ਏਸੀਸੀ ਸੁਸਾਇਟੀ ਵਿੱਚ ਬੇਨਿਯਮੀਆਂ ਦੇ ਮਾਮਲੇ ’ਚ ਆਰਕੀਟੈਕਟ ਤੇ ਠੇਕੇਦਾਰ ਵੀ ਨਾਮਜ਼ਦ

ਘਪਲੇਬਾਜ਼ੀ ਵਿੱਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਜਾਵੇ: ਲਖਨਪਾਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਜੂਨ:
ਇੱਥੋਂ ਦੇ ਸੈਕਟਰ-76 ਸਥਿਤ ਦਿ ਏਸੀਸੀ ਮੈਂਬਰਜ ਕੋਪੋਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਲਿਮਟਿਡ ਦੇ ਮੈਂਬਰਾਂ ਰਾਜਿੰਦਰ ਸਿੰਘ, ਰਾਜਵਿੰਦਰ ਸਿੰਘ ਗਿੱਲ, ਸਰਬ ਸਿੰਘ, ਦਵਿੰਦਰ ਲਖਨਪਾਲ ਅਤੇ ਹੋਰਨਾਂ ਨੇ ਦੱਸਿਆ ਕਿ ਸੁਸਾਇਟੀ ਨੂੰ ਮਿਲੀ 100 ਫਲੈਟਾ ਦੀ ਉਸਾਰੀ ਦੀ ਥਾਂ 110 ਫਲੈਟਾਂ ਦੀ ਉਸਾਰੀ ਕਰਕੇ ਘਪਲੇਬਾਜ਼ੀ ਕਰਨ ਅਤੇ ਉਸਾਰੀ ਦੌਰਾਨ ਕਥਿਤ ਬੇਨਿਯਮੀਆਂ ਕਾਰਨ, ਸੁਸਾਇਟੀ ਦੇ ਠੇਕੇਦਾਰ ਰਾਹੁਲ ਕੋਹਲੀ ਅਤੇ ਆਰਕੀਟੈਕਟ ਵਿਨੋਦ ਜੋਸ਼ੀ ਵਿਰੁੱਧ ਲੰਮੀ ਪੜਤਾਲ ਤੋਂ ਬਾਅਦ ਵੱਖ-ਵੱਖ ਧਾਰਾਵਾਂ ਤਹਿਤ ਪੁਰਾਣੇ ਪਰਚੇ ਵਿੱਚ ਨਾਮਜ਼ਦ ਕੀਤਾ ਗਿਆ ਹੈ।
ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਵਿੰਦਰ ਲਖਨਪਾਲ ਅਤੇ ਹੋਰਨਾਂ ਮੈਂਬਰਾਂ ਨੇ ਦੱਸਿਆ ਕਿ ਉਕਤ ਸੁਸਾਇਟੀ ਨੂੰ ਜੂਨ 2011 ਦੌਰਾਨ ਗਮਾਡਾ ਨੇ 100 ਫਲੈਟਾਂ ਦੀ ਉਸਾਰੀ ਲਈ 1.71 ਏਕੜ ਜ਼ਮੀਨ ਅਲਾਟ ਕੀਤੀ ਸੀ ਪ੍ਰੰਤੂ ਉਸ ਸਮੇਂ ਦੇ ਸੁਸਾਇਟੀ ਦੇ ਪ੍ਰਧਾਨ ਨੇ ਠੇਕੇਦਾਰ ਅਤੇ ਆਰਕੀਟੈਕਟ ਦੇ ਨਾਲ ਮਿਲ ਕੇ ਗਮਾਡਾ ਦੀ ਪ੍ਰਵਾਨਗੀ ਪ੍ਰਾਪਤ ਕੀਤੇ ਬਿਨਾਂ 110 ਫਲੈਟਾ ਦੀ ਉਸਾਰੀ ਦਾ ਨਿਰਮਾਣ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਗਮਾਡਾ ਨੇ 2013 ਵਿੱਚ ਉਸਾਰੀ ਦੇ ਕੰਮ ਵਿੱਚ ਹੋਈਆਂ ਬੇਨਿਯਮਿਆਂ ਕਾਰਨ ਉਸਾਰੀ ਦੇ ਕੰਮ ਉੱਪਰ ਰੋਕ ਲਗਾ ਦਿੱਤੀ ਸੀ ਅਤੇ ਇਹ ਕੰਮ ਹੁਣ ਵੀ ਬੰਦ ਪਿਆ ਹੈ।
ਸ੍ਰੀ ਲਖਨਪਾਲ ਨੇ ਦੱਸਿਆ ਕਿ ਇਸ ਸਬੰਧੀ ਸੁਸਾਇਟੀ ਦੇ ਮੈਂਬਰਾਂ ਦੀ ਸ਼ਿਕਾਇਤ ’ਤੇ ਸੁਸਾਇਟੀ ਦੇ ਸਾਬਕਾ ਪ੍ਰਧਾਨ ਅਤੇ ਸਕੱਤਰ ਦੇ ਖ਼ਿਲਾਫ਼ ਐਫਆਈਆਰ 11/2017 ਥਾਣਾ ਸੋਹਾਣਾ ਵਿਖੇ ਦਰਜ ਕਰ ਲਈ ਗਈ ਸੀ ਪ੍ਰੰਤੂ ਸੁਸਾਇਟੀ ਦੇ ਠੇਕੇਦਾਰ ਅਤੇ ਆਰਕੀਟੈਕਟ ਦੇ ਖ਼ਿਲਾਫ਼ ਮਾਮਲਾ ਦਰਜ ਨਹੀਂ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਗਮਾਡਾ ਵੱਲੋਂ ਐਸਐਸਪੀ ਨੂੰ ਲਿਖਿਆ ਗਿਆ ਕਿ ਉਸਾਰੀ ਵਿੱਚ ਹੋਈ ਬੇਨਿਯਮੀਆਂ ਅਤੇ ਘਪਲੇਬਾਜ਼ੀ ਦੇ ਮਾਮਲੇ ਵਿੱਚ ਠੇਕੇਦਾਰ ਅਤੇ ਆਰਕੀਟੈਕਟ ਵਿਰੁੱਧ ਵੀ ਕਾਰਵਾਈ ਕੀਤੀ ਜਾਵੇ।
ਇਸੇ ਤਰ੍ਹਾਂ ਰਜਿਸ਼ਟਰਾਰ, ਸਹਿਕਾਰੀ ਸਭਾਵਾਂ ਪੰਜਾਬ ਵੱਲੋਂ ਵੀ ਐਸਐਸਪੀ ਨੂੰ ਇਸ ਸਬੰਧੀ ਠੇਕੇਦਾਰ ਅਤੇ ਆਰਕੀਟੈਕਟ ਦੇ ਖ਼ਿਲਾਫ਼ ਕਾਰਵਾਈ ਲਈ ਲਿਖਿਆ ਗਿਆ। ਸੁਸਾਇਟੀ ਮੈਂਬਰਾਂ ਵੱਲੋਂ ਵੀ ਐਸਐਸਪੀ ਨੂੰ ਇਨਸਾਫ਼ ਦੇਣ ਲਈ ਬੇਨਤੀ ਕੀਤੀ ਗਈ ਸੀ। ਉਨ੍ਹਾਂ ਨੇ ਐਸਐਸਪੀ ਦਾ ਉਨ੍ਹਾਂ ਨੂੰ ਇਨਸਾਫ਼ ਦੇਣ ਲਈ ਧੰਨਵਾਦ ਕੀਤਾ ਹੈ। ਹੁਣ ਜਾਂਚ ਉਪਰੰਤ ਐਸਐਸਪੀ ਦੇ ਆਦੇਸ਼ ਅਨੁਸਾਰ ਬਾਕੀ ਜ਼ਿੰਮੇਵਾਰ ਵਿਅਕਤੀਆਂ ਨੂੰ ਡੀਡੀਆਰ 35/1.4.2021 ਅਨੁਸਾਰ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਸੋਹਾਣਾ ਵਿੱਚ ਐਫ਼ਆਈਆਰ 11/2017 ਵਿੱਚ ਨਾਮਜ਼ਦ ਕੀਤਾ ਗਿਆ ਹੈ। ਹੁਣ 8 ਸਾਲ ਬਾਅਦ ਮੈਂਬਰਾਂ ਨੂੰ ਲੱਖਾਂ ਰੁਪਏ ਡੁੱਬਣ ਦੀ ਥਾਂ ਘਰ ਮਿਲਣ ਦੀ ਆਸ ਬੱਝ ਗਈ ਹੈ। ਸੁਸਾਇਟੀ ਮੈਂਬਰਾਂ ਨੇ ਐਸਐਸਪੀ ਨੂੰ ਬੇਨਤੀ ਕੀਤੀ ਕਿ ਇਸ ਘਪਲੇਬਾਜ਼ੀ ਵਿੱਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਜਲਦੀ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਜਾਵੇ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …