nabaz-e-punjab.com

ਵੋਟਰ ਸੂਚੀਆਂ ਦੀ ਸੁਧਾਈ ਲਈ ਸਮੂਹ ਰਾਜਸੀ ਪਾਰਟੀਆਂ ਬੂਥ ਲੈਵਲ ਏਜੰਟਾਂ ਨਿਯੁਕਤੀ ਯਕੀਨੀ ਬਣਾਉਣ: ਮਾਨ

ਏਡੀਸੀ ਮਾਨ ਨੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਅਧਿਕਾਰਤ ਨੁਮਾਇੰਦਿਆਂ ਨਾਲ ਕੀਤੀ ਵਿਸ਼ੇਸ਼ ਮੀਟਿੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਦਸੰਬਰ:
ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਵਿੱਚ ਸਮੂਹ ਰਾਜਨੀਤਕ ਪਾਰਟੀਆਂ ਆਪੋ ਆਪਣੇ ਬੂਥ ਲੈਵਲ ਏਜੰਟ (ਬੀਐਲਏ) ਨਿਯੁਕਤ ਕਰਨਾ ਯਕੀਨੀ ਬਣਾਉਣ ਅਤੇ ਇਸ ਸਬੰਧੀ ਆਪਣੇ ਏਜੰਟਾਂ ਦੀਆਂ ਸੂਚੀਆਂ ਅਤੇ ਮੋਬਾਈਲ ਨੰਬਰ ਜ਼ਿਲ੍ਹਾ ਚੋਣ ਅਫ਼ਸਰ ਮੁਹਾਲੀ ਦੇ ਦਫ਼ਤਰ ਵਿੱਚ ਪੁੱਜਦੀਆਂ ਕੀਤੀਆਂ ਜਾਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਚਰਨਦੇਵ ਸਿੰਘ ਮਾਨ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਅਧਿਕਾਰਤ ਨੁਮਾਇੰਦਿਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।
ਸ੍ਰੀ ਮਾਨ ਨੇ ਕਿਹਾ ਕਿ ਯੂਥ ਲੈਵਲ ਏਜੰਟਾਂ ਦੀ ਨਿਯੁਕਤ ਕਰਨ ਉਪਰੰਤ ਉਨ੍ਹਾਂ ਨਾਲ ਤਾਲਮੇਲ ਕਰਕੇ ਵੋਟਾਂ ਬਣਾਉਣ ਤੋਂ ਵਾਂਝੇ ਰਹਿ ਗਏ ਵਿਅਕਤੀਆਂ ਤੋਂ 6 ਨੰਬਰ ਫਾਰਮ ਭਰਵਾਏ ਜਾਣ। ਉਨ੍ਹਾਂ ਦੱਸਿਆ ਕਿ ਨਵੀਆਂ ਵੋਟਾਂ ਸਬੰਧੀ ਪ੍ਰਾਪਤ ਹੋਏ ਫਾਰਮਾਂ ਦੀਆਂ ਲਿਸਟਾਂ ਸੀਡੀ ਵਿੱਚ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਇਨ੍ਹਾਂ ਲਿਸਟਾਂ ਨੂੰ ਚੈੱਕ ਕਰਨ ਉਪਰੰਤ ਕਿਸੇ ਪ੍ਰਕਾਰ ਦੀ ਤਰੁੱਟੀ ਹੋਣ ’ਤੇ ਦਫ਼ਤਰ ਨੂੰ ਜਾਣੂ ਕਰਵਾਇਆ ਜਾਵੇ। ਇਸ ਸਬੰਧੀ ਆਪਣੇ ਦਾਅਵੇ ਅਤੇ ਇਤਰਾਜ਼ ਆਪਣੇ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਨੂੰ ਦਿੱਤੇ ਜਾਣ, ਤਾਂ ਜੋ ਇਨ੍ਹਾਂ ਸੂਚੀਆਂ ਦੀ ਸੁਧਾਈ ਕੀਤੀ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਵਿਅਕਤੀ ਦੀ ਵੋਟ ਡਬਲ ਜਾਂ ਸ਼ਿਫ਼ਟ/ਮੌਤ ਹੋ ਗਈ ਹੈ। ਉਨ੍ਹਾਂ ਦਾ 7 ਨੰਬਰ ਫਾਰਮ ਪੁਰਾ ਕਰਕੇ ਸਬੰਧਤ ਬੀਐਲਓ ਨੂੰ ਦਿੱਤਾ ਜਾਵੇ।
ਇਸ ਮੌਕੇ ਤਹਿਸੀਲਦਾਰ (ਚੋਣਾਂ) ਸੰਜੇ ਕੁਮਾਰ ਨੇ ਦੱਸਿਆ ਕਿ 1 ਸਤੰਬਰ ਤੋਂ 31 ਅਕਤੂਬਰ 2018 ਤੱਕ 11 ਹਜ਼ਾਰ 238 ਨਵੀਆਂ ਵੋਟਾਂ ਬਣਾਉਣ ਸਬੰਧੀ ਫਾਰਮ ਪ੍ਰਾਪਤ ਹੋਏ ਹਨ। ਇਸ ਤੋਂ ਇਲਾਵਾ 3534 ਵੋਟਾਂ ਕੱਟੀਆਂ ਗਈਆਂ ਹਨ ਅਤੇ 2742 ਵੋਟਾਂ ਦੀ ਸੋਧ ਕੀਤੀ ਗਈ ਹੈ। ਮੀਟਿੰਗ ਵਿੱਚ ਪੰਜਾਬ ਕਾਂਗਰਸ ਦੇ ਸਕੱਤਰ ਹਰਕੇਸ਼ ਚੰਦ ਸ਼ਰਮਾ, ਭਾਜਪਾ ਆਗੂ ਜੋਗਿੰਦਰ ਸਿੰਘ, ਆਮ ਆਦਮੀ ਪਾਰਟੀ ਤੋਂ ਬਹਾਦਰ ਸਿੰਘ ਚਹਿਲ ਅਤੇ ਸੀਪੀਆਈ ਤੋਂ ਮਹਿੰਦਰਪਾਲ ਸਿੰਘ ਸਮੇਤ ਹੋਰਨਾਂ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…