
ਯੂਥ ਕਲੱਬਾਂ ਤੋਂ ਆਊਟਸਟੈਡਿੰਗ ਯੂਥ ਕਲੱਬ ਪੁਰਸਕਾਰ ਲਈ ਅਰਜ਼ੀਆਂ ਮੰਗੀਆਂ
ਆਊਟਸਟੈਡਿੰਗ ਯੂਥ ਕਲੱਬ ਪੁਰਸਕਾਰ ਲਈ 10 ਦਸੰਬਰ ਤੱਕ ਕੀਤਾ ਜਾ ਸਕਦਾ ਹੈ ਅਪਲਾਈ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਨਵੰਬਰ:
ਯੁਵਾ ਮਾਮਲੇ ਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਹਿਰੂ ਯੁਵਾ ਕੇਂਦਰ ਮੁਹਾਲੀ ਵੱਲੋਂ ਸਾਲ 2022-23 ਲਈ ਸਮਾਜ ਸੇਵਾ ਅਤੇ ਰਾਸ਼ਟਰ ਨਿਰਮਾਣ ਵਿੱਚ ਵਧੀਆ ਕੰਮ ਕਰਨ ਵਾਲੇ ਯੂਥ ਕਲੱਬਾਂ ਤੋਂ ਆਊਟਸਟੈਡਿੰਗ ਯੂਥ ਕਲੱਬ ਪੁਰਸਕਾਰ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਡਿਪਟੀ ਡਾਇਰੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਨਹਿਰੂ ਯੁਵਾ ਕੇਂਦਰ ਵੱਲੋਂ ਹਰ ਸਾਲ ਸਮਾਜ ਸੇਵਾ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਣ ਵਾਲੇ ਯੂਥ ਕਲੱਬ ਨੂੰ ਇਨਾਮ ਦਿੱਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਯੂਥ ਕਲੱਬ ਰਾਸ਼ਟਰ ਨਿਰਮਾਣ ਅਤੇ ਹੋਰ ਸਮਾਜਿਕ ਭਲਾਈ ਅਤੇ ਵਿਕਾਸ ਗਤੀਵਿਧੀਆਂ ਜਿਵੇਂ ਕਿ ਡਿਜੀਟਲ\ਵਿੱਤੀ ਸਾਖਰਤਾ, ਹੁਨਰ ਵਿਕਾਸ ਸਿਖਲਾਈ, ਸਿਹਤ ਜਾਗਰੂਕਤਾ, ਵਾਤਾਵਰਨ ਦੀ ਸੰਭਾਲ, ਰਾਸ਼ਟਰੀ ਏਕਤਾ, ਸਮਾਜਿਕ ਸਦਭਾਵਨਾ, ਖੇਡਾਂ ਦੀ ਸਿਰਜਣਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਵੱਧ ਤੋਂ ਵੱਧ ਯੂਥ ਕਲੱਬਾਂ ਨੂੰ ਸਮਾਜ ਭਲਾਈ ਤੇ ਰਾਸ਼ਟਰ ਨਿਰਮਾਣ ਦੀਆਂ ਗਤੀਵਿਧੀਆਂ ਲਈ ਅੱਗੇ ਆਉਣ ਲਈ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਇਨਾਮ ਲਈ ਯੂਥ ਕਲੱਬ ਵੱਲੋਂ ਇਕ ਪ੍ਰੋਫਾਰਮਾ ਜ਼ਿਲ੍ਹਾ ਦਫ਼ਤਰ ਤੋਂ ਲੈ ਕੇ ਭਰਕੇ ਉਸਦੇ ਨਾਲ ਕਲੱਬ ਵੱਲੋਂ ਪਹਿਲੀ ਅਪਰੈਲ 2021 ਤੋ 31 ਮਾਰਚ 2022 ਤੱਕ ਕੀਤੀਆਂ ਗਤੀਵਿਧੀਆਂ ਦਾ ਵੇਰਵਾ ਫੋਟੋਆਂ ਸਮੇਤ ਫਾਈਲ ਜਮ੍ਹਾ ਕਰਵਾਉਣੀ ਪਵੇਗੀ। ਫਾਈਲ ਜਮ੍ਹਾ ਕਰਵਾਉਣ ਦੀ ਆਖ਼ਰੀ ਮਿਤੀ 10 ਦਸੰਬਰ 2022 ਹੋਵੇਗੀ। ਉਨ੍ਹਾਂ ਕਿਹਾ ਕਿ ਪੁਰਸਕਾਰ ਲਈ ਅਪਲਾਈ ਕਰਨ ਲਈ ਕਲੱਬ ਨਹਿਰੂ ਯੁਵਾ ਕੇਂਦਰ ਨਾਲ ਸਬੰਧਤ ਅਤੇ ਸੁਸਾਇਟੀ ਰਜਿਸਟ੍ਰੇਸ਼ਨ ਐਕਟ 1860 ਨਾਲ ਰਜਿਸਟਰਡ ਹੋਣਾ ਜ਼ਰੂਰੀ ਹੈ। ਕਲੱਬ ਦੀ ਆਡਿਟ ਰਿਪੋਰਟ ਹੋਣੀ ਲਾਜਮੀ ਹੈ। ਪਿਛਲੇ 2 ਸਾਲ ਦੌਰਾਨ ਇਨਾਮ ਜਿੱਤਣ ਵਾਲੇ ਕਲੱਬ ਇਸ ਵਿੱਚ ਭਾਗ ਨਹੀਂ ਲੈ ਸਕਦੇ। ਇਸ ਸਕੀਮ ਤਹਿਤ ਤਿੰਨ ਪੱਧਰ ਤੇ ਪੁਰਸਕਾਰ ਦਿੱਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰ ’ਤੇ ਪਹਿਲਾ ਇਨਾਮ ਜਿੱਤਣ ਵਾਲੇ ਯੂਥ ਕਲੱਬ ਨੂੰ 25000 ਰੁਪਏ ਨਕਦ ਇਨਾਮ ਦਿੱਤਾ ਜਾਂਦਾ ਹੈ।
ਜ਼ਿਲ੍ਹਾ ਪੱਧਰ ’ਤੇ ਪਹਿਲਾ ਇਨਾਮ ਜਿੱਤਣ ਵਾਲੇ ਯੂਥ ਦੀ ਫਾਈਲ ਕਲੱਬ ਰਾਜ ਪੱਧਰ ਲਈ ਭੇਜੀ ਜਾਵੇਗੀ। ਰਾਜ ਪੱਧਰ ਤੇ ਪਹਿਲਾ, ਦੂਜਾ ਤੇ ਤੀਜਾ ਪੁਰਸਕਾਰ ਜਿੱਤਣ ਵਾਲੇ ਯੂਥ ਕਲੱਬ ਨੂੰ ਕ੍ਰਮਵਾਰ 75000, 50000, 25000 ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਰਾਜ ਪੱਧਰ ’ਤੇ ਪਹਿਲਾ ਇਨਾਮ ਜਿੱਤਣ ਵਾਲੇ ਯੂਥ ਕਲੱਬ ਦੀ ਫਾਇਲ ਰਾਸ਼ਟਰੀ ਪੱਧਰ ਲਈ ਭੇਜੀ ਜਾਵੇਗੀ। ਰਾਸ਼ਟਰੀ ਪੱਧਰ ’ਤੇ ਪਹਿਲਾ, ਦੂਜਾ ਤੇ ਤੀਜਾ ਪੁਰਸਕਾਰ ਜਿੱਤਣ ਵਾਲੇ ਯੂਥ ਕਲੱਬ ਨੂੰ ਕ੍ਰਮਵਾਰ ਤਿੰਨ ਲੱਖ, 1.50 ਲੱਖ ਦਾ ਨਗਦ ਇਨਾਮ ਅਤੇ ਸਰਟੀਫਿਕੇਟ ਦਿੱਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਦਫ਼ਤਰੀ ਸਮੇਂ ਦੌਰਾਨ ਨਹਿਰੂ ਯੁਵਾ ਕੇਂਦਰ ਮੁਹਾਲੀ ਦਫ਼ਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।