ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਦੋ ਕੈਡਿਟ ਅਧਿਕਾਰੀਆਂ ਵਜੋਂ ਨਿਯੁਕਤ, ਐਨਡੀਏ ਤੋਂ 16 ਕੈਡਿਟ ਪਾਸ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਮਈ:
ਇੱਥੋਂ ਦੇ ਸੈਕਟਰ-77 ਸਥਿਤ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਦੋ ਕੈਡਿਟਾਂ ਨੇ ਅੱਜ ਆਰਮਡ ਫੋਰਸਿਜ਼ ਵਿੱਚ ਅਧਿਕਾਰੀ ਵਜੋਂ ਆਪਣਾ ਕਮਿਸ਼ਨ ਹਾਸਲ ਕੀਤਾ। ਇਸ ਦੇ ਨਾਲ ਅਫ਼ਸਰਾਂ ਵਜੋਂ ਕਮਿਸ਼ਨਰ ਪ੍ਰਾਪਤ ਕਰਨ ਵਾਲੇ ਇੰਸਟੀਚਿਊਟ ਦੇ ਕੈਡਿਟਾਂ ਦੀ ਕੁੱਲ ਗਿਣਤੀ 71 ਤੱਕ ਪਹੁੰਚ ਗਈ ਹੈ। ਇਹ ਗਿਣਤੀ 12 ਜੂਨ ਨੂੰ ਆਈਐੱਮਏ ਪਾਸਿੰਗ ਆਊਟ ਪਰੇਡ ਹੋਣ ’ਤੇ ਹੋਰ ਵਧਣ ਦੀ ਉਮੀਦ ਹੈ।
ਜੈਂਟਲਮੈਨ ਕੈਡਿਟ ਬਰਜੋਤ ਸਿੰਘ ਢਿੱਲੋਂ 111 ਐਸਐਸਸੀ ਕੋਰਸ ਦੀ ਸਿਖਲਾਈ ਪੂਰੀ ਕਰਨ ’ਤੇ ਆਫ਼ੀਸਰ ਸਿਖਲਾਈ ਅਕੈਡਮੀ ਚੇਨਈ ਤੋਂ ਪਾਸ ਹੋਏ ਹਨ। ਬਰਜੋਤ ਪਹਿਲੇ ਏਐਫ਼ਪੀਆਈ ਕੋਰਸ ਦੇ ਹਿੱਸੇ ਵਜੋਂ 2011 ਵਿੱਚ ਏਐਫ਼ਪੀਆਈ ਵਿੱਚ ਸ਼ਾਮਲ ਹੋਇਆ। ਉਹ ਪਟਿਆਲੇ ਦਾ ਰਹਿਣ ਵਾਲਾ ਹੈ। ਉਸ ਦੇ ਪਿਤਾ ਕੁਲਦੀਪ ਸਿੰਘ ਇਕ ਟੈਕਨੀਸ਼ੀਅਨ ਹਨ ਅਤੇ ਮਾਤਾ ਸ੍ਰੀਮਤੀ ਗੁਰਪ੍ਰੀਤ ਕੌਰ ਸਰਕਾਰੀ ਸਕੂਲ ਵਿੱਚ ਅਧਿਆਪਕਾ ਹਨ। ਉਸ ਦੀਆਂ ਦੋ ਭੈਣਾਂ ਹਨ। ਪਾਸਿੰਗ ਆਊਟ ਪਰੇਡ ਦੀ ਸਮੀਖਿਆ ਉੱਤਰ ਕਮਾਂਡ ਸੈਨਾ ਦੇ ਕਮਾਂਡਰ ਲੈਫ਼ਟੀਨੈਂਟ ਜਨਰਲ ਵਾਈਕੇ ਜੋਸ਼ੀ ਨੇ ਕੀਤੀ।
ਕੈਡਿਟ ਵਿਸ਼ਵਜੀਤ ਸਿੰਘ 2015 ਵਿੱਚ ਪੰਜਵੇਂ ਏਐਫ਼ਪੀਆਈ ਕੋਰਸ ਦੇ ਹਿੱਸੇ ਵਜੋਂ ਏਐਫਪੀਆਈ ਵਿੱਚ ਸ਼ਾਮਲ ਹੋਇਆ ਸੀ। ਆਪਣੀ ਸਿਖਲਾਈ ਪੂਰੀ ਕਰਨ ਤੋਂ ਬਾਅਦ ਉਹ 138 ਐਨਡੀਏ ਕੋਰਸ ਦੇ ਹਿੱਸੇ ਵਜੋਂ ਨੈਸ਼ਨਲ ਡੀਫੈਂਸ ਅਕੈਡਮੀ ਵਿੱਚ ਸ਼ਾਮਲ ਹੋਇਆ। ਇਸ ਉਪਰੰਤ ਉਹ ਸਿਖਲਾਈ ਦੇ ਅੰਤਿਮ ਸਾਲ ਲਈ ਇੰਡੀਅਨ ਨੇਵਲ ਅਕੈਡਮੀ ਅਜ਼ੀਮਲਾ ਗਿਆ। ਉਸ ਦੇ ਪਿਤਾ ਵਿਕਰਮ ਸਿੰਘ ਇਕ ਹੋਟਲੀਅਰ ਹਨ ਅਤੇ ਮਾਤਾ ਸ੍ਰੀਮਤੀ ਮਹਿੰਦਰ ਕੌਰ ਇਕ ਘਰੇਲੂ ਅੌਰਤ ਹੈ। ਉਸ ਦੇ ਦਾਦਾ ਮਰਹੂਮ ਲੈਫ਼ਟੀਨੈਂਟ ਜਨਰਲ ਗੁਰਿੰਦਰ ਸਿੰਘ ਉੱਤਰੀ ਕਮਾਂਡ ਦੇ ਸਾਬਕਾ ਆਰਮੀ ਕਮਾਂਡਰ ਸਨ। ਪਰੇਡ ਦੀ ਸਮੀਖਿਆ ਵਾਈਸ ਐਡਮਿਰਲ ਅਜੇਂਦਰ ਬਹਾਦਰ ਸਿੰਘ, ਫਲੈਗ ਅਫ਼ਸਰ ਕਮਾਂਡਿੰਗ ਇਨ ਚੀਫ਼ ਈਸਟਰਨ ਨੇਵਲ ਕਮਾਂਡ ਵੱਲੋਂ ਕੀਤੀ ਗਈ।
140ਵੇਂ ਐਨਡੀਏ ਕੋਰਸ ਦੀ ਪਾਸਿੰਗ ਆਊਟ ਪਰੇਡ ਖੜਕਵਾਸਲਾ ਵਿਖੇ ਹੋਈ। ਪਰੇਡ ਦੀ ਸਮੀਖਿਆ ਚੀਫ਼ ਆਫ਼ ਨੇਵਲ ਸਟਾਫ਼ ਐਡਮਿਰਲ ਕਰਮਬੀਰ ਸਿੰਘ ਨੇ ਕੀਤੀ। ਇੱਥੋਂ ਏਐਫ਼ਪੀਆਈ ਦੇ ਲਗਭਗ 16 ਕੈਡਿਟ ਆਪਣੀ ਸਿਖਲਾਈ ਪੂਰਾ ਕਰਨ ’ਤੇ ਐਨਡੀਏ ਤੋਂ ਪਾਸ ਹੋ ਗਏ। ਉਹ ਹਥਿਆਰਬੰਦ ਸੈਨਾਵਾਂ ਵਿੱਚ ਅਧਿਕਾਰੀ ਨਿਯੁਕਤ ਹੋਣ ਤੋਂ ਪਹਿਲਾਂ ਸਬੰਧਤ ਸਰਵਿਸ ਅਕਾਦਮੀਆਂ ਵਿੱਚ ਇਕ ਸਾਲ ਦੀ ਸਿਖਲਾਈ ਕਰਨਗੇ। ਹੁਣ ਤੱਕ 162 ਏਐਫ਼ਪੀਆਈ ਕੈਡਿਟ ਪਹਿਲੇ ਅੱਠ ਕੋਰਸਾਂ ’ਚੋਂ ਐਨਡੀਏ ਅਤੇ ਹੋਰ ਸਰਵਿਸ ਅਕਾਦਮੀਆਂ ਵਿੱਚ ਸ਼ਾਮਲ ਹੋਏ ਹਨ। ਇਨ੍ਹਾਂ ’ਚੋਂ 71 ਅਧਿਕਾਰੀ ਬਣ ਗਏ ਹਨ ਅਤੇ ਬਾਕੀ ਸਿਖਲਾਈ ਅਧੀਨ ਹਨ।
ਇਸ ਸਮੇਂ ਏ.ਐਫ.ਪੀ.ਆਈ ਵਿਖੇ ਤਿੰਨ ਕੋਰਸ ਚੱਲ ਰਹੇ ਹਨ। 9ਵੀਂ ਏ.ਐਫ.ਪੀ.ਆਈ ਕੋਰਸ ਦੇ ਕੈਡਿਟ 12 ਵੀਂ ਕਲਾਸ ਵਿੱਚ ਹਨ ਅਤੇ ਅੰਤਮ ਬੋਰਡ ਪ੍ਰੀਖਿਆਵਾਂ ਦਾ ਇੰਤਜ਼ਾਰ ਕਰ ਰਹੇ ਹਨ ਜਿਸ ਸਬੰਧੀ ਤਰੀਕਾਂ ਨੂੰ ਜਲਦ ਹੀ ਅੰਤਮ ਰੂਪ ਦਿੱਤੇ ਜਾਣ ਦੀ ਉਮੀਦ ਹੈ। 10ਵੇਂ ਏ.ਐਫ.ਪੀ.ਆਈ ਕੋਰਸ ਦੇ ਕੈਡਿਟ 12 ਵੀਂ ਕਲਾਸ ਵਿਚ ਪੜ੍ਹ ਰਹੇ ਹਨ ਅਤੇ ਹੁਣ ਉਹ ਇਸ ਸਾਲ ਸਤੰਬਰ ਵਿੱਚ ਹੋਣ ਵਾਲੀ ਐਨਡੀਏ ਦਾਖ਼ਲਾ ਪ੍ਰੀਖਿਆ ਦੀ ਤਿਆਰੀ ਵਿਚ ਰੁੱਝੇ ਹੋਏ ਹਨ। 11ਵੇਂ ਏਐਫ਼ਪੀਆਈ ਕੋਰਸ ਦੇ ਹਿੱਸੇ ਵਜੋਂ 42 ਲੜਕਿਆਂ ਦੀ ਚੋਣ ਕੀਤੀ ਗਈ ਹੈ, ਜਿਸ ਸਬੰਧੀ 24 ਮਈ ਤੋਂ ਸਿਖਲਾਈ ਸ਼ੁਰੂ ਕੀਤੀ ਜਾ ਚੁੱਕੀ ਹੈ। ਕੋਵਿਡ-19 ਪਾਬੰਦੀਆਂ ਦੇ ਕਾਰਨ ਸਾਰੀ ਸਿਖਲਾਈ ਆਨਲਾਈਨ ਕੀਤੀ ਜਾ ਰਹੀ ਹੈ। ਮਹਾਮਾਰੀ ਕਾਰਨ ਜਨਵਰੀ 2020 ਤੋਂ ਮਈ 2021 ਦੀ ਮਿਆਦ ਵਿੱਚ ਆਮ ਸਿਖਲਾਈ ਵਿੱਚ ਰੁਕਾਵਟ ਦੇ ਬਾਵਜੂਦ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦੇ ਲਗਭਗ 28 ਕੈਡਿਟ ਐਨਡੀਏ ਅਤੇ ਹੋਰ ਸਰਵਿਸ ਅਕੈਡਮੀਆਂ ਵਿੱਚ ਸ਼ਾਮਲ ਹੋਏ ਹਨ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…