ਮੁੱਖ ਮੰਤਰੀ ਵੱਲੋਂ ਵਿਰੋਧੀ ਧਿਰ ਨੂੰ ਅਪੀਲ: ਬਿਨਾਂ ਵਜ੍ਹਾ ਆਲੋਚਨਾ ਤੋਂ ਗੁਰੇਜ਼ ਕਰੇ ਵਿਰੋਧੀ ਧਿਰ

ਵਿਧਾਨਿਕ ਕੰਮਕਾਜ ਤੇ ਸਦਾਚਾਰ ਬਾਰੇ ਵਿਧਾਇਕਾਂ ਲਈ ਦੋ ਦਿਨਾਂ ਵਿਸ਼ੇਸ਼ ਸਿਖਲਾਈ ਪ੍ਰੋਗਰਾਮ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 20 ਨਵੰਬਰ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਖਿਆ ਕਿ ਉਨ੍ਹਾਂ ਦੀ ਸਰਕਾਰ ਭਾਵੇਂ ਸਿਹਤਮੰਦ ਆਲੋਚਨਾ ਦਾ ਖਿੜੇ ਮੱਥੇ ਸੁਆਗਤ ਕਰਦੀ ਹੈ ਪਰ ਇਸ ਦੇ ਨਾਲ ਵਿਰੋਧੀ ਧਿਰ ਨੂੰ ਵੀ ਸਿਰਫ ਆਲੋਚਨਾ ਕਰਨ ਦੀ ਖਾਤਰ ਹੀ ਸਰਕਾਰ ਦੀ ਆਲੋਚਨਾ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 15ਵੀਂ ਵਿਧਾਨ ਸਭਾ ਦੇ ਸਮੂਹ ਵਿਧਾਇਕਾਂ ਨੂੰ ਪਵਿੱਤਰ ਸਦਨ ਦੇ ਵਿਧਾਨਕ ਕੰਮਕਾਜ ਦੇ ਬੁਨਿਆਦੀ ਸਦਾਚਾਰ ਤੇ ਸ਼ਿਸ਼ਟਾਚਾਰ ਨੂੰ ਅਪਨਾਉਣਾ ਚਾਹੀਦਾ ਹੈ। ਅੱਜ ਇੱਥੇ ਪੰਜਾਬ ਵਿਧਾਨ ਸਭਾ ਵੱਲੋਂ ਮਹਾਤਮਾ ਗਾਂਧੀ ਲੋਕ ਪ੍ਰਸ਼ਾਸਨ ਸੰਸਥਾ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਦੋ ਰੋਜ਼ਾ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਦੇ ਪਹਿਲੇ ਦਿਨ ਵਿਧਾਇਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਵਡੇਰੇ ਜਨਤਕ ਹਿੱਤ ਵਿੱਚ ਉਸਾਰੂ ਅਤੇ ਸਾਕਾਰਤਮਕ ਭੂਮਿਕਾ ਅਦਾ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਦੀ ਉਸਾਰੂ ਅਲੋਚਨਾ ਲੋਕ ਪੱਖੀ ਉਪਰਾਲਿਆਂ ਨੂੰ ਪ੍ਰਭਾਵੀ ਢੰਗ ਨਾਲ ਅਮਲ ਵਿੱਚ ਲਿਆਉਣ ਲਈ ਸਾਰਥਕ ਨਤੀਜੇ ਕੱਢਣ ਵਿੱਚ ਸਹਾਈ ਸਿੱਧ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਮੈਂਬਰਾਂ ਨੂੰ ਸਦਨ ਵਿੱਚ ਵੱਖ-ਵੱਖ ਮਸਲਿਆਂ ’ਤੇ ਵਿਚਾਰ-ਵਟਾਂਦਰਾ ਕਰਨ ਮੌਕੇ ਤੈਅ ਵਿਧਾਨਕ ਪ੍ਰਕ੍ਰਿਆਵਾਂ, ਸ਼ਿਸ਼ਟਾਚਾਰ, ਰਵਾਇਤਾਂ, ਕਦਰਾਂ-ਕੀਮਤਾਂ ਅਤੇ ਮਰਿਆਦਾ ਦਾ ਪੱਲਾ ਨਹੀਂ ਛੱਡਾ ਚਾਹੀਦਾ। ਉਨ੍ਹਾਂ ਨੇ ਵਿਧਾਇਕਾਂ ਨੂੰ ਪਵਿੱਤਰ ਸਦਨ ਨੂੰ ਉਸ ਦਾ ਬਣਦਾ ਮਾਣ-ਸਤਿਕਾਰ ਦੇਣ ਦਾ ਵੀ ਸੱਦਾ ਦਿੱਤਾ ਹੈ। ਸੂਬੇ ਦੀ ਭਲਾਈ ਲਈ ਸਾਰੇ ਭਾਈਵਾਲਾਂ ਦੇ ਸਹਿਯੋਗ ਨਾਲ ਅੱਗੇ ਵਧਣ ’ਤੇ ਜ਼ੋਰ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਉਮੀਦ ਜ਼ਾਹਰ ਕੀਤੀ ਕਿ ਸੱਤਾਧਾਰੀ ਧਿਰ ਦੇ ਮੈਂਬਰਾਂ ਦੇ ਨਾਲ-ਨਾਲ ਵਿਰੋਧੀ ਧਿਰ ਵੀ ਇਸ ਮੌਕੇ ਦਾ ਪੂਰਾ ਫਾਇਦਾ ਉਠਾਏਗੀ। ਮੁੱਖ ਮੰਤਰੀ ਨੇ ਕਿਹਾ ਕਿ ਇਸ ਦੋ ਰੋਜ਼ਾ ਪ੍ਰੋਗਰਾਮ ਦੌਰਾਨ ਵੱਖ-ਵੱਖ ਵਿਸ਼ਾ ਮਾਹਿਰਾਂ ਦੀ ਵਡਮੁੱਲੇ ਵਿਚਾਰਾਂ ਨਾਲ ਸਦਨ ਵਿੱਚ ਚਲਦੀ ਕਾਰਵਾਈ ਦੇ ਨਿਯਮ ਤੇ ਆਚਾਰ-ਵਿਹਾਰ ਬਾਰੇ ਵਿਸ਼ੇਸ਼ ਤੌਰ ’ਤੇ ਪਹਿਲੀ ਦਫ਼ਾ ਵਿਧਾਇਕ ਚੁਣੇ ਜਾਣ ਵਾਲਿਆਂ ਨੂੰ ਜਾਣਕਾਰੀ ਹਾਸਲ ਹੋਵੇਗੀ।
ਉਨ੍ਹਾਂ ਕਿਹਾ ਕਿ ਵਿਧਾਇਕਾਂ ਨੂੰ ਢੁਕਵੀਂ ਵਿਧਾਨਕ ਪ੍ਰਕ੍ਰਿਆ ਅਤੇ ਸਦਨ ਵਿੱਚ ਆਪੋ-ਆਪਣੇ ਹਲਕਿਆਂ ਵਿੱਚ ਸਬੰਧਤ ਮੁੱਦਿਆਂ ਨੂੰ ਸਹੀ ਢੰਗ ਨਾਲ ਉਠਾਉਣ ਬਾਰੇ ਜਾਣਕਾਰੀ ਮੁਹੱਈਆ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰੋਗਰਾਮ ਸਦਨ ਦੇ ਮੈਂਬਰਾਂ ਨੂੰ ਅਨੁਸ਼ਾਨਬੱਧ ਹੋਣ ਅਤੇ ਲੋਕਾਂ ਦੇ ਹਿੱਤ ਵਿੱਚ ਸਮੇਂ ਦੀ ਢੁਕਵੀਂ ਵਰਤੋਂ ਕਿਸ ਤਰ੍ਹਾਂ ਕੀਤੇ ਜਾਣ ਬਾਰੇ ਜਾਣੂੰ ਹੋਣ ਲਈ ਲਾਭਦਾਇਕ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਕਦਮ ਵਿਧਾਇਕਾਂ ਨੂੰ ਪ੍ਰਸ਼ਨ ਕਾਲ, ਸਿਫਰ ਕਾਲ ਦੌਰਾਨ ਆਪਣੇ ਅਧਿਕਾਰਾਂ ਬਾਰੇ ਜਾਣੰੂ ਕਰਵਾਉਣ ਦੇ ਨਾਲ-ਨਾਲ ਆਮ ਵਿਧਾਨਕ ਕੰਮਕਾਜ ਬਾਰੇ ਵੀ ਜਾਗਰੂਕ ਕਰੇਗਾ। ਮੁੱਖ ਮੰਤਰੀ ਨੇ ਵਿਧਾਇਕਾਂ ਨੂੰ ਆਪੋ-ਆਪਣੇ ਹਲਕਿਆਂ ਅਤੇ ਪੰਜਾਬ ਦੇ ਸੰਦਰਭ ਵਿੱਚ ਜਨਤਕ ਮਸਲੇ ਉਠਾਉਣ ਮੌਕੇ ਕਦਰਾਂ-ਕੀਮਤਾਂ ’ਤੇ ਅਧਾਰਿਤ ਨੈਤਿਕ ਪਹੁੰਚ ਅਪਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਮੈਂਬਰਾਂ ਨੂੰ ਜਨਤਕ ਹਿੱਤ ਵਿੱਚ ਅਹਿਮ ਮੁੱਦਿਆਂ ਨੂੰ ਉਠਾਉਣ ਮੌਕੇ ਵਿਧਾਨਕ ਕਾਰਵਾਈ ਸਬੰਧੀ ਪਕੜ ਬਣਾਉਣ, ਵਿਧਾਨਕ ਪ੍ਰਕ੍ਰਿਆ ਦੇ ਮੁਢਲੇ ਸਦਾਚਾਰ ਤੇ ਸ਼ਿਸ਼ਟਾਚਾਰ, ਸਦਨ ਦੀਆਂ ਰਵਾਇਤਾਂ ਤੇ ਮਰਿਆਦਾਵਾਂ ਅਪਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ।
ਮੁੱਖ ਮੰਤਰੀ ਨੇ ਵਿਧਾਇਕਾਂ ਨੂੰ ਇਸ ਸਿਖਲਾਈ ਪ੍ਰੋਗਰਾਮ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਦਾ ਸੱਦਾ ਦਿੰਦਿਆਂ ਆਖਿਆ ਕਿ ਵਿਧਾਨ ਸਭਾ ਦੇ ਕੰਮਕਾਜ ਨਾਲ ਜੁੜੇ ਹਰ ਮਸਲੇ ਬਾਰੇ ਪੁਖਤਾ ਜਾਣਕਾਰੀ ਲੈਣ ਲਈ ਆਪਣੀ ਤਸੱਲੀ ਹੋਣ ਤੱਕ ਮਾਹਿਰਾਂ ਤੋਂ ਵੱਧ ਤੋਂ ਵੱਧ ਸਵਾਲ ਪੁੱਛੇ ਜਾਣ। ਮੁੱਖ ਮੰਤਰੀ ਨੇ ਸਪੀਕਰ ਨੂੰ ਅਪੀਲ ਕੀਤੀ ਕਿ ਉਹ ਸਦਨ ਦੇ ਨਿਗਰਾਨ ਹੋਣ ਦੇ ਨਾਤੇ ਵਿਧਾਇਕਾਂ ਦੇ ਸਲਾਹ ਮਸ਼ਵਰੇ ਨਾਲ ਸੈਸ਼ਨ ਦਾ ਏਜੰਡਾ ਉਲੀਕਣ ਤਾਂ ਕਿ ਵਡੇਰੇ ਜਨਤਕ ਹਿੱਤ ਵਿੱਚ ਵਿਧਾਨਕ ਕੰਮਕਾਜ ਨੂੰ ਹੋਰ ਅਰਥਪੂਰਨ ਬਣਾਇਆ ਜਾ ਸਕੇ। ਸੰਸਦ ਮੈਂਬਰ ਵਜੋਂ ਆਪਣੇ ਤਜਰਬੇ ਨੂੰ ਚੇਤੇ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਕਸਰ ਸੰਸਦ ਮੈਂਬਰਾਂ ਲਈ ਨਿਰੰਤਰ ਸਿਖਲਾਈ ਪ੍ਰੋਗਰਾਮ ਕਰਵਾਉਂਦੇ ਸਨ ਅਤੇ ਉਨ੍ਹਾਂ ਨੂੰ ਯਾਦ ਹੈ ਕਿ ਸੂਰਜਕੁੰਡ ਵਿੱਚ ਹੋਏ ਅਜਿਹੇ ਇਕ ਸੈਸ਼ਨ ਵਿੱਚ ਉਨ੍ਹਾਂ (ਕੈਪਟਨ ਅਮਰਿੰਦਰ ਸਿੰਘ) ਨੇ ਵੀ ਹਿੱਸਾ ਲਿਆ ਸੀ। ਉਨ੍ਹਾਂ ਕਿਹਾ ਕਿ ਇਸ ਤਜਰਬੇ ਤੋਂ ਉਨ੍ਹਾਂ ਨੂੰ ਬਹੁਤ ਫਾਇਦਾ ਹੋਇਆ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਤੇ ਸਦਨ ਦੇ ਨੇਤਾ ਅਤੇ ਸਮੂਹ ਵਿਧਾਇਕਾਂ ਦਾ ਰਸਮੀ ਸਵਾਗਤ ਕਰਦਿਆਂ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਉਪਰਾਲਾ ਵਿੱਢਣ ਦੀ ਤਜਵੀਜ਼ ਪੇਸ਼ ਕੀਤੀ ਗਈ ਸੀ ਜਿਸ ਦਾ ਉਦੇਸ਼ ਨਵੇਂ ਮੈਂਬਰਾਂ ਨੂੰ ਵਿਧਾਨ ਸਭਾ ਦੀਆਂ ਰਵਾਇਤਾਂ ਅਤੇ ਕੰਮਕਾਜ ਬਾਰੇ ਜਾਣੂੰ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਸਦਨ ਦੇ ਮੈਂਬਰਾਂ ਨੂੰ ਲੋਕਾਂ ਦੇ ਹਿੱਤ ਵਿੱਚ ਆਪਣੀ ਭੂਮਿਕਾ ਤੇ ਜ਼ਿੰਮੇਵਾਰੀਆਂ ਨਿਭਾਉਣ ਲਈ ਬਹੁਤ ਸਹਾਈ ਹੋਵੇਗਾ ਕਿਉਂ ਜੋ ਲੋਕ ਹੀ ਸੰਸਦੀ ਜਮਹੂਰੀਅਤ ਦੇ ਅਸਲ ਰਾਖਵਾਲੇ ਹਨ। ਰਾਣਾ ਕੇ.ਪੀ. ਸਿੰਘ ਨੇ ਕਿਹਾ ਸੰਸਦੀ ਕੰਮਕਾਜ ਦੇ ਤੌਰ-ਤਰੀਕਿਆਂ ਵਿੱਚ ਹੋਈਆਂ ਤਬਦੀਲੀਆਂ ਦੇ ਮੱਦੇਨਜ਼ਰ ਅਜਿਹੇ ਪ੍ਰੋਗਰਾਮ ਸਦਨ ਨੂੰ ਵਿਚਾਰ-ਵਟਾਂਦਰੇ ਲਈ ਨਾ ਸਿਰਫ ਅਹਿਮ ਮੰਚ ਮੁਹੱਈਆ ਕਰਵਾਉਣਗੇ ਸਗੋਂ ਤਬਦੀਲੀ ਦੇ ਏਜੰਟ ਵੀ ਸਿੱਧ ਹੋਣਗੇ। ਉਨ੍ਹਾਂ ਨੇ ਸੱਤਾਧਾਰੀ ਅਤੇ ਵਿਰੋਧੀ ਧਿਰ ਦੇ ਮੈਂਬਰਾਂ ਦੇ ਆਪਸੀ ਤਾਲਮੇਲ ਨਾਲ ਕੰਮਕਾਜ ਦੀ ਮਹੱਤਤਾ ਨੂੰ ਦਰਸਾਉਂਦਿਆਂ ਆਖਿਆ ਕਿ ਇਸ ਨਾਲ ਸਪੀਕਰ ਨੂੰ ਵੀ ਆਪਣੀ ਡਿਊਟੀ ਹੋਰ ਅਸਰਦਾਇਕ ਢੰਗ ਨਾਲ ਨਿਭਾਉਣ ਅਤੇ ਸਦਨ ਨੂੰ ਸੁਚਾਰੂ ਢੰਗ ਨਾਲ ਚਲਾਉਣ ਨੂੰ ਯਕੀਨੀ ਬਣਾਉਣ ਵਿੱਚ ਮਦਦ ਮਿਲੇਗੀ।
ਸਦਨ ਦੇ ਮੈਂਬਰਾਂ ਨੂੰ ਇਸ ਪ੍ਰੋਗਰਾਮ ਦਾ ਭਰਪੂਰ ਲਾਹਾ ਖੱਟਣ ਦਾ ਸੱਦਾ ਦਿੰਦਿਆਂ ਸਪੀਕਰ ਨੇ ਆਖਿਆ ਕਿ ਇਹ ਉਪਰਾਲਾ ਅਗਲੇਰੇ ਸਮੇਂ ’ਚ ਸਦਨ ਵਿੱਚ ਸਿਹਤਮੰਦ ਵਿਚਾਰ-ਵਟਾਂਦਰੇ ਅਤੇ ਬਹਿਸ ਲਈ ਸੁਖਾਵਾਂ ਮਾਹੌਲ ਸਿਰਜਣ ਲਈ ਕਾਰਗਰ ਭੂਮਿਕਾ ਅਦਾ ਕਰੇਗਾ। ਇਸ ਉਪਰਾਲੇ ਦਾ ਸੁਆਗਤ ਕਰਦਿਆਂ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਆਖਿਆ ਕਿ ਇਸ ਨਾਲ ਵਿਧਾਨ ਸਭਾ ਜਿਸ ਨੂੰ ਜਮਹੂਰੀਅਤ ਦਾ ਮਜ਼ਬੂਤ ਥੰਮ ਮੰਨਿਆ ਜਾਂਦਾ ਹੈ, ਦੀਆਂ ਸ਼ਾਨਦਾਰ ਕਦਰਾਂ-ਕੀਮਤਾਂ ਹੋਰ ਮਜ਼ਬੂਤ ਹੋਣਗੀਆਂ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਵਿਸ਼ੇਸ਼ ਤੌਰ ’ਤੇ ਪਹਿਲੀ ਵਾਰ ਵਿਧਾਇਕ ਚੁਣੇ ਜਾਣ ਵਾਲਿਆਂ ਲਈ ਵੱਧ ਸਹਾਈ ਹੋਵੇਗਾ। ਸ੍ਰੀ ਖਹਿਰਾ ਨੇ ਸਦਨ ਦੀਆਂ ਬੈਠਕਾਂ ਢੁਕਵੀਂ ਗਿਣਤੀ ਵਿੱਚ ਕੀਤੇ ਜਾਣ ਦੀ ਲੋੜ ’ਤੇ ਜ਼ੋਰ ਦਿੱਤਾ ਤਾਂ ਕਿ ਮੈਂਬਰਾਂ ਨੂੰ ਆਪੋ-ਆਪਣੇ ਹਲਕਿਆਂ ਦੇ ਮਸਲੇ ਉਠਾਉਣ ਦਾ ਮੌਕਾ ਮਿਲ ਸਕੇ।
ਸਿਖਲਾਈ ਪ੍ਰੋਗਰਾਮ ਦੇ ਸ਼ੁਰੂਆਤੀ ਸਮਾਗਮ ਵਿੱਚ ਪਹੁੰਚੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਆਖਿਆ ਕਿ ਅਜਿਹੇ ਪ੍ਰੋਗਰਾਮ ਸੰਸਦੀ ਜਮਹੂਰੀਅਤ ਦੀ ਭਾਵਨਾ ਨੂੰ ਹੋਰ ਮਜ਼ਬੂਤ ਬਣਾਉਣ ਲਈ ਕਾਰਗਰ ਸਿੱਧ ਹੁੰਦੇ ਹਨ। ਵਿਧਾਨ ਸਭਾ ਦੇ ਪਿਛਲੇ ਇਜਲਾਸ ਨੂੰ ਚੇਤੇ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਇਜਲਾਸ ਦੌਰਾਨ ਪਹਿਲੀ ਵਾਰ ਚੁਣੇ ਵਿਧਾਇਕਾਂ ਨੇ ਗਲਤ ਢੰਗ ਨਾਲ ਸਦਨ ਨੂੰ ਪਾਰ ਕਰ ਲਿਆ ਸੀ ਜਿਸ ਕਰਕੇ ਉਨ੍ਹਾਂ ਨੂੰ ਸਦਨ ਦੇ ਸਦਾਚਾਰ ਤੇ ਸ਼ਿਸ਼ਟਾਚਾਰ ਦੀ ਲੋੜੀਂਦੀ ਸਿਖਲਾਈ ਦੇਣੀ ਜ਼ਰੂਰੀ ਸੀ। ਸ੍ਰੀ ਮਹਿੰਦਰਾ ਨੇ ਮੈਂਬਰਾਂ ਨੂੰ ਵਿਧਾਨ ਸਭਾ ਦਾ ਕਿਤਾਬਚਾ ਗਹੁ ਨਾਲ ਪੜ੍ਹਣ ਦੀ ਅਪੀਲ ਕਰਦਿਆਂ ਵੱਖ-ਵੱਖ ਵਿਧਾਨ ਸਭਾ ਕਮੇਟੀਆਂ ਨਾਲ ਸਬੰਧਤ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਵਿਧਾਇਕਾਂ ਨੂੰ ਬਣਦਾ ਮਾਣ-ਸਤਿਕਾਰ ਦੇਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਕਿਉਂ ਜੋ ਪ੍ਰੋਟੋਕੋਲ ਮੁਤਾਬਕ ਵਿਧਾਇਕ ਦਾ ਰੁਤਬਾ ਮੁੱਖ ਸਕੱਤਰ ਤੋਂ ਉੱਚਾ ਹੁੰਦਾ ਹੈ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…