ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਦੀ ਬੇਹੱਦ ਮੂਰਖਤਾ ਭਰੀ ਨਿਯੁਕਤੀ ਨੂੰ ਤੁਰੰਤ ਰੱਦ ਹੋਵੇ: ਬੀਰਦਵਿੰਦਰ ਸਿੰਘ

ਕੈਪਟਨ ਸਰਕਾਰ ਨੂੰ ਬੋਰਡ ਚੇਅਰਮੈਨ ਲਈ ਪੰਜਾਬ ’ਚੋਂ ਨਹੀਂ ਲੱਭਿਆ ਕੋਈ ਸਿੱਖਿਆ ਸ਼ਾਸਤਰੀ ਤੇ ਤਜਰਬੇਕਾਰ ਅਫ਼ਸਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਫਰਵਰੀ:
ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਸ੍ਰ. ਬੀਰਦਵਿੰਦਰ ਸਿੰਘ ਨੇ ਕਿਹਾ ਹੈ ਕਿ ਰਾਜਸਥਾਨ ਦੇ ਇੱਕ ਸੇਵਾਮੁਕਤ ਅਧਿਕਾਰੀ ਮਨੋਹਰ ਕਾਂਤ ਕਲੋਹੀਆ ਦੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਵੇਂ ਚੇਅਰਮੈਨ ਵਜੋਂ ਨਿਯੁਕਤੀ ਕਰਨਾ ਪੰਜਾਬ ਸਰਕਾਰ ਦਾ ਇੱਕ ਬੇਹੱਦ ਮੂਰਖਤਾ ਭਰਿਆ ਫੈਸਲਾ ਹੈ। ਇਸ ਨਿਯੁਕਤੀ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਕਾਬਲ ਸਿੱਖਿਆ ਸ਼ਾਸਤਰੀਆਂ, ਅਕਾਦਮਿਕ ਖੇਤਰ ਨਾਲ ਜੁੜੇ ਪ੍ਰਬੁੱਧ ਵਿਦਵਾਨਾਂ ਅਤੇ ਪੰਜਾਬ ਵਿੱਚ ਸੇਵਾ ਨਿਭਾ ਰਹੇ ਜਾਂ ਸੇਵਾਮੁਕਤ ਨੌਕਰਸ਼ਾਹਾਂ ਦਾ ਨਿਰਾਦਰ ਕੀਤਾ ਹੈ। ਅਫ਼ਸੋਸ ਕਿ ਇਸ ਮੋਤੀਆਂ ਵਾਲੀ ਸਰਕਾਰ ਦੀ ਨਜ਼ਰ ਵਿੱਚ ਪੰਜਾਬ ਵਿੱਚ ਇੱਕ ਵੀ ਅਜਿਹਾ ਯੋਗ ਵਿਅਕਤੀ ਨਹੀਂ ਲੱਭਾ। ਜਿਸ ਨੂੰ ਪੰਜਾਬ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਜਾ ਸਕੇ।
ਸ੍ਰ. ਬੀਰਦਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੁੱਖ ਕਾਰਜ ਹੈ। ਪਹਿਲੀ ਸ਼੍ਰੇਣੀ ਤੋਂ ਲੈ ਕੇ ਬਾਰ੍ਹਵੀਂ ਸ਼੍ਰੇਣੀ ਤੱਕ, ਹਰ ਸ਼੍ਰੇਣੀ ਲਈ ਸਿਲੇਬਸ ਤਿਆਰ ਕਰਨਾ, ਇਸ ਸਿਲੇਬਸ ਦੇ ਅਨੁਸਾਰ ਪਾਠ ਪੁਸਤਕਾਂ ਦੀ ਛਪਵਾਈ ਕਰਵਾਉਣਾ ਅਤੇ ਬੋਰਡ ਨਾਲ ਸਬੰਧਤ ਪ੍ਰੀਖਿਆਵਾਂ ਦਾ ਯੋਗ ਅਤੇ ਬੇਚੂਕ ਪ੍ਰਬੰਧ ਕਰਨਾ। ਉਨ੍ਹਾਂ ਕਿਹਾ ਕਿ ‘ਮੈਂ ਸਮਝਦਾ ਹਾਂ ਕਿ ਇਹ ਕੰਮ ਕੋਈ ਸਾਧਾਰਨ ਤੇ ਆਸਾਨ ਕੰਮ ਨਹੀਂ’ ਪ੍ਰੰਤੂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਕਾਬਲ ਸਿੱਖਿਆ ਸ਼ਾਸਤਰੀਆਂ ਤੇ ਅਕਾਦਮਿਕ ਖੇਤਰ ਦੇ ਪ੍ਰਬੁੱਧ ਵਿਦਵਾਨਾਂ ਨੂੰ ਨਜ਼ਰ-ਅੰਦਾਜ਼ ਕਰਕੇ, ਰਾਜਸਥਾਨ ਦੇ ਇੱਕ ਸੇਵਾਮੁਕਤ ਨੌਕਰਸ਼ਾਹ ਸ੍ਰੀ ਮਨੋਹਰ ਕਾਂਤ ਕਲੋਹੀਆ ਨੂੰ ਸਿੱਖਿਆ ਬੋਰਡ ਦਾ ਚੇਅਰਮੈਨ ਲਾ ਦਿੱਤਾ ਹੈ, ਜੋ ਕਿ ਨਾ ਤਾਂ ਪੰਜਾਬੀ ਜਾਣਦੇ ਹਨ ਅਤੇ ਨਾ ਹੀ ਉਨ੍ਹਾਂ ਨੂੰ ਪੰਜਾਬ ਸਕੂਲ ਸਿੱਖਿਆ ਨਾਲ ਜੁੜੀਆਂ ਚੁਨੌਤੀਆਂ, ਅੌਕੜਾਂ ਅਤੇ ਉਨ੍ਹਾਂ ਨੂੰ ਹੱਲ ਕਰਨ ਦਾ ਕੋਈ ਅਨੁਭਵੀ ਤਜਰਬਾ ਹੈ। ਕਹਿਣ ਤੋਂ ਭਾਵ ਸ੍ਰੀ ਕਲੋਹੀਆ ਨੂੰ ਪੰਜਾਬੀ ਦਾ ੳ ਆ ਵੀ ਨਹੀਂ ਆਉਂਦਾ ਹੈ।
ਸਾਬਕਾ ਡਿਪਟੀ ਸਪੀਕਰ ਨੇ ਕਿਹਾ ਕਿ ਸਰਗੋਸ਼ੀਆਂ ਤਾਂ ਇਹ ਵੀ ਹਨ ਕਿ ਇਹ ਮੂਰਖਤਾ ਭਰੀ ਨਿਯੁਕਤੀ ਜੋ ਪੰਜਾਬ ਦੇ ਕਿਸੇ ਵੀ ਵਿਅਕਤੀ ਨੂੰ ਹਜ਼ਮ ਨਹੀਂ ਆ ਰਹੀ, ਕੈਪਟਨ ਨੇ ਇਹ ਨਿਯੁਕਤੀ ਆਰਐਸਐਸ ਦੇ ਦਬਾਓ ਹੇਠ ਆ ਕੇ ਕੀਤੀ ਹੈ ਕਿਊਂਕਿ ਕੈਪਟਨ ਅਮਰਿੰਦਰ ਸਿੰਘ ਦਾ ਲਗਪਗ ਸਾਰਾ ਹੀ ਪਰਿਵਾਰ ਕਥਿਤ ਤੌਰ ’ਤੇ ਕੁਰੱਪਸ਼ਨ ਦੇ ਵੱਡੇ ਘੁਟਾਲਿਆਂ ਵਿੱਚ ਚਾਰੇ ਪਾਸਿਓਂ ਘਿਰਿਆ ਹੋਇਆ ਹੈ। ਇਸ ਲਈ ਬੀਜੇਪੀ ਅਤੇ ਆਰਐਸਐਸ ਉਸ ਦੇ ਗਲ ’ਤੇ ਗੋਡਾ ਰੱਖ ਕੇ ਅਜਿਹੇ ਅਢੁਕਵੇਂ ਤੇ ਅਹਿਮਕਾਨਾ ਫੈਸਲੇ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਆਰਐਸਐਸ ਦੇ ਘਾਗ ਸਿਧਾਤਕਾਰ ਆਪਣੇ ਤਹਿਸ਼ੁਦਾ ਕਾਰਜਕ੍ਰਮ ਅਨੁਸਾਰ, ਜੋ ਕੁੱਝ ਉਹ ਸਾਰੇ ਭਾਰਤ ਵਿੱਚ ਕਰ ਰਹੇ ਹਨ। ਉਸ ਅਨੁਸਾਰ ਹੀ ਪੰਜਾਬ ਸਕੂਲ ਸਿੱਖਿਆ ਦਾ ਵੀ ਸਮੁੱਚਾ ਪਾਠਕ੍ਰਮ ਬਦਲਕੇ ਉਸ ਦਾ ਵੀ ਭਗਵਾਂਕਰਨ ਕਰਨਾ ਚਾਹੰਦੇ ਹਨ। ਇਸ ਮਨਸ਼ੇ ਦੀ ਪੂਰਤੀ ਲਈ ਹੀ ਸ੍ਰੀ ਮਨੋਹਰ ਕਾਂਤ ਕਲੋਹੀਆ ਨੂੰ ਰਾਜਸਥਾਨ ਤੋਂ ਲਿਆ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਸਥਾਪਿਤ ਕੀਤਾ ਗਿਆ ਹੈ।
ਸ੍ਰ. ਬੀਰਦਵਿੰਦਰ ਸਿੰਘ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਨੂੰ ਇੱਕ ਲਾਵਾਰਿਸ ਸੰਪਤੀ ਸਮਝ ਰੱਖਿਆ ਹੈ ਸ਼ਾਇਦ ਇਸੇ ਲਈ ਹਰ ਰੋਜ਼ ਪੰਜਾਬ ਦੇ ਹਿੱਤਾਂ ਨਾਲ ਗਦਾਰੀ ਤੇ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਮਜ਼ਾਕ ਕਰਦਾ ਹੈ। ਇਹ ਨਿਯੁਕਤੀ ਵੀ ਪੰਜਾਬ ਦੀ ਪੰਜਾਬੀ ਭਾਵਨਾ ਨਾਲ ਇੱਕ ਕੋਝਾ ਮਜ਼ਾਕ ਹੈ, ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੰਜਾਬ ਦੇ ਲੋਕਾਂ ਦੀ ਜ਼ਮੀਰ ਹਾਲੇ ਏਨੀ ਵੀ ਮਰੀ ਨਹੀਂ ਕਿ ਉਹ ਏਸ ਕਿਸਮ ਦੀ ਅਭੱਦਰ ਨਾਇਨਸਾਫ਼ੀ ਨੂੰ ਬਰਦਾਸ਼ਤ ਕਰ ਲੈਣ। ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਪੰਜਾਬੀ ਇਸ ਨਿਯੁਕਤੀ ਨੂੰ ਕਿਸੇ ਵੀ ਕੀਮਤ ’ਤੇ ਪ੍ਰਵਾਨ ਨਹੀਂ ਕਰਨਗੇ ਇਸ ਲਈ ਚੰਗਾ ਏਹੋ ਹੋਵੇਗਾ ਕਿਸੇ ਵੱਡੀ ਬਦਮਗਜ਼ੀ ਤੋਂ ਪਹਿਲਾਂ ਇਸ ‘ਤੁਗਲਕੀ ਨਿਯੁਕਤੀ’ ਨੂੰ ਤੁਰੰਤ ਰੱਦ ਕੀਤਾ ਜਾਵੇ ਨਹੀਂ ਤਾਂ ਜੋ ਵੀ ਵਿਦਰੋਹ ਪੰਜਾਬ ਵਿੱਚ ਖੜ੍ਹਾ ਹੋਵੇਗਾ ਉਸ ਲਈ ਕੈਪਟਨ ਅਮਰਿੰਦਰ ਸਿੰਘ ਦੀ ਤੁਗਲਕੀ ਸੋਚ ਹੀ ਜ਼ਿਮੇਵਾਰ ਹੋਵੇਗੀ। ਅਸੀਂ ਕਿਸੇ ਵੀ ਕੀਮਤ ਤੇ ਪੰਜਾਬ ਦੇ ਸਕੂਲਾਂ ਦੇ ਪਾਠਕ੍ਰਮ ਦਾ ਭਗਵਾਂਕਰਨ ਨਹੀਂ ਹੋਣ ਦਿਆਂਗੇ।
ਉਂਜ ਉਨ੍ਹਾਂ ਇਹ ਵੀ ਆਖਿਆ ਕਿ ਮੈਨੂੰ ਨਿੱਜੀ ਤੌਰ ’ਤੇ ਸ੍ਰੀ ਮਨੋਹਰ ਕਾਂਤ ਕਲੋਹੀਆ ਨਾਲ ਨਾ ਕੋਈ ਰੰਜ਼ਿਸ਼ ਹੈ ਅਤੇ ਨਾ ਹੀ ਉਨ੍ਹਾਂ ਨਾਲ ਕੋਈ ਅਦਾਵਤ ਹੈ, ਮੈਂ ਬੜੇ ਅਦਬ ਨਾਲ ਉਨ੍ਹਾਂ ਨੂੰ ਗੁਜਾਰਿਸ਼ ਕਰਾਂਗਾ ਕਿ ਉਹ ਪੰਜਾਬ ਅਤੇ ਪੰਜਾਬੀਆਂ ਦੀਆਂ ਭਾਵਨਵਾਂ ਦਾ ਸਤਿਕਾਰ ਕਰਦੇ ਹੋਏ ਆਪਣੀ ਇਸ ਨਿਯੁਕਤੀ ਦਾ ਕਰਜਭਾਰ ਸੰਭਾਲਣ ਤੋਂ ਗੁਰੇਜ਼ ਕਰਨ। ਪੰਜਾਬ ਦੇ ਲੋਕਾਂ ਦੇ ਮਨ ਵਿੱਚ ਇਸ ਨਿਯੁਕਤੀ ਪ੍ਰਤੀ ਬੜਾ ਵਿਆਪਕ ਰੋਸ, ਜੋ ਛੇਤੀ ਕਿਸੇ ਵੱਡੇ ਅੰਦੋਲਨ ਵਿੱਚ ਬਦਲ ਸਕਦਾ ਅਤੇ ਇਸ ਦੇ ਬੇਹੱਦ ਗੰਭੀਰ ਪ੍ਰਣਾਮ ਨਿਕਲ ਸਕਦੇ ਹਨ। ਇਸ ਲਈ ਅਜਿਹੀ ਸਥਿਤੀ ਤੋਂ ਬਚਣਾ ਹੀ ਸਿਆਣਪ ਹੋਵੇਗੀ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…