ਸਵੱਛਤਾ ਮਿਸ਼ਨ ਮੁਹਿੰਮ ਵਿੱਚ ਸ਼ਹਿਰ ਵਾਸੀਆਂ ਨੂੰ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ

ਨਬਜ਼-ਏ-ਪੰਜਾਬ ਬਿਊਰੋ, ਐਸ.ਏ.ਐਸ. ਨਗਰ (ਮੁਹਾਲੀ), 14 ਮਾਰਚ:
ਮੁਹਾਲੀ ਨਗਰ ਨਿਗਮ ਵੱਲੋਂ ਸਵੱਛਤਾ ਮਿਸ਼ਨ ਸਬੰਧੀ ਚਲਾਈ ਜਾ ਰਹੀ ਮੁਹਿੰਮ ਦੀ ਲੜੀ ਅਧੀਨ ਫੇਜ-6 ਵਿੱਚ ਨਗਰ ਨਿਗਮ ਦੇ ਡਾ. ਕਮਲ ਕੁਮਾਰ ਗਰਗ ਦੀ ਅਗਵਾਈ ਹੇਠ ”ਸਵੱਛਤਾ ਸੰਕਲਪ ਦੇਸ਼ ਕਾ, ਹਰ ਰਵੀਵਾਰ ਵਿਸ਼ੇਸ਼ ਸਾ” ਨਾਅਰੇ ਅਧੀਨ ਪ੍ਰੋਗਰਾਮ ਕਰਵਾਇਆ ਗਿਆ।
ਇਸ ਪ੍ਰੋਗਰਾਮ ਦਾ ਆਰੰਭ ਨਿਗਮ ਕਮਿਸ਼ਨਰ ਡਾ. ਕਮਲ ਗਰਗ ਵੱਲੋਂ ਜੋਤੀ ਪ੍ਰਚੰਡ ਕਰਕੇ ਕੀਤਾ ਗਿਆ।ਇਸ ਉਪਰੰਤ ਕਮਿਸ਼ਨਰ ਵੱਲੋਂ ਸ਼ਹਿਰ ਵਾਸੀਆਂ ਨੂੰ ਸਵੱਛਤਾ ਮਿਸ਼ਨ ਤਹਿਤ ਚਲਾਈ ਜਾ ਰਹੀ ਮੁਹਿੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਗਿੱਲਾ ਅਤੇ ਸੁੱਕਾ ਕੂੜਾ ਵੱਖ ਵੱਖ ਇਕੱਤਰ ਕਰਕੇ ਵੇਸਟ ਕੁਲੈਕਟਰਾਂ ਨੂੰ ਦਿੱਤਾ ਜਾਵੇ ਅਤੇ ਗਿੱਲੇ ਕੂੜੇ ਦੀ ਖਾਦ ਤਿਆਰ ਕਰਕੇ ਕਿਚਨ ਗਾਰਡਨ ਆਦਿ ਲਈ ਵਰਤੋਂ ਵਿੱਚ ਲਿਆਂਦੀ ਜਾ ਸਕਦੀ ਹੈ।
ਉਹਨਾਂ ਕਿਹਾ ਕਿ ਸ਼ਹਿਰ ਵਿੱਚ ਲਗਭਗ 3000 ਲੋਕਾਂ ਵੱਲੋਂ ਹੋਮ ਕੰਪੋਸਟਿੰਗ ਕੀਤੀ ਜਾਂਦੀ ਹੈ ।ਸੁੱਕਾ ਕੂੜਾ ਜਿਵੇਂ ਕਿ ਪਲਾਸਟਿਕ ,ਕੱਚ ਆਦਿ ਨੂੰ ਵੀ ਰੀਸਾਈਕਲ ਕਰਕੇ ਉਸਨੂੰ ਹੋਰ ਕੰਮ ਲਈ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ । ਪਲਾਸਟਿਕ ਲਿਫ਼ਾਫਿਆਂ ਅਤੇ ਜੂਟ ਜਾਂ ਸੂਤੀ ਕੱਪੜਿਆਂ ਤੋਂ ਬਣੇ ਝੋਲਿਆਂ ਦੀ ਵਰਤੋਂ ਕੀਤੀ ਜਾਵੇ। ਇਸ ਤਰਾਂ ਕਰਕੇ ਵਾਤਾਵਰਨ ਅਤੇ ਸ਼ਹਿਰ ਨੂੰ ਸਵੱਛ ਰੱਖਿਆ ਜਾ ਸਕਦਾ ਹੈ ।
ਕਮਿਸ਼ਨਰ ਡਾ. ਗਰਗ ਵੱਲੋਂ ਸ਼ਹਿਰ ਵਾਸੀਆਂ ਤੇ ਵੈਲਫੇਅਰ ਐਸੋਸੀਏਸ਼ਨਾਂ ਨੂੰ ਸਵੱਛਤਾ ਮਿਸ਼ਨ ਲਾਗੂ ਕਰਨ ਵਿੱਚ ਨਗਰ ਨਿਗਮ ਦਾ ਸਾਥ ਦੇਣ ਦੀ ਅਪੀਲ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਸ੍ਰੀਮਤੀ ਵੰਦਨਾ ਸੀ.ਐੱਫ. ਵੱਲੋਂ ਸੋਰਸ ਸੈਗਰੀਗੇਸ਼ਨ ਅਤੇ ਹੋਮ ਕੰਪੋਸਟਿੰਗ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਗਏ।
ਨਗਰ ਨਿਗਮ ਦੇ ਐਕਸੀਅਨ ਹਰਪ੍ਰੀਤ ਸਿੰਘ ਵੱਲੋਂ ਪਾਣੀ ਦੀ ਦੁਰਵਰਤੋਂ ਵਿਸ਼ੇ ਉੱਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਹਰਿਆਵਲ ਪੰਜਾਬ ਦੇ ਜਿਲਾ ਸੰਯੋਜਕ ਮੁਹਾਲੀ ਬ੍ਰਿਜ ਮੋਹਨ ਜੋਸ਼ੀ ਐਸਡੀਓ ਬਿਜਲੀ ਵਿਭਾਗ ਵੱਲੋਂ ਪਲਾਸਟਿਕ ਦੇ ਦੁਸ਼ ਪ੍ਰਭਾਵਾਂ ਅਤੇ ਪਾਣੀ ਦੀ ਬੱਚਤ ਬਾਰੇ ਜਾਗਰੂਕ ਕੀਤਾ ਗਿਆ। ਨਗਰ ਨਿਗਮ ਦੇ ਮੈਡੀਕਲ ਹੈਲਥ ਅਫਸਰ ਡਾ. ਤਮੰਨਾ ਵੱਲੋ ਕਰੋਨਾ ਤੋਂ ਬਚਾਓ ਸਬੰਧੀ ਸ਼ਹਿਰ ਵਾਸੀਆਂ ਨੂੰ ਜਾਗਰੂਕ ਕੀਤਾ ਗਿਆ।
ਪ੍ਰੋਗਰਾਮ ਦੇ ਅੰਤ ਵਿੱਚ ਕਮਿਸ਼ਨਰ ਨਗਰ ਨਿਗਮ ਵੱਲੋਂ ਸੱਤ ਸ਼ਹਿਰ ਵਾਸੀਆਂ ਨੂੰ ਹੋਮ ਕੰਪੋਸਟਿੰਗ ਬਾਰੇ ਸਰਟੀਫਿਕੇਟ ਦੇ ਕੇ ਉਤਸ਼ਾਹਿਤ ਕੀਤਾ ਗਿਆ।
ਇਸ ਪ੍ਰੋਗਰਾਮ ਵਿੱਚ ਕੌਂਸਲਰ ਸ੍ਰੀਮਤੀ ਗੁਰਪ੍ਰੀਤ ਕੌਰ ਵਾਰਡ ਨੰ. 49, ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਸ੍ਰੀ ਸੁਰਜੀਤ ਸਿੰਘ, ਚੀਫ ਸੈਨੇਟਰੀ ਇੰਸਪੈਕਟਰ ਸ੍ਰੀ ਸਰਬਜੀਤ ਸਿੰਘ, ਸੈਨੇਟਰੀ ਇੰਸਪੈਕਟਰਜ਼ ਸ੍ਰੀ ਰਵਿੰਦਰ ਕੁਮਾਰ, ਜਗਰੂਪ ਸਿੰਘ ਅਤੇ ਸੈਨੇਟਰੀ ਸੁਪਰਵਾਈਜ਼ਰ ਸ੍ਰੀ ਦੀਪਕ ,ਸ੍ਰੀ ਜ਼ੋਰਾਵਰ ਸਿੰਘ ਸੈਨੀਟੇਸ਼ਨ ਬਰਾਂਚ ਦੇ ਸਟਾਫ਼ ਅਤੇ ਹੋਰ ਪਤਵੰਤਿਆਂ ਵੱਲੋਂ ਹਿੱਸਾ ਲਿਆ ਗਿਆ। ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਸੁਪਰਡੈਂਟ ਜਸਵਿੰਦਰ ਸਿੰਘ ਵੱਲੋਂ ਕੀਤਾ ਗਿਆ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…