੜ ਦੇ ਕਨਵੀਨਰ ਜਗਦੇਵ ਸਿੰਘ ਮਲੋਆ, ਸੁਖਦੇਵ ਸਿੰਘ ਬਰੋਲੀ, ਹਰਿੰਦਰਪਾਲ ਸਿੰਘ ਜੌਲੀ, ਭੁਪਿੰਦਰ ਬੱਬਲ, ਅਮਰਜੀਤ ਸਿੰਘ ਸਮੇਤ ਹੋਰ ਕਈ ਆਗੂ ਅਤੇ ਵਾਲੰਟੀਅਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…