Share on Facebook Share on Twitter Share on Google+ Share on Pinterest Share on Linkedin ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ‘ਭਾਈ ਜੈਤਾ ਜੀ ਚੇਅਰ’ ਸਥਾਪਿਤ ਕਰਨ ਦੀ ਅਪੀਲ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਅਕਤੂਬਰ: ਇੱਥੋਂ ਦੇ ਫੇਜ਼-3ਏ ਵਿੱਚ ਸ਼ਹੀਦ ਭਾਈ ਜੈਤਾ ਜੀ ਦੀ ਯਾਦ ਵਿੱਚ ਬਣੇ ਗੁਰਦੁਆਰਾ ਸਾਹਿਬ ਵਿਖੇ ਅੱਜ ਦੁਸ਼ਹਿਰੇ ਦੇ ਪਵਿੱਤਰ ਤਿਉਹਾਰ ’ਤੇ ਕਮੇਟੀ ਦੀ ਕਾਰਜਕਾਰਨੀ ਅਤੇ ਬੁੱਧੀਜੀਵੀਆਂ ਦੀ ਪ੍ਰਧਾਨ ਰਾਜਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਜਿਸ ਵਿੱਚ ਸਰਬਸੰਮਤੀ ਨਾਲ ਪਿਛਲੇ ਦਿਨੀਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ‘ਗੁਰੂ ਰਵਿਦਾਸ ਚੇਅਰ’ ਸਥਾਪਿਤ ਕਰਨ ਦੇ ਐਲਾਨ ਦਾ ਸਵਾਗਤ ਕੀਤਾ ਅਤੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਇਸੇ ਤਰਜ਼ ’ਤੇ ਪੰਜਾਬ ਦੀ ਕਿਸੇ ਵੀ ਯੂਨੀਵਰਸਿਟੀ ਵਿੱਚ ‘ਭਾਈ ਜੈਤਾ ਜੀ ਚੇਅਰ’ ਸਥਾਪਿਤ ਕਰਨ ਦਾ ਐਲਾਨ ਕੀਤਾ ਜਾਵੇ ਕਿਉਂਕਿ ਮੁੱਖ ਮੰਤਰੀ ਇਹ ਵੀ ਐਲਾਨ ਕਰ ਚੁੱਕੇ ਹਨ ਕਿ ਪੰਜਾਬ ਵਿੱਚ ਹਰ ਧਰਮ ਅਤੇ ਵਰਣ ਨੂੰ ਬਰਾਬਰਤਾ ਦਾ ਮਾਣ-ਸਨਮਾਨ ਦਿੱਤਾ ਜਾਵੇਗਾ। ਪੰਜਾਬ ਦੇ ਵਿੱਚ 10 ਸਾਲ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਰਹੀ ਹੈ। ਉਦੋਂ ਤਤਕਾਲੀ ਸਰਕਾਰ ਨੇ ਅਨੇਕਾਂ ਯਾਦਗਾਰਾਂ ਬਣਾਈਆਂ ਪਰ ਭਾਈ ਜੈਤਾ ਜੀ ਦੀ ਯਾਦਗਾਰ ਨਾ ਬਣਾ ਕੇ ਅਣਗੌਲਿਆ ਕੀਤਾ ਗਿਆ। ਜਦੋਂਕਿ ਗੁਰੂ ਗੋਬਿੰਦ ਸਿੰਘ ਨੇ ਉਨ੍ਹਾਂ ਨੂੰ ਰੰਗਰੇਟਾ ਗੁਰੂ ਕਾ ਬੇਟਾ ਕਹਿ ਕੇ ਸੰਬੋਧਨ ਕੀਤਾ ਸੀ। ਗੁਰਦੁਆਰਾ ਕਮੇਟੀ ਦੇ ਮੈਂਬਰਾਂ ਨੇ ਮੁੱਖ ਮੰਤਰੀ ਤੋਂ ਮੁਲਾਕਾਤ ਦਾ ਸਮਾਂ ਵੀ ਮੰਗਿਆ ਹੈ। ਇਸ ਸਬੰਧੀ ਉਨ੍ਹਾਂ ਨੂੰ ਸਰਕਾਰੀ ਈਮੇਲ ’ਤੇ ਸੁਨੇਹਾ ਭੇਜ ਕੇ ਮੁਲਾਕਾਤ ਦਾ ਸਮਾਂ ਦੇਣ ਦੀ ਅਪੀਲ ਕੀਤੀ ਗਈ ਹੈ। ਮੀਟਿੰਗ ਵਿੱਚ ਮੀਤ ਪ੍ਰਧਾਨ ਇੰਜ: ਸੁਖਦੇਵ ਸਿੰਘ, ਜਨਰਲ ਸਕੱਤਰ ਰਣਜੀਤ ਸਿੰਘ, ਸਾਬਕਾ ਪ੍ਰਧਾਨ ਐਡਵੋਕੇਟ ਈਸ਼ਰ ਸਿੰਘ, ਐਡਵੋਕੇਟ ਸਰਵਣ ਸਿੰਘ ਸਾਬਰ, ਐਡਵੋਕੇਟ ਬੇਅੰਤ ਸਿੰਘ ਸਾਬਕਾ ਜ਼ਿਲ੍ਹਾ ਮੰਡੀ ਅਫ਼ਸਰ, ਐਡਵੋਕੇਟ ਜਸਪਾਲ ਸਿੰਘ, ਸੁਰਿੰਦਰ ਸਿੰਘ ਮੁੱਖ ਪ੍ਰਬੰਧਕ, ਨਿਰਮਲ ਸਿੰਘ ਸਾਬਕਾ ਈਟੀਓ, ਨਾਨਕ ਸਿੰਘ ਸਾਬਕਾ ਇੰਸਪੈਕਟਰ ਪੁਲੀਸ, ਸ਼ਾਦੀ ਲਾਲ ਭੱਟੀ ਸਾਬਕਾ ਸਬ ਇੰਸਪੈਕਟਰ ਹਰਿਆਣਾ ਪੁਲੀਸ, ਇੰਜ: ਮਹਿੰਦਰ ਸਿੰਘ, ਇੰਜ: ਦਲੀਪ ਸਿੰਘ ਅਤੇ ਇੰਜ. ਅਮਰੀਕ ਸਿੰਘ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ