Nabaz-e-punjab.com

ਸਿੱਖਿਆ ਵਿਭਾਗ ਵਿੱਚ ਰੈਗੂਲਰ ਹੋਣ ਵਾਲੇ 394 ਅਧਿਆਪਕਾਂ ਨੂੰ ਵੰਡੇ ਨਿਯੁਕਤੀ ਪੱਤਰ

ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿੱਚ ਨਿਯੁਕਤੀ ਪੱਤਰ ਲੈਣ ਲਈ ਆਪਣੇ ਪਰਿਵਾਰਾਂ ਨਾਲ ਪੁੱਜੇ ਅਧਿਆਪਕ

ਸਿੱਖਿਆ ਵਿਭਾਗ ਵੱਲੋਂ ਕਿਸੇ ਅਧਿਆਪਕ ਨਾਲ ਕੋਈ ਧੱਕੇਸ਼ਾਹੀ ਨਹੀਂ ਕੀਤੀ ਜਾ ਰਹੀ: ਡੀਪੀਆਈ ਸੁਖਜੀਤਪਾਲ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਨਵੰਬਰ:
ਪੰਜਾਬ ਦੇ ਡੀਪੀਆਈ (ਸੈਕੰਡਰੀ) ਸੁਖਜੀਤਪਾਲ ਸਿੰਘ ਅਤੇ ਡੀਪੀਆਈ (ਐਲੀਮੈਂਟਰੀ) ਇੰਦਰਜੀਤ ਸਿੰਘ ਅਤੇ ਹੋਰ ਸਿੱਖਿਆ ਅਧਿਕਾਰੀਆਂ ਨੇ ਸਿੱਖਿਆ ਵਿਭਾਗ ਵਿੱਚ ਰੈਗੂਲਰ ਹੋਣ ਵਾਲੇ 394 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੰਡੇ। ਇਨ੍ਹਾਂ ਅਧਿਆਪਕਾਂ ਨੂੰ ਮੌਕੇ ’ਤੇ ਹੀ ਉਨ੍ਹਾਂ ਦੀ ਮਨਪਸੰਦ ਦੇ ਸਟੇਸ਼ਨ ਵੀ ਅਲਾਟ ਕੀਤੇ ਗਏ। ਉਂਜ ਜ਼ਿਆਦਾਤਰ ਅਧਿਆਪਕ ਆਪਣੇ ਪਹਿਲਾਂ ਵਾਲੇ ਸਟੇਸ਼ਨਾਂ ਨੂੰ ਹੀ ਪਹਿਲ ਦੇ ਰਹੇ ਹਨ। ਅਧਿਆਪਕਾਂ ਨੂੰ ਆਵਾਜ਼ ਦੇ ਕੇ ਮੰਚ ’ਤੇ ਸੱਦਿਆ ਗਿਆ। ਇਸ ਤੋਂ ਪਹਿਲਾਂ ਨਿਯੁਕਤੀ ਪੱਤਰ ਹਾਸਲ ਕਰਨ ਵਾਲੇ ਅਧਿਆਪਕਾਂ ਤੋਂ ਲਿਖਤੀ ਰੂਪ ਵਿੱਚ ਸਹਿਮਤੀ ਲਈ ਗਈ ਅਤੇ ਅਧਿਆਪਕਾਂ ਨੇ ਖੁਸ਼ੀ ਖ਼ੁਸ਼ੀ ਦਸਤਾਵੇਜ਼ਾਂ ’ਤੇ ਦਸਤਖ਼ਤ ਕੀਤੇ। ਜ਼ਿਕਰਯੋਗ ਹੈ ਕਿ ਹੁਣ ਤੱਕ ਕਰੀਬ 1600 ਅਧਿਆਪਕ ਨਿਯੁਕਤੀ ਪੱਤਰ ਹਾਸਲ ਚੁੱਕੇ ਹਨ।
ਸਮਾਗਮ ਨੂੰ ਸੰਬੋਧਨ ਕਰਦਿਆਂ ਡੀਪੀਆਈ ਸੁਖਜੀਤਪਾਲ ਸਿੰਘ ਨੇ ਕਿਹਾ ਕਿ ਨਿਯੁਕਤੀ ਪੱਤਰ ਦੇਣ ਜਾਂ ਸਿੱਖਿਆ ਵਿਭਾਗ ਵਿੱਚ ਆਉਣ ਜਾਂ ਨਾ ਆਉਣ ਸਬੰਧੀ ਕਿਸੇ ਵੀ ਅਧਿਆਪਕ ਨਾਲ ਕੋਈ ਧੱਕੇਸ਼ਾਹੀ ਨਹੀਂ ਕੀਤੀ ਜਾ ਰਹੀ ਹੈ। ਅਧਿਆਪਕਾਂ ਨੂੰ ਪੂਰੀ ਖੁੱਲ੍ਹੀ ਛੂਟ ਹੈ ਕਿ ਉਹ ਸਿੱਖਿਆ ਵਿਭਾਗ ਵਿੱਚ ਨਵੇਂ ਨਿਯਮਾਂ ਤਹਿਤ ਰੈਗੂਲਰ ਹੋਣ ਜਾਂ ਸੁਸਾਇਟੀ ਅਧੀਨ ਕੰਮ ਕਰਦੇ ਰਹਿਣ। ਉਨ੍ਹਾਂ ਰੈਗੂਲਰ ਨਿਯੁਕਤੀ ਪ੍ਰਾਪਤ ਕਰਕੇ ਜਾਣ ਵਾਲੇ ਅਧਿਆਪਕਾਂ ਨੂੰ ਕਿਹਾ ਕਿ ਉਹ ਸਕੂਲਾਂ ਵਿੱਚ ਜਾ ਕੇ ਵਿਦਿਆਰਥੀਆਂ ਦੇ ਸਿੱਖਣ ਪੱਧਰ ਉੱਚਾ ਚੁੱਕਣ ਅਤੇ ਐਤਕੀਂ ਸਾਲਾਨਾ ਪ੍ਰੀਖਿਆਵਾਂ ਦੌਰਾਨ ਵਧੀਆ ਨਤੀਜਿਆਂ ਲਈ ਬੱਚਿਆਂ ਨੂੰ ਚੰਗੀਆਂ ਅਧਿਆਪਨ ਵਿਧੀਆਂ ਨਾਲ ਪੜ੍ਹਾਉਣ। ਡੀਪੀਆਈ ਨੇ ਦੱਸਿਆ ਕਿ ਅਧਿਆਪਕਾਂ ਦੀ ਸਹੂਲਤ ਲਈ ਮੁੱਖ ਦਫ਼ਤਰ ਵਿੱਚ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੋਰ ਲੋੜੀਂਦੀ ਜਾਣਕਾਰੀ ਸਿੱਖਿਆ ਵਿਭਾਗ ਦੀ ਵੈਬਸਾਈਟ ਉੱਤੇ ਅਪਲੋਡ ਕਰ ਦਿੱਤੀ ਗਈ ਹੈ। ਇਸ ਮੌਕੇ ਡਿਪਟੀ ਡਾਇਰੈਕਟਰ ਧਰਮ ਸਿੰਘ, ਸਹਾਇਕ ਡਾਇਰੈਕਟਰ ਲਲਿਤ ਘਈ, ਤਨਜੀਤ ਕੌਰ, ਕਮਲਜੀਤ ਕੌਰ, ਰਜਿੰਦਰ ਸਿੰਘ ਚਾਨੀ ਅਤੇ ਸਿੱਖਿਆ ਵਿਭਾਗ ਦੇ ਹੋਰ ਅਧਿਕਾਰੀ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਸਿੱਖਿਆ ਵਿਭਾਗ ਵਿੱਚ ਰੈਗੂਲਰ ਹੋਣ ਵਾਲੇ ਸੈਂਕੜੇ ਅਧਿਆਪਕਾਂ ਨੇ ਨਵੇਂ ਨਿਯਮਾਂ ਅਤੇ ਪਿਛਲੀ ਅਕਾਲੀ ਸਰਕਾਰ ਵੇਲੇ ਤੈਅ ਸ਼ਰਤਾਂ ਨੂੰ ਪ੍ਰਵਾਨ ਕਰਦਿਆਂ ਲਿਖਤੀ ਰੂਪ ਵਿੱਚ ਆਪਣੀ ਸਹਿਮਤੀ ਪ੍ਰਗਟਾਉਂਦਿਆਂ ਸਕੂਲਾਂ ਵਿੱਚ ਜਾ ਕੇ ਬੱਚਿਆਂ ਨੂੰ ਪੜ੍ਹਾਉਣ ਦਾ ਮਨ ਬਣਾ ਲਿਆ ਹੈ। ਇਸ ਸਬੰਧੀ ਅੱਜ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿੱਚ ਆਯੋਜਿਤ ਨਿਯੁਕਤੀ ਪੱਤਰ ਵੰਡ ਸਮਾਰੋਹ ਵਿੱਚ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੇ ਆਪਣੇ ਪਰਿਵਾਰਾਂ ਸਮੇਤ ਸ਼ਿਰਕਤ ਕੀਤੀ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…