
26 ਨੌਜਵਾਨਾਂ ਦੀ ਜ਼ਮਾਨਤ ਲਈ ਅਦਾਲਤ ’ਚ ਅਰਜ਼ੀਆਂ ਦਾਇਰ, 7 ਨੂੰ ਮਿਲੀ ਜ਼ਮਾਨਤ
ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਰਹੀ ਹੈ ਪੰਜਾਬ ਪੁਲੀਸ: ਕੌਮੀ ਇਨਸਾਫ਼ ਮੋਰਚਾ
ਪੱਕੇ ਮੋਰਚੇ ਦੇ ਆਗੂਆਂ ਨੇ ਪੰਜਾਬ ਪੁਲੀਸ ’ਤੇ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਮਾਰਚ:
ਕੌਮੀ ਇਨਸਾਫ਼ ਮੋਰਚੇ ਵੱਲੋਂ ਪੱਕੇ ਮੋਰਚੇ ਦੇ ਵਕੀਲਾਂ ਦੇ ਪੈਨਲ ਰਾਹੀਂ ਧਰਨਾਕਾਰੀ ਸਿੱਖ ਨੌਜਵਾਨਾਂ ਦੀ ਜ਼ਮਾਨਤ ਲਈ ਮੁਹਾਲੀ ਅਦਾਲਤ ਵਿੱਚ ਵੱਖੋ-ਵੱਖ ਅਰਜ਼ੀਆਂ ਦਾਇਰ ਕੀਤੀਆਂ ਹਨ। ਆਗੂਆਂ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ’ਤੇ ਚਿੰਤਾ ਪ੍ਰਗਟ ਕਰਦਿਆਂ ਪੰਜਾਬ ਪੁਲੀਸ ਅਤੇ ਸਰਕਾਰ ’ਤੇ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਅਤੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰਨ ਦਾ ਦੋਸ਼ ਲਾਇਆ ਹੈ। ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਗੋਲੀਕਾਂਡ ਸਮੇਤ ਹੋਰ ਸਿੱਖ ਮਸਲਿਆਂ ਨੂੰ ਲੈ ਕੇ ਮੁਹਾਲੀ ਵਿੱਚ ਪੱਕਾ ਮੋਰਚਾ ਲਗਾ ਕੇ ਬੈਠੇ ਕੌਮੀ ਇਨਸਾਫ਼ ਮੋਰਚਾ ਦੇ ਆਗੂਆਂ ਬਾਪੂ ਗੁਰਚਰਨ ਸਿੰਘ, ਭਾਈ ਜਸਵਿੰਦਰ ਸਿੰਘ ਰਾਜਪੁਰਾ, ਐਡਵੋਕੇਟ ਦਿਲਸ਼ੇਰ ਸਿੰਘ ਅਤੇ ਐਡਵੋਕੇਟ ਗੁਰਸ਼ਰਨ ਸਿੰਘ ਨੇ ਅੱਜ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਹੁਕਮਰਾਨਾਂ ਨੂੰ ਕਰੜੇ ਹੱਥੀਂ ਲਿਆ।
ਅੰਮ੍ਰਿਤਪਾਲ ਸਿੰਘ ਮਾਮਲੇ ਵਿੱਚ ਸਿੱਖ ਨੌਜਵਾਨਾਂ ਦੀ ਫੜੋ-ਫੜੀ ਕਾਰਵਾਈ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਪਿਛਲੇ ਦਿਨੀਂ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਬਾਹਰੋਂ ਜ਼ਬਰਦਸਤੀ ਧਰਨਾ ਚੁੱਕਣ ਸਮੇਂ 33 ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ, ਜੋ ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਦੇ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਭੇਜੇ ਵਿਅਕਤੀਆਂ ’ਚੋਂ ਸੱਤ ਨੌਜਵਾਨਾਂ ਨੂੰ ਅੱਜ ਜ਼ਮਾਨਤ ’ਤੇ ਰਿਹਾਅ ਕਰਵਾ ਲਿਆ ਹੈ। ਇਨ੍ਹਾਂ ’ਚੋਂ 5 ਜਣਿਆਂ ਨੂੰ ਮੀਡੀਆ ਦੇ ਸਾਹਮਣੇ ਪੇਸ਼ ਕੀਤਾ ਗਿਆ। ਬਾਕੀ 26 ਨੌਜਵਾਨਾਂ ਨੂੰ ਰਿਹਾਅ ਕਰਵਾਉਣ ਲਈ ਮੁਹਾਲੀ ਅਦਾਲਤ ਵਿੱਚ ਵੱਖੋ ਵੱਖ ਜ਼ਮਾਨਤ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਹਨ।
ਸਿੱਖ ਆਗੂਆਂ ਨੇ ਐਲਾਨ ਕੀਤਾ ਕਿ 2 ਅਪਰੈਲ ਨੂੰ ਪੱਕੇ ਮੋਰਚੇ ਵਾਲੀ ਥਾਂ ’ਤੇ ਮਰਹੂਮ ਦੀਪ ਸਿੱਧੂ ਦਾ ਜਨਮ ਦਿਨ ਮਨਾਇਆ ਜਾਵੇਗਾ ਅਤੇ ਭਲਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਵਿੱਢਣ ਵਾਲੇ ਭਾਈ ਗੁਰਬਖ਼ਸ਼ ਸਿੰਘ ਦੀ ਬਰਸੀ ਮਨਾਈ ਜਾਵੇਗੀ। ਉਨ੍ਹਾਂ ਦੱਸਿਆ ਕਿ 26 ਮਾਰਚ ਨੂੰ ਬਾਪੂ ਸਰੂਪ ਸਿੰਘ ਵੀ ਪੱਕੇ ਮੋਰਚੇ ਵਿੱਚ ਸ਼ਮੂਲੀਅਤ ਕਰਨਗੇ।
ਇਸ ਮੌਕੇ ਭਾਈ ਪਲਵਿੰਦਰ ਸਿੰਘ ਤਲਵਾੜਾ, ਰਾਜਾ ਰਾਜ ਸਿੰਘ, ਭਾਈ ਰੁਪਿੰਦਰ ਸਿੰਘ, ਭਾਈ ਹਰਨੇਕ ਸਿੰਘ ਫੌਜੀ ਅਤੇ ਭਾਈ ਬਲਜੀਤ ਸਿੰਘ ਭਾਉ ਨੇ ਸਮੁੱਚੇ ਖਾਲਸਾ ਪੰਥ ਨੂੰ ਅਪੀਲ ਕੀਤੀ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਦੀਪ ਸਿੱਧੂ ਦਾ ਜਨਮ ਦਿਨ ਮਨਾਇਆ ਜਾਵੇਗਾ। ਇਸ ਦਿਨ ਸਮੁੱਚੀ ਕੌਮ ਨੂੰ ਪੱਕੇ ਮੋਰਚੇ ਵਿੱਚ ਵਹੀਰਾਂ ਘੱਤ ਕੇ ਪਹੁੰਚਣਾ ਚਾਹੀਦਾ ਹੈ। ਇਸ ਮੌਕੇ ਭਾਈ ਇੰਦਰਵੀਰ ਸਿੰਘ, ਸਾਹਿਬ ਸਿੰਘ, ਭਾਈ ਦਵਿੰਦਰ ਸਿੰਘ, ਭਾਈ ਬਲਬੀਰ ਸਿੰਘ ਹਿਸਾਰ, ਭਾਈ ਸੁਖਪ੍ਰੀਤ ਸਿੰਘ, ਭਾਈ ਗੁਰਮੀਤ ਸਿੰਘ ਸੇਖੋਂ ਸਿਰਸਾ ਵੀ ਹਾਜ਼ਰ ਸਨ।