Share on Facebook Share on Twitter Share on Google+ Share on Pinterest Share on Linkedin ਸੈਕਟਰ-66 ਤੋਂ 80 ਵਿੱਚ ਪਾਣੀ ਸਪਲਾਈ ਆਪਣੇ ਹੱਥਾਂ ਵਿੱਚ ਲੈ ਕੇ ਲੋਕਾਂ ਨੂੰ ਸਸਤਾ ਪਾਣੀ ਦੇਣ ਦੇ ਮਤੇ ਨੂੰ ਮਨਜ਼ੂਰੀ ਕਮਿਊਨਿਟੀ ਸੈਂਟਰਾਂ ਦੇ ਰੇਟ ਢਾਈ ਗੁਣਾ ਵਧਾਏ, ਸਮਾਗਮਾਂ ਦੌਰਾਨ ਫਾਇਰ ਬ੍ਰਿਗੇਡ ਦੀ ਗੱਡੀ ਲਈ ਵੀ ਹੁਣ ਲੱਗਣਗੇ 25 ਹਜ਼ਾਰ ਰੁਪਏ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਜੂਨ: ਮੁਹਾਲੀ ਨਗਰ ਨਿਗਮ ਦੀ ਅੱਜ ਮੇਅਰ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਅਕਾਲੀ ਭਾਜਪਾ ਅਤੇ ਕਾਂਗਰਸ ਦੇ ਕੌਂਸਲਰਾਂ ਨੇ ਸ਼ਹਿਰ ਦੇ ਵੱਖ ਵੱਖ ਮੁੱਦਿਆਂ ਬਾਰੇ ਭਰ੍ਹਵੀਂ ਬਹਿਸ ਕੀਤੀ। ਨਾਜਾਜ਼ਿ ਕਬਜ਼ੇ, ਲਾਵਾਰਿਸ ਪਸ਼ੂਆਂ ਅਤੇ ਆਵਾਰਾ ਕੁੱਤਿਆਂ ਕਾਰਨ ਹੁੰਦੀ ਪ੍ਰੇਸ਼ਾਨੀ ਸਮੇਤ ਹੋਰ ਕਈ ਮੁੱਦਿਆਂ ’ਤੇ ਵਿਚਾਰ ਚਰਚਾ ਕੀਤੀ। ਮੇਅਰ ਕੁਲਵੰਤ ਸਿੰਘ ਨੇ ਜਿੱਥੇ ਬੜੀ ਆਸਾਨੀ ਨਾਲ ਸਾਰੇ ਮਤੇ (ਆਪਣੀ ਮਰਜ਼ੀ ਅਨੁਸਾਰ) ਪਾਸ ਕਰਵਾ ਲਏ ਗਏ, ਉੱਥੇ ਨਿਗਮ ਵੱਲੋਂ ਸੈਕਟਰ-66 ਤੋਂ 69 ਅਤੇ ਸੈਕਟਰ-76 ਤੋਂ 80 ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਦਾ ਕੰਮ ਗਮਾਡਾ ਤੋਂ ਆਪਣੇ ਅਧੀਨ ਲੈ ਕੇ ਇਨ੍ਹਾਂ ਸੈਕਟਰਾਂ ਵਿੱਚ ਸਸਤੇ ਭਾਅ ’ਤੇ ਲੋਕਾਂ ਨੂੰ ਪੀਣ ਵਾਲਾ ਪਾਣੀ ਦੀ ਸਪਲਾਈ ਕਰਨ ਮਤਾ ਟੇਬਲ ਆਈਟਮ ਰਾਹੀਂ ਪਾਸ ਕੀਤਾ ਗਿਆ। ਇਹ ਮਤਾ ਪਾਸ ਹੋਣ ’ਤੇ ਜਿੱਥੇ ਪੂਰੇ ਹਾਊਸ ਵੱਲੋਂ ਖੜ੍ਹੇ ਹੋ ਕੇ ਅਤੇ ਤਾੜੀਆਂ ਮਾਰ ਕੇ ਖੁਸ਼ੀ ਜਾਹਰ ਕੀਤੀ, ਉੱਥੇ ਇਨ੍ਹਾਂ ਸੈਕਟਰਾਂ ਦੇ ਕੌਂਸਲਰਾਂ ਵੱਲੋਂ ਮੇਅਰ ਦਾ ਵਿਸ਼ੇਸ਼ ਰੂਪ ਨਾਲ ਸਨਮਾਨ ਵੀ ਕੀਤਾ ਗਿਆ। ਮੀਟਿੰਗ ਹੁੰਦੇ ਹੀ ਕੌਂਸਲਰ ਗੁਰਮੁੱਖ ਸਿੰਘ ਸੋਹਲ ਅਤੇ ਬੀਬੀ ਕੁਲਦੀਪ ਕੌਰ ਕੰਗ ਨੇ ਮੰਗ ਕੀਤੀ ਕਿ ਸ਼ਹਿਰ ਦੇ ਸ਼ਮਸ਼ਾਨਘਾਟ ਵਿੱਚ ਅਣਪਛਾਤੇ ਚੋਰਾਂ ਵੱਲੋਂ ਉੱਥੇ ਪਹੁੰਚਣ ਵਾਲੇ ਲੋਕਾਂ ਦੀਆਂ ਗੱਡੀਆਂ ਦੇ ਸ਼ੀਸ਼ੇ ਤੋੜ ਕੇ ਸਾਮਾਨ ਚੋਰੀ ਕਰ ਲਿਆ ਜਾਂਦਾ ਹੈ ਅਤੇ ਇਹਨਾਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਇਸ ਲਈ ਸ਼ਮਸ਼ਾਨਘਾਟ ਦੀ ਪਾਰਕਿੰਗ ਵਿੱਚ ਕੈਮਰੇ ਲਗਵਾਏ ਜਾਣ ਜਿਸ ’ਤੇ ਮੇਅਰ ਨੇ ਹਾਮੀ ਭਰਦਿਆਂ ਇਹ ਕੰਮ ਛੇਤੀ ਕਰਵਾਉਣ ਦਾ ਭਰੋਸਾ ਦਿੱਤਾ। ਇਸ ਤੋਂ ਪਹਿਲਾਂ ਅਕਾਲੀ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਨੇ ਕਿਹਾ ਕਿ ਸ਼ਹਿਰ ਵਿੱਚ ਮ੍ਰਿਤਕਾਂ ਦਾ ਬਿਜਲਈ ਸਿਸਟਮ ਨਾਲ ਅੰਤਿਮ ਸਸਕਾਰ ਕਰਨ ਦਾ ਪ੍ਰਬੰਧ ਤਾਂ ਹੈ ਪ੍ਰੰਤੂ ਸ਼ਹਿਰ ਵਾਸੀਆਂ ਨੂੰ ਬਹੁਤੀ ਜਾਣਕਾਰੀ ਨਾ ਹੋਣ ਕਾਰਨ ਇਹ ਸਿਸਟਮ ਬੰਦ ਪਿਆ ਹੈ। ਉਨ੍ਹਾਂ ਕਿਹਾ ਕਿ ਬਿਜਲਈ ਅੰਤਿਮ ਸਸਕਾਰ ਲਈ ਸ਼ਹਿਰ ਵਾਸੀਆਂ ਨੂੰ ਜਾਗਰੂਕ ਕੀਤਾ ਜਾਵੇ। ਇਸ ਦੌਰਾਨ ਸ਼ਹਿਰ ਵਿੱਚ ਵਸਨੀਕਾਂ ਵੱਲੋਂ ਆਪਣੇ ਮਕਾਨਾਂ ਦੇ ਨਾਲ ਲੱਗਦੀਆਂ ਥਾਵਾਂ ਤੇ ਕੀਤੇ ਗਏ ਅਣਅਧਿਕਾਰਤ ਕਬਜਿਆਂ ਦਾ ਮਾਮਲਾ ਵੀ ਕਾਫੀ ਦੇਰ ਚਰਚਾ ਵਿੱਚ ਰਿਹਾ। ਇਸ ਮੌਕੇ ਕੌਂਸਲਰਾਂ ਨੇ ਕਿਹਾ ਕਿ ਨਿਗਮ ਦੇ ਅਧਿਕਾਰੀ ਅਤੇ ਕਰਮਚਾਰੀ ਨਾਜਾਇਜ ਕਬਜਿਆਂ ਨੂੰ ਹਟਾਉਣ ਦੀ ਕਾਰਵਾਈ ਦੌਰਾਨ ਅਸਰਦਾਰ ਲੋਕਾਂ ਵੱਲੋਂ ਕੀਤੇ ਕਬਜ਼ੇ ਨਹੀਂ ਹਟਾਉਂਦੇ। ਇਸ ਮੌਕੇ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਨੇ ਸੈਕਟਰ-70 ਵਿੱਚ ਉੱਚ ਪੁਲੀਸ ਅਧਿਕਾਰੀਆਂ ਵਲੋੱ ਸੜਕ ਅਤੇ ਪਾਰਕ ਦੀ ਥਾਂ ਤੇ ਕੀਤੇ ਕਬਜੇ ਦਾ ਮਸਲਾ ਚੁੱਕਿਆ। ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਨੇ ਪਟਵਾਰੀ ਨੂੰ ਕਿਹਾ ਕਿ ਉਹ ਉਸ ਵੱਡੇ ਅਧਿਕਾਰੀ ਦੇ ਨਾਮ ਦਾ ਵੀ ਖੁਲਾਸਾ ਕਰਨ ਕਿਉੱਕਿ ਅਜਿਹੇ ਵਿਅਕਤੀਆਂ ਦੇ ਨਾਮ ਜੱਗ ਜਾਹਰ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਦੋ ਸੀਨੀਅਰ ਪੁਲੀਸ ਅਧਿਕਾਰੀਆਂ ਵੱਲੋਂ ਕੀਤੇ ਨਾਜਾਇਜ ਕਬਜੇ ਛੁੜਾਉਣ ਦੀ ਨਿਗਮ ਅਧਿਕਾਰੀਆਂ ਦੀ ਹਿੰਮਤ ਨਹੀਂ ਪੈਂਦੀ। ਇਸ ਮੌਕੇ ਮੇਅਰ ਕੁਲਵੰਤ ਸਿੰਘ ਨੇ ਨਿਗਮ ਦੇ ਕਮਿਸ਼ਨਰ ਨੂੰ ਕਿਹਾ ਕਿ ਉਹ ਇਸ ਸਬੰਧੀ ਜ਼ਿੰਮੇਵਾਰੀ ਲੈਣ ਅਤੇ ਪੂਰਾ ਹਾਊਸ ਉਨ੍ਹਾਂ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਥਾਂ ਤੇ ਕੋਈ ਅਸਰਦਾਰ ਵਿਅਕਤੀ ਕਾਰਵਾਈ ਵਿੱਚ ਰੁਕਾਵਟ ਬਣਦਾ ਹੈ ਜਾਂ ਨਿਗਮ ਦੇ ਸਟਾਫ ਨਾਲ ਬਦਸਲੂਕੀ ਜਾਂ ਕੁੱਟਮਾਰ ਕਰਦਾ ਹੈ ਤਾਂ ਇਸ ਸਬੰਧੀ ਪੁਲੀਸ ਮਾਮਲਾ ਦਰਜ ਕਰਵਾਇਆ ਜਾਵੇ। ਇਸ ਮੌਕੇ ਨਿਗਮ ਦੇ ਕਮਿਸ਼ਨਰ ਭੁਪਿੰਦਰਪਾਲ ਸਿੰਘ ਨੇ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਬੇਸ਼ਕ ਉਹ ਜ਼ਿੰਮੇਵਾਰ ਹਨ ਕਿ ਸ਼ਹਿਰ ਵਿੱਚ ਨਾਜਾਇਜ਼ ਕਬਜ਼ੇ ਨਾ ਹੋਣ ਪਰੰਤੂ ਨਿਗਮ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਸੁਰੱਖਿਆ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਨਿਗਮ ਅਧਿਕਾਰੀ ਅਤੇ ਕਰਮਚਾਰੀ ਡਰਦੇ ਮਾਰੇ ਅਜਿਹੇ ਅਸਰਦਾਰ ਲੋਕਾਂ ਦੇ ਘਰਾਂ ਵੱਲ ਮੂੰਹ ਨਹੀਂ ਕਰਦੇ। ਇਸ ’ਤੇ ਮੇਅਰ ਨੇ ਕਿਹਾ ਕਿ ਇੰਨਾ ਡਰ ਦਾ ਮਾਹੌਲ ਵੀ ਨਾ ਬਣਾਇਆ ਜਾਵੇ ਅਤੇਜੇਕਰ ਕਿਤੇ ਕੋਈ ਗੱਲ ਹੁੰਦੀ ਹੈ ਤਾਂ ਪੁਲੀਸ ਨੂੰ ਸ਼ਿਕਾਇਤ ਦਿਤੀ ਜਾਵੇ ਅਤੇ ਜੇਕਰ ਪੁਲੀਸ ਕਾਰਵਾਈ ਕਰਨ ਤੋਂ ਇਨਕਾਰ ਕਰੇਗੀ ਤਾਂ ਉਹ ਖੁਦ ਹਾਊਸ ਦੇ ਮੈਂਬਰਾਂ ਨਾਲ ਡੀਜੀਪੀ ਤੱਕ ਜਾਣਗੇ। ਉਹਨਾਂ ਕਿਹਾ ਕਿ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਸੁਰੱਖਿਆ ਲਈ ਹਾਊਸ ਵੱਲੋਂ ਮਤਾ ਪਾਸ ਕਰਕੇ ਸਰਕਾਰ ਨੂੰ ਭੇਜਿਆ ਗਿਆ ਸੀ ਕਿ ਨਿਗਮ ਨੂੰ ਲੋੜੀਂਦੇ ਪੁਲੀਸ ਅਧਿਕਾਰੀ ਅਤੇ ਕਰਮਚਾਰੀ ਦਿੱਤੇ ਜਾਣ ਪ੍ਰੰਤੂ ਸਰਕਾਰ ਵੱਲੋਂ ਇਸ ਮਤੇ ਨੂੰ ਨਾ-ਮਨਜ਼ੂਰ ਕਰ ਦਿੱਤਾ ਗਿਆ ਸੀ ਅਤੇ ਇਹ ਮਤਾ ਦੁਬਾਰਾ ਭੇਜਿਆ ਜਾਵੇਗਾ। ਮਿਉੱਸਪਲ ਕੌਂਸਲਰ ਹਰਪਾਲ ਚੰਨਾ ਨੇ ਇਸ ਮੌਕੇ ਕਿਹਾ ਕਿ ਇਹ ਸਾਰੀ ਸਮੱਸਿਆ ਸਿਆਸੀ ਆਗੂਆਂ ਦੀ ਦਖਲਅੰਦਾਜੀ ਕਾਰਨ ਹੀ ਹੈ ਅਤੇ ਇਸਦਾ ਹਲ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਕੌਂਸਲਰ ਬੀਬੀ ਹਰਵਿੰਦਰ ਕੌਰ ਲੰਗ ਨੇ ਉਹਨਾਂ ਦੇ ਵਾਰਡ ਦੇ ਕੰਮ ਨਾ ਹੋਣ ਤੇ ਕਮਿਸ਼ਨਰ ਤੋਂ ਸਪੱਸ਼ਟੀਕਰਨ ਮੰਗਿਆ ਜਿਸ ’ਤੇ ਕਮਿਸ਼ਨਰ ਨੇ ਕਿਹਾ ਕਿ ਦੋ ਦਿਨਾਂ ਵਿੱਚ ਕੰਮ ਹਰ ਹਾਲ ਵਿੱਚ ਸ਼ੁਰੂ ਹੋ ਜਾਵੇਗਾ। ਇਸ ਮੌਕੇ ਮੇਅਰ ਨੇ ਦੱਸਿਆ ਕਿ ਸੜਕਾਂ ਦੇ ਠੇਕੇਦਾਰ ਵਲੋੱ ਕੰਮ ਨਾ ਕੀਤੇ ਜਾਣ ਕਾਰਨ ਉਸਨੂੰ ਬਲੈਕ ਲਿਸਟ ਕਰਨ ਦੀ ਪ੍ਰਕਿਰਿਆ ਆਰੰਭੀ ਗਈ ਸੀ ਅਤੇ ਇਸ ਦੌਰਾਨ ਉਸਨੇ ਦੋ ਦਿਨਾਂ ਵਿੱਚ ਕੰਮ ਆਰੰਭ ਕਰਨ ਦਾ ਭਰੋਸਾ ਦਿੱਤਾ ਹੈ ਅਤੇ ਜੇਕਰ ਉਹ ਕੰਮ ਆਰੰਭ ਨਹੀਂ ਕਰਦਾ ਤਾਂ ਉਸਨੂੰ ਬਲੈਕ ਲਿਸਟ ਕੀਤਾ ਜਾਵੇਗਾ। ਇਸ ਦੌਰਾਨ ਕੌਂਸਲਰ ਆਰਪੀ ਸ਼ਰਮਾ ਵੱਲੋਂ ਪਿਛਲੇ ਦਿਨੀਂ ਖੋਲ੍ਹੀਆਂ ਲਾਇਬ੍ਰੇਰੀਆਂ ਵਿੱਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ ਅਤੇ ਉੱਥੇ ਪਾਣੀ ਦੇ ਕੂਲਰ ਲਗਵਾਉਣ ਦੀ ਮੰਗ ਕੀਤੀ। ਕੌਂਸਲਰ ਪਰਮਜੀਤ ਸਿੰਘ ਕਾਹਲੋ ਨੇ ਸ਼ਹਿਰ ਦੇ ਨੌਜਵਾਨਾਂ ਦਾ ਮਸਲਾ ਚੁੱਕਦਿਆਂ ਕਿਹਾ ਕਿ ਗਮਾਡਾ ਵੱਲੋਂ ਜਿਹੜੇ ਸਟੇਡੀਅਮ ਠੇਕੇਦਾਰਾਂ ਨੂੰ ਦਿੱਤੇ ਗਏ ਹਨ ਉਹ ਬਹੁਤ ਜਿਆਦਾ ਫੀਸਾਂ ਵਸੂਲ ਰਹੇ ਹਨ ਜਿਸ ਕਾਰਨ ਆਮ ਨੌਜਵਾਨ ਇਹਨਾਂ ਵਿੱਚ ਜਾਣ ਤੋੱ ਅਸਮਰਥ ਹੈ ਅਤੇ ਇਹਨਾਂ ਦੇ ਰੇਟ ਘੱਟ ਕਰਵਾਏ ਜਾਣੇ ਚਾਹੀਦੇ ਹਨ। ਉਹਨਾਂ ਇਹ ਵੀ ਮੰਗ ਕੀਤੀ ਕਿ ਸਾਰੇ ਵਾਰਡਾਂ ਵਿੱਚ ਘੱਟੋੋ ਘੱਟ ਇੱਕ ਜਿਮ ਹੋਰ ਲਗਵਾਇਆ ਜਾਵੇ। ਇਸ ਦੌਰਾਨ ਸਮਾਗਮਾਂ ਦੌਰਾਨ ਭੇਜੀ ਜਾਣ ਵਾਲੀ ਫਾਇਰ ਬ੍ਰਿਗੇਡ ਦੀ ਗੱਡੀ ਦੇ ਰੇਟ ਵਧਾਉਣ ਦਾ ਮਤਾ ਵੀ ਪਾਸ ਕਰ ਦਿੱਤਾ ਗਿਆ। ਇਸ ਦੌਰਾਨ ਬੱਸ ਕਿਊਂ ਸ਼ੈਲਟਰ ਬਣਵਾਉਣ ਦੇ ਮਤੇ ਤੇ ਵੀ ਥੋੜ੍ਹੀ ਦੇਰ ਤਕ ਬਹਿਸ ਹੋਈ ਪਰ ਫਿਰ ਇਸ ਮਤੇ ਨੂੰ ਪਾਸ ਕਰ ਦਿੱਤਾ ਗਿਆ। ਪਿੰਡ ਕੁੰਭੜਾ ਦੀ ਕੌਂਸਲਰ ਨੇ ਪਿੰਡ ਵਿੱਚ ਕਰਵਾਏ ਗਏ ਵਿਕਾਸ ਕਾਰਜਾਂ ਬਦਲੇ ਮੇਅਰ ਦਾ ਧੰਨਵਾਦ ਕਰਨ ਦੀ ਗੱਲ ਆਖੀ ਅਤੇ ਇਸ ਮੌਕੇ ਉਹਨਾਂ ਦੇ ਨਾਲ ਹਾਉੂਸ ਵਿੱਚ ਮੌਜੂਦ ਹੋਰਨਾਂ ਮਹਿਲਾ ਕੌਂਸਲਰਾਂ ਵੱਲੋਂ ਮੇਅਰ ਦਾ ਬੁਕੇ ਦੇ ਕੇ ਧੰਨਵਾਦ ਕੀਤਾ ਗਿਆ। ਮੀਟਿੰਗ ਦੌਰਾਨ ਆਵਾਰਾ ਪਸ਼ੂਆਂ ਅਤੇ ਆਵਾਰਾ ਕੁੱਤਿਆਂ ਦਾ ਮੁੱਦਾ ਵੀ ਉਠਿਆ। ਇਸ ਦੌਰਾਨ ਕੌਂਸਲਰਾਂ ਕੁਲਜੀਤ ਸਿੰਘ ਬੇਦੀ, ਸਤਵੀਰ ਸਿੰਘ ਧਨੋਆ, ਹਰਪਾਲ ਚੰਨਾ, ਬੌਬੀ ਕੰਬੋਜ ਅਤੇ ਕੁਲਦੀਪ ਕੌਰ ਕੰਗ ਵੱਲੋਂ ਆਵਾਰਾ ਪਸ਼ੂਆਂ ਅਤੇ ਆਵਾਰਾ ਕੁੱਤਿਆਂ ਦਾ ਮੁੱਦਾ ਚੁੱਕਿਆ ਗਿਆ। ਇਸੇ ਦੌਰਾਨ ਪਿੰਡ ਦੇ ਕੌਂਸਲਰ ਬਿੰਦਰਾ ਬੈਦਵਾਨ ਵਲੋੱ ਸਵਾਲ ਕੀਤਾ ਗਿਆ ਕਿ ਪਿੰਡ ਦੀ ਗਲੀ ਤੇ ਦੀਵਾਰ ਬਣਾ ਕੇ ਕੀਤੇ ਗਏ ਕਬਜੇ ਬਾਰੇ ਪਿਛਲੀ ਮੀਟਿੰਗ ਵਿੱਚ ਉਨ੍ਹਾਂ ਵੱਲੋਂ ਕੀਤੀ ਸ਼ਿਕਾਇਤ ਤੇ ਕੀ ਕਾਰਵਾਈ ਹੋਈ ਹੈ। ਇਸ ’ਤੇ ਕਮਿਸ਼ਨਰ ਵਲੋੱ ਉਹਨਾਂ ਨੂੰ ਮੀਟਿੰਗ ਤੋਂ ਬਾਅਦ ਪੂਰੀ ਜਾਣਕਾਰੀ ਦੇਣ ਲਈ ਕਿਹਾ ਗਿਆ ਤਾਂ ਜੋ ਇਹ ਕਾਰਵਾਈ ਕਰਵਾਈ ਜਾ ਸਕੇ। ਕਮਿਊਨਿਟੀ ਸੈਂਟਰਾਂ ਦੇ ਰੇਟ ਵਧਾੳਣ ਦੇ ਮਤੇ ਤੇ ਕਾਬਜ਼ ਅਤੇ ਵਿਰੋਧੀ ਧੜੇ ਦੇ ਮੈਂਬਰਾਂ ਨੇ ਇੱਕ ਹੋ ਕੇ ਮੰਗ ਕੀਤੀ ਕਿ ਇਹ ਰੇਟ ਇੰਨੇ ਜਿਆਦਾ ਨਾ ਵਧਾਏ ਜਾਣ। ਇਸ ਮੌਕੇ ਮੇਅਰ ਨੇ ਕਿਹਾ ਕਿ ਨਿਗਮ ਵੱਲੋਂ ਇਨ੍ਹਾਂ ਕਮਿਊਨਿਟੀ ਸੈਂਟਰਾਂ ਤੇ ਕਾਫੀ ਖਰਚਾ ਕੀਤਾ ਜਾਣਾ ਹੈ ਅਤੇ ਫਿਰ ਇਨ੍ਹਾਂ ਦੇ ਰੱਖ ਰਖਾਓ ਤੇ ਵੀ ਲਗਾਤਾਰ ਖਰਚਾ ਹੋਣਾ ਹੈ ਇਸ ਲਈ ਰੇਟ ਵਧਾਉਣਾ ਨਿਗਮ ਦੀ ਮਜਬੂਰੀ ਹੈ। ਬਾਅਦ ਵਿੱਚ ਮੈਂਬਰਾਂ ਦੀ ਮੰਗ ਤੇ ਉਹਨਾਂ ਫੈਸਲਾ ਕੀਤਾ ਕਿ ਛੋਟੇ ਕਮਿਊਨਿਟੀ ਸੈਂਟਰਾਂ (ਜਿਨ੍ਹਾਂ ਦਾ ਕਿਰਾਇਆ ਪਹਿਲਾਂ 7500 ਸੀ) ਦਾ ਕਿਰਾਇਆ 17000 ਹੋਵੇਗਾ ਅਤੇ ਵੱਡੇ ਸੈਂਟਰਾਂ ਦਾ ਕਿਰਾਇਆ ਇਸੇ ਅਨੁਪਾਤ ਵਿੱਚ (ਲਗਭਗ 25000 ) ਵਧਾਇਆ ਜਾਵੇਗਾ। ਮੀਟਿੰਗ ਵਿੱਚ ਟੇਬਲ ਆਈਟਮ ਵਜੋਂ ਮਤਾ ਪੇਸ਼ ਕਰਕੇ ਸੈਕਟਰ-66 ਤੋਂ 69 ਅਤੇ ਸੈਕਟਰ-76 ਤੋਂ 80 ਦੀ ਪੀਣ ਵਾਲੇ ਪਾਣੀ ਦੀ ਸਪਲਾਈ ਦਾ ਕੰਮ ਗਮਾਡਾ ਤੋਂ ਆਪਣੇ ਹੱਥਾਂ ਵਿੱਚ ਲੈ ਕੇ ਅਤੇ ਸ਼ਹਿਰ ਵਾਸੀਆਂ ਨੂੰ ਨਿਗਮ ਵਲੋੱ ਪਹਿਲਾਂ ਸਪਲਾਈ ਕੀਤੇ ਜਾ ਰਹੇ ਪਾਣੀ ਦੇ ਰੇਟ ਅਨੁਸਾਰ ਪਾਣੀ ਦੀ ਸਪਲਾਈ ਕਰਨ ਦਾ ਮਤਾ ਸਰਵਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਇਸ ਮੌਕੇ ਇਹ ਵੀ ਫੈਸਲਾ ਕੀਤਾ ਗਿਆ ਕਿ ਜਿਨ੍ਹਾਂ ਲੋਕਾਂ ਦੇ ਬਿਲ ਸਰਕਾਰ ਵੱਲੋਂ ਮੁਆਫ਼ ਹਨ ਉਹਨਾਂ ਲਈ ਪਾਣੀ ਦੀ ਵਰਤੋੱ ਦੀ ਸਲੈਬ ਤੈਅ ਕੀਤੀ ਜਾਵੇ ਅਤੇ ਉੱਥੇ ਮੀਟਰ ਲਗਾਏ ਜਾਣ। ਜਿਹੜੇ ਵਸਨੀਕ ਆਪਣੀ ਮਿੱਥੀ ਸਲੈਬ ਤੋਂ ਘੱਟ ਪਾਣੀ ਵਰਤਣਗੇ ਉਹਨਾਂ ਦਾ ਪਾਣੀ ਮਾਫ ਰਹੇਗਾ ਅਤੇ ਜਿਹੜੇ ਵਿਅਕਤੀ ਇਸ ਤੋਂ ਵੱਧ ਪਾਣੀ ਵਰਤਣਗੇ ਉਹਨਾਂ ਤੋੱ ਪੂਰੇ ਪਾਣੀ ਦਾ ਬਿਲ ਵਸੂਲਿਆ ਜਾਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ