nabaz-e-punjab.com

ਹਥਿਆਰਬੰਦ ਲੁਟੇਰਿਆਂ ਨੇ ਕੂਰੀਅਰ ਕੰਪਨੀ ’ਚੋਂ ਸਾਢੇ 3 ਲੱਖ ਰੁਪਏ ਲੁੱਟੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਮਾਰਚ:
ਇੱਥੋਂ ਦੇ ਸਨਅਤੀ ਏਰੀਆ ਫੇਜ਼-8ਬੀ ਵਿੱਚ ਤਿੰਨ ਹਥਿਆਰਬੰਦ ਲੁਟੇਰਿਆਂ ਵੱਲੋਂ ਡੇਲੀ ਵੈਰੀ ਨਾਂ ਦੀ ਕੂਰੀਅਰ ਕੰਪਨੀ ’ਚੋਂ ਕਰੀਬ ਸਾਢੇ 3 ਲੱਖ ਰੁਪਏ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਕੰਪਨੀ ਦੇ ਟੀਮ ਆਗੂ ਦਾਨਿਸ਼ ਖਾਨ ਵਾਸੀ ਢਕੌਲੀ (ਜ਼ੀਰਕਪੁਰ) ਦੀ ਸ਼ਿਕਾਇਤ ’ਤੇ ਥਾਣਾ ਫੇਜ਼-1 ਵਿੱਚ ਧਾਰਾ 379ਬੀ, 458, 34 ਅਤੇ ਅਸਲਾ ਐਕਟ ਦੇ ਤਹਿਤ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਮੁਲਜ਼ਮਾਂ ਦੀ ਪੈੜ ਨੱਪਣ ਦੇ ਨਾਲ-ਨਾਲ ਕੂਰੀਅਰ ਕੰਪਨੀ ਵਿੱਚ ਕੰਮ ਕਰਦੇ ਮੁਲਾਜ਼ਮਾਂ ਤੋਂ ਵੀ ਪੁੱਛਗਿੱਛ ਕੀਤੀ ਹੈ। ਲੇਕਿਨ ਦੇਰ ਸ਼ਾਮ ਤੱਕ ਪੁਲੀਸ ਨੂੰ ਲੁਟੇਰਿਆਂ ਖ਼ਿਲਾਫ਼ ਕੋਈ ਠੋਸ ਸਬੂਤ ਨਹੀਂ ਮਿਲਿਆ। ਉਂਜ ਇਹ ਜਾਣਕਾਰੀ ਮਿਲੀ ਹੈ ਕਿ ਲੁਟੇਰੇ ਪਿਆਗੋ ਕਾਰ ’ਚ ਆਏ ਸੀ।
ਟੀਮ ਆਗੂ ਦਾਨਿਸ਼ ਖਾਨ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਕੂਰੀਅਰ ਡਾਕ ਅਤੇ ਪਾਰਸਲ ਨੂੰ ਇਕ ਤੋਂ ਦੂਜੀ ਥਾਂ ਸਪਲਾਈ ਕਰਨ ਦਾ ਕੰਮ ਕਰਦੀ ਹੈ। ਜਿਸ ਸਬੰਧੀ ਕੰਪਨੀ ਵਿੱਚ 6 ਤੋਂ 7 ਲੱਖ ਰੁਪਏ ਰੋਜ਼ਾਨਾ ਆਮਦਨ ਹੁੰਦੀ ਹੈ, ਜੋ ਕਿ ਦੁਪਹਿਰ ਵੇਲੇ ਜਮਾਂ ਕਰਵਾ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੇ ਦਫ਼ਤਰ ਵਿੱਚ 3 ਕਰਮਚਾਰੀ ਮੌਜੂਦ ਸਨ। ਇਸ ਦੌਰਾਨ ਸਾਢੇ ਅੱਠ ਵਜੇ ਦੇ ਕਰੀਬ 3 ਵਿਅਕਤੀ ਆਏ। ਜਿਨ੍ਹਾਂ ਨੇ ਆਪਣੇ ਮੂੰਹ ਮਫ਼ਲਰ ਨਾਲ ਢਕੇ ਹੋਏ ਸਨ। ਇਨ੍ਹਾਂ ਵਿਅਕਤੀਆਂ ਨੇ ਦਫ਼ਤਰ ਵਿੱਚ ਮੌਜੂਦ ਸਟਾਫ਼ ਨੂੰ ਪਿਸਤੌਲ ਦਿਖਾ ਕੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਅਤੇ ਕੰਪਨੀ ਦਫ਼ਤਰ ’ਚੋਂ ਸਾਰਾ ਪੈਸਾ ਉਨ੍ਹਾਂ ਦੇ ਹਵਾਲੇ ਕਰਨ ਲਈ ਕਿਹਾ।
ਸ਼ਿਕਾਇਤ ਮੁਤਾਬਕ ਉਨ੍ਹਾਂ ਦੇ ਕਰਮਚਾਰੀ ਕੁਝ ਸਮਝ ਪਾਉਂਦੇ ਏਨੇ ਵਿੱਚ ਲੁਟੇਰੇ ਦਫ਼ਤਰ ਵਿੱਚ ਪਏ ਕਰੀਬ ਸਾਢੇ 3 ਲੱਖ ਰੁਪਏ ਦੀ ਨਗਦੀ ਲੁੱਟ ਕੇ ਫਰਾਰ ਹੋ ਗਏ। ਸੂਚਨਾ ਮਿਲਦੇ ਹੀ ਸਨਅਤੀ ਏਰੀਆ ਪੁਲੀਸ ਚੌਕੀ ਦੇ ਇੰਚਾਰਜ ਬਲਜਿੰਦਰ ਸਿੰਘ ਮੰਡ ਅਤੇ ਹੋਰ ਪੁਲੀਸ ਕਰਮਚਾਰੀ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ। ਪੁਲੀਸ ਦੀ ਜਾਂਚ ਟੀਮ ਨੇ ਕੂਰੀਅਰ ਕੰਪਨੀ ਅਤੇ ਅਤੇ ਆਸ ਪਾਸ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀਆਂ ਗਈਆਂ। ਇਸ ਦੌਰਾਨ ਇਹ ਗੱਲ ਪਤਾ ਚੱਲੀ ਕਿ ਲੁਟੇਰੇ ਟਾਟਾ ਪਿਆਗੋ ਕਾਰ ਵਿੱਚ ਆਏ ਸਨ। ਆਰਟੀਏ ਦਫ਼ਤਰ ਦੀ ਜਾਣਕਾਰੀ ਅਨੁਸਾਰ ਕਾਰ ’ਤੇ ਲੱਗਾ ਨੰਬਰ ਜਾਅਲੀ ਹੈ। ਹਾਲਾਂਕਿ ਦਾਨਿਸ਼ ਖਾਨ ਨੇ ਇਕ ਕੈਬਿਨ ਵਿੱਚ ਜਾ ਕੇ ਕੰਪਿਊਟਰ ਰਾਹੀਂ ਟਰੈਕਿੰਗ ਨੰਬਰ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਕ ਲੁਟੇਰੇ ਨੇ ਪਿੱਛੋਂ ਆ ਕੇ ਉਸ ਦੀ ਪਿੱਠ ’ਤੇ ਪਿਸਤੌਲ ਤਾਣ ਲਈ ਅਤੇ ਉਸ ਨੂੰ ਚੁੱਪ ਚਾਪ ਕੁਰਸੀ ’ਤੇ ਬੈਠੇ ਰਹਿਣ ਲਈ ਕਿਹਾ ਗਿਆ। ਲੁਟੇਰੇ ਦਫ਼ਤਰ ’ਚੋਂ ਪੈਸਿਆਂ ਵਾਲੇ ਬੈਗ ਦੇ ਨਾਲ ਨਾਲ ਉਸ ਦਾ ਮੋਬਾਈਲ ਫੋਨ ਵੀ ਖੋਹ ਕੇ ਲੈ ਗਏ। ਲੁਟੇਰਿਆਂ ਦੇ ਜਾਣ ਤੋਂ ਬਾਅਦ ਉਸ ਨੇ ਡਿਲੀਵਰੀ ਬੁਆਏ ਮਨੋਜ ਕੁਮਾਰ ਦੇ ਫੋਨ ਤੋਂ ਮੁਹਾਲੀ ਪੁਲੀਸ ਨੂੰ ਲੁੱਟ ਦੀ ਵਾਰਦਾਤ ਬਾਰੇ ਸੂਚਨਾ ਦਿੱਤੀ ਗਈ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…