‘ਸ਼ਹੀਦ ਕਿਸਾਨ ਦਿਵਸ’: ਮੁਹਾਲੀ ਦੇ ਪਿੰਡਾਂ ’ਚ ਅਰਦਾਸ ਸਮਾਗਮ, ਸੋਹਾਣਾ ਤੇ ਲਾਂਡਰਾਂ ਵਿੱਚ ਮੋਮਬੱਤੀ ਮਾਰਚ

ਕਿਸਾਨਾਂ ਵੱਲੋਂ ਅਜੈ ਮਿਸ਼ਰਾ ਨੂੰ ਮੰਤਰੀ ਪਦ ਤੋਂ ਹਟਾਉਣ ਤੇ ਕੇਸ ਦੀ ਸੁਣਵਾਈ ਫਾਸਟ ਟਰੈਕ ’ਤੇ ਕਰਨ ਦੀ ਮੰਗ

ਪੈਰੀਫੇਰੀ ਮਿਲਕਮੈਨ ਯੂਨੀਅਨ ਮੁਹਾਲੀ-ਚੰਡੀਗੜ੍ਹ ਨੇ ਵੀ ਸ਼ਹੀਦ ਕਿਸਾਨਾਂ ਨੂੰ ਦਿੱਤੀ ਸ਼ਰਧਾਂਜਲੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਅਕਤੂਬਰ:
ਲਖੀਮਪੁਰ ਖੀਰੀ (ਯੂਪੀ) ਇਲਾਕੇ ਵਿੱਚ ਪਿਛਲੇ ਦਿਨੀਂ ਵਾਪਰੇ ਭਿਆਨਕ ਦੁਖਾਂਤ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਮੁਹਾਲੀ ਦੇ ਪਿੰਡਾਂ ਵਿੱਚ ਸ਼ਰਧਾਂਜਲੀ ਦੇਣ ਲਈ ਗੁਰਦੁਆਰਾ ਸਾਹਿਬਾਨਾਂ ਵਿੱਚ ਅਰਦਾਸ ਸਮਾਗਮ ਕਰਵਾਏ ਗਏ ਅਤੇ ਸ਼ਾਮ ਨੂੰ ਇਤਿਹਾਸਕ ਨਗਰ ਸੋਹਾਣਾ ਅਤੇ ਲਾਂਡਰਾਂ ਵਿੱਚ ਕਿਸਾਨਾਂ ਵੱਲੋਂ ਮੋਮਬੱਤੀ ਮਾਰਚ ਕੀਤੇ ਗਏ। ਇੱਥੋਂ ਦੇ ਨਜ਼ਦੀਕੀ ਪਿੰਡ ਧਰਮਗੜ੍ਹ ਦੇ ਗੁਰਦੁਆਰੇ ਵਿੱਚ ਗੁਰਦੇਵ ਸਿੰਘ ਭੁੱਲਰ ਅਤੇ ਹਰਵਿੰਦਰ ਸਿੰਘ ਦੀ ਅਗਵਾਈ ਹੇਠ ‘ਸ਼ਹੀਦ ਕਿਸਾਨ ਦਿਵਸ’ ਦੇ ਮੌਕੇ ਅਰਦਾਸ ਸਮਾਗਮ ਕਰਵਾਇਆ ਗਿਆ।
ਉਨ੍ਹਾਂ ਕਿਹਾ ਕਿ ਇਸ ਘਟਨਾਕ੍ਰਮ ਸਬੰਧੀ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਵੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ ਹਨ। ਇਸ ਲਈ ਪ੍ਰਧਾਨ ਮੰਤਰੀ ਨੂੰ ਚਾਹੀਦਾ ਹੈ ਅਜੈ ਮਿਸ਼ਰਾ ਨੂੰ ਤੁਰੰਤ ਮੰਤਰੀ ਮੰਡਲ ’ਚੋਂ ਬਾਹਰ ਕਰਕੇ ਕਿਸਾਨਾਂ ਦੇ ਗੁੱਸੇ ਨੂੰ ਸ਼ਾਂਤ ਕੀਤਾ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਮੰਤਰੀ ਦੇ ਮੁਲਜ਼ਮ ਪੁੱਤਰ ਵਿਰੁੱਧ ਫਾਸਟ ਟਰੈਕ ਅਦਾਲਤ ਵਿੱਚ ਕੇਸ ਦੀ ਸੁਣਵਾਈ ਕੀਤੀ ਜਾਵੇ। ਇਸ ਮੌਕੇ ਨੰਬਰਦਾਰ ਹਰਨੇਕ ਸਿੰਘ, ਸੁੱਚਾ ਸਿੰਘ, ਹਰਪ੍ਰੀਤ ਸਿੰਘ, ਸਾਬਕਾ ਸਰਪੰਚ ਗਿਆਨ ਸਿੰਘ ਅਤੇ ਹੋਰ ਮੋਹਤਬਰ ਵਿਅਕਤੀ ਮੌਜੂਦ ਸਨ।
ਕਿਸਾਨ ਯੂਨੀਅਨ (ਚੜੂਨੀ) ਬਲਾਕ ਮੁਹਾਲੀ ਦੇ ਪ੍ਰਧਾਨ ਗੀਤਇੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਲਾਂਡਰਾਂ ਵਿੱਚ ਮੋਮਬੱਤੀ ਮਾਰਚ ਕੀਤਾ ਗਿਆ। ਇਹ ਮੋਮਬੱਤੀ ਮਾਰਚ ਲਾਂਡਰਾਂ ਟੀ-ਪੁਆਇੰਟ ਤੋਂ ਸ਼ੁਰੂ ਹੋਇਆ ਜੋ ਮਾਰਕੀਟ ਸਮੇਤ ਪਿੰਡ ਦੇ ਆਲੇ-ਦੁਆਲੇ ਚੱਕਰ ਲਗਾਉਣ ਉਪਰੰਤ ਸਮਾਪਤ ਹੋਇਆ। ਇੰਜ ਹੀ ਪੁਆਧ ਇਲਾਕਾ ਮੁਹਾਲੀ ਦੇ ਕਿਸਾਨਾਂ ਵੱਲੋਂ ਸੋਹਾਣਾ ਵਿੱਚ ਮੋਮਬੱਤੀ ਕੀਤਾ ਗਿਆ ਅਤੇ ਭੁੱਖ ਹੜਤਾਲ ਕੈਂਪਸ ਵਿੱਚ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਨੰਬਰਦਾਰ ਹਰਵਿੰਦਰ ਸਿੰਘ, ਦਵਿੰਦਰ ਸਿੰਘ ਬੌਬੀ, ਅਮਨ ਪੂਨੀਆ, ਮਿੰਦਰ ਸਿੰਘ ਸੋਹਾਣਾ, ਖ਼ੁਸ਼ਇੰਦਰ ਸਿੰਘ ਬੈਦਵਾਨ, ਸੁਰਿੰਦਰ ਸਿੰਘ ਕੰਗ, ਅਮਰਜੀਤ ਸਿੰਘ, ਬੰਤ ਸਿੰਘ ਸਮੇਤ ਬੀਬੀਆਂ ਵੀ ਹਾਜ਼ਰ ਸਨ।
ਪੈਰੀਫੇਰੀ ਮਿਲਕਮੈਨ ਯੂਨੀਅਨ ਮੁਹਾਲੀ-ਚੰਡੀਗੜ੍ਹ ਨੇ ਕਿਸਾਨ ਸ਼ਹੀਦੀ ਦਿਵਸ ਮੌਕੇ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਸ਼ਹੀਦਾਂ ਦੀ ਯਾਦ ਵਿੱਚ ਮੌਨ ਧਾਰਿਆ। ਯੂਨੀਅਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ ਨੇ ਕਿਹਾ ਕਿ ਭਾਜਪਾ ਸਰਕਾਰਾਂ ਕਿਸਾਨੀ ਅੰਦੋਲਨ ਨੂੰ ਡੰਡੇ ਦੇ ਜ਼ੋਰ ਨਾਲ ਕੁਚਲਣਾ ਚਾਹੁੰਦੀਆਂ ਹਨ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਲੱਠ ਮਾਰ ਤਿਆਰ ਕਰਨ ਦੇ ਬਿਆਨ ਨੂੰ ਲੋਕਤੰਤਰ ਦੇ ਖ਼ਿਲਾਫ਼ ਦੱਸਦਿਆਂ ਕਿਹਾ ਕਿ ਖੱਟਰ ਦੀ ਹੱਲਾਸ਼ੇਰੀ ਤੋਂ ਬਾਅਦ ਹੀ ਇਹ ਘਟਨਾ ਵਾਪਰੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਗੁੰਡਾਗਰਦੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਮੌਕੇ ਸੁਖਵਿੰਦਰ ਸਿੰਘ ਬਾਸੀਆਂ, ਜਸਵੀਰ ਸਿੰਘ ਨਰੈਣਾ, ਸੰਤ ਸਿੰਘ ਕੁਰੜੀ, ਦਲਜੀਤ ਸਿੰਘ ਮਨਾਣਾ, ਸਤਪਾਲ ਸਿੰਘ ਸਵਾੜਾ, ਬਲਵਿੰਦਰ ਸਿੰਘ ਬੀੜ ਪ੍ਰਧਾਨ ਮੁਹਾਲੀ, ਮਨਜੀਤ ਸਿੰਘ ਹੁਲਕਾ, ਮਨਜੀਤ ਸਿੰਘ ਪ੍ਰਧਾਨ ਜ਼ੀਰਕਪਰ, ਸੁਰਿੰਦਰ ਸਿੰਘ ਬਰਿਆਲੀ, ਭਗਤ ਸਿੰਘ ਕੰਸਾਲਾ, ਜਸਬੀਰ ਸਿੰਘ ਢਕੋਰਾਂ, ਸੁਭਾਸ਼ ਗੋਚਰ, ਨਰਿੰਦਰ ਸਿੰਘ ਸਿਆਊ, ਜਗਤਾਰ ਸਿੰਘ ਅਤੇ ਹਰਦੀਪ ਸਿੰਘ ਮਟੌਰ ਹਾਜ਼ਰ ਸਨ।
ਉਧਰ, ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਬਾਹਰ ਕਿਸਾਨ ਮੋਰਚੇ ਦੇ ਸਮਰਥਨ ਵਿੱਚ ਚੱਲ ਰਹੀ ਲੜੀਵਾਰ ਭੁੱਖ-ਹੜਤਾਲ ਅਤੇ ਧਰਨਾ ਅੱਜ 128ਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਅੱਜ ਸੋਹਾਣਾ ਦੇ ਵਸਨੀਕ ਕੁਲਦੀਪ ਸਿੰਘ, ਬਲਵਿੰਦਰ ਸਿੰਘ, ਹਰਵਿੰਦਰ ਸਿੰਘ, ਦਰਸ਼ਨ ਸਿੰਘ ਅਤੇ ਨਰਿੰਦਰ ਸਿੰਘ ਭੁੱਖ-ਹੜਤਾਲ ’ਤੇ ਬੈਠੇ।

ਇਸੇ ਤਰ੍ਹਾਂ ਮੁਹਾਲੀ ਦੇ ਫੇਜ਼-4 ਵਿੱਚ ਸਥਾਨਕ ਵੱਲੋਂ ਮੋਮਬੱਤੀ ਮਾਰਚ ਕੀਤਾ ਗਿਆ। ਜਿਸ ਵਿੱਚ ਪ੍ਰਧਾਨ ਸੁਖਦੀਪ ਸਿੰਘ ਨਿਆਂ ਸ਼ਹਿਰ, ਕੌਂਸਲਰ ਰੁਪਿੰਦਰ ਕੌਰ ਰੀਨਾ, ਸਿਕੰਦਰ ਸਿੰਘ, ਦਰਸ਼ਨ ਸਿੰਘ, ਚਰਨਜੀਤ ਕੌਰ ਸੈਣੀ, ਕਰਮਜੀਤ ਸਿੰਘ ਧਨੋਆ,, ਬਲਵਿੰਦਰ ਕੌਰ ਵੀ ਹਾਜ਼ਰ ਸਨ। ਛੋਟੀ ਬੱਚੀ ਹਰਗੁਨਦੀਪ ਕੌਰ ਨੇ ਵੀ ਆਪਣੇ ਪਰਿਵਾਰ ਨਾਲ ਸ਼ਿਰਕਤ ਕੀਤੀ। ਸੰਯੁਕਤ ਕਿਸਾਨ ਮੋਰਚਾ ਦੇ ਆਗੂ ਕਿਰਪਾਲ ਸਿੰਘ ਸਿਆਊ ਨੇ ਆਪਣੇ ਦੇ ਗੇਟ ਉੱਤੇ ਮੋਮਬੱਤੀਆਂ ਜਲ੍ਹਾ ਕੇ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

Load More Related Articles

Check Also

ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਦੇ ਮੁਖੀ ਸਣੇ ਕਈ ਅਫ਼ਸਰ ਮੁਅੱਤਲ

ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਦੇ ਮੁਖੀ ਸਣੇ ਕਈ ਅਫ਼ਸਰ ਮੁਅੱਤਲ ਪਰਮਾਰ ਤੇ ਹੋਰਨਾਂ ਵ…