ਨੌਜਵਾਨਾਂ ਨੂੰ ਫੌਜ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰੇਗੀ ਫੌਜੀ ਕਲਾ ਤੇ ਚਿੱਤਰ ਪ੍ਰਦਰਸ਼ਨੀ

ਨੁਮਾਇਸ਼ ਵਿੱਚ ਪਹੁੰਚੇ ਸਾਬਕਾ ਫੌਜੀਆਂ ਵੱਲੋਂ ਉਮੀਦ ਜ਼ਾਹਰ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 19 ਨਵੰਬਰ:
ਇੱਥੋਂ ਦੀ ਆਰਟ ਗੈਲਰੀ ਵਿੱਚ ਬੀਤੇ ਦਿਨ ਸ਼ੁਰੂ ਹੋਈ ਦੋ ਰੋਜ਼ਾ ਫੌਜੀ ਕਲਾ ਤੇ ਚਿੱਤਰ ਪ੍ਰਦਰਸ਼ਨੀ ਜੰਗੀ ਫੌਜੀਆਂ ਅਤੇ ਸਾਬਕਾ ਸੈਨਿਕਾਂ ਦੀ ਇਸ ਉਮੀਦ ਨਾਲ ਖਤਮ ਹੋਈ ਕਿ ਇਹ ਉਪਰਾਲਾ ਨੌਜਵਾਨਾਂ ਨੂੰ ਰੱਖਿਆ ਸੈਨਾਵਾਂ ਵਿੱਚ ਸ਼ਾਮਲ ਹੋਣ ਪ੍ਰਤੀ ਪ੍ਰੇਰਿਤ ਕਰਨ ਵਿੱਚ ਸਹਾਈ ਸਿੱਧ ਹੋਵੇਗਾ। ਪੰਜਾਬ ਦੇ ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਟੀ. ਐਸ. ਸ਼ੇਰਗਿੱਲ ਨੇ ਆਖਿਆ ਚੰਡੀਗੜ੍ਹ ਵਿਖੇ 7 ਤੋਂ 9 ਦਸੰਬਰ ਨੂੰ ਹੋ ਰਹੇ ਮੁਲਕ ਦੇ ਪਹਿਲੇ ਮਿਲਟਰੀ ਲਿਟਰੇਚਰ ਫੈਸਟੀਵਲ ਦੀਆਂ ਅਗਾਊਂ ਸਰਗਰਮੀਆਂ ਦੇ ਹਿੱਸੇ ਵੱਜੋਂ ਲਾਈ ਇਹ ਨੁਮਾਇਸ਼ ਰੱਖਿਆ ਸੈਨਾਵਾਂ ਵਿੱਚ ਸ਼ਾਮਲ ਹੋਣ ਲਈ ਨੌਜਵਾਨਾਂ ਨੂੰ ਉਤਸ਼ਾਹਤ ਕਰਨ ਵਾਸਤੇ ਅਹਿਮ ਭੂਮਿਕਾ ਅਦਾ ਕਰੇਗੀ।
ਲੈਫਟੀਨੈਂਟ ਜਨਰਲ ਸ਼ੇਰਗਿੱਲ ਨੇ ਕਿਹਾ, ‘‘ਸਾਡੇ ਕੋਲ ਬਹਾਦਰੀ ਤੇ ਸਮਰਪਿਤ ਭਾਵਨਾ ਨਾਲ ਸੇਵਾ ਕਰਨ ਵਾਲੀ ਫੌਜ ਦਾ ਸ਼ਾਨਦਾਰ ਵਿਰਸਾ ਹੈ ਅਤੇ ਸਾਡਾ ਇਹ ਵਿਰਸਾ ਸਾਡਾ ਅਨਮੋਲ ਖਜ਼ਾਨਾ ਹੈ ਜੋ ਹਮੇਸ਼ਾ ਨੌਜਵਾਨਾਂ ਲਈ ਪ੍ਰੇਰਨਾ ਦਾ ਸਰੋਤ ਰਿਹਾ ਹੈ’’। ਰੱਖਿਆ ਸੈਨਾਵਾਂ ਪ੍ਰਤੀ ਪੰਜਾਬੀ ਨੌਜਵਾਨਾਂ ਦੀ ਦਿਲਚਸਪੀ ਘਟਣ ਦੇ ਤਾਜ਼ਾ ਰੁਝਾਨ ’ਤੇ ਚਿੰਤਾ ਜ਼ਾਹਰ ਕਰਦਿਆਂ ਲੈਫਟੀਨੈਂਟ ਜਨਰਲ ਸ਼ੇਰਗਿਲ ਨੇ ਆਖਿਆ ਕਿ ਇਹ ਦੋ ਦਿਨਾਂ ਪ੍ਰਦਰਸ਼ਨੀ ਮਿਲਟਰੀ ਲਿਟਰੇਚਰ ਫੈਸਟੀਵਲ ਅਧੀਨ ਕਰਵਾਏ ਜਾ ਰਹੇ ਪ੍ਰੋਗਰਾਮਾਂ ਦੀ ਲੜੀ ਦਾ ਇਕ ਹਿੱਸਾ ਹੈ ਜਿਸ ਦਾ ਉਦੇਸ਼ ਹੀ ਨੌਜਵਾਨਾਂ ਨੂੰ ਰੱਖਿਆ ਸੈਨਾਵਾਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ 25 ਤੋਂ 30 ਫੀਸਦੀ ਪੰਜਾਬੀ ਨੌਜਵਾਨ ਫੌਜ ਵਿੱਚ ਆਪਣੀਆਂ ਸੇਵਾਵਾਂ ਨਿਭਾਉਣ।
ਲੈਫਟੀਨੈਂਟ ਜਨਰਲ ਸ਼ੇਰਗਿੱਲ ਨੇ ਨਾ ਸਿਰਫ ਮੇਜਰ ਜਨਰਲ ਰਜਿੰਦਰ ਸਿੰਘ ਸਪੈਰੋ ਦੇ ਭਾਰਤੀ ਫੌਜ ਪ੍ਰਤੀ ਯੋਗਦਾਨ ਨੂੰ ਯਾਦ ਕੀਤਾ ਸਗੋਂ ਉਨ੍ਹਾਂ ਵੱਲੋਂ ਇਸ ਗੌਰਵਮਈ ਸੰਸਥਾ ਦਾ ਹਿੱਸਾ ਬਣਨ ਦੇ ਆਪਣੇ ਫੈਸਲੇ ਨੂੰ ਵੀ ਚੇਤੇ ਕੀਤਾ। ਨੁਮਾਇਸ਼ ਵਿੱਚ ਪ੍ਰਦਰਸ਼ਿਤ ਕੀਤੀਆਂ ਤਸਵੀਰਾਂ ਵਿੱਚ ਮੇਜਰ ਜਨਰਲ ਸਿੰਘ ਦੀ ਤਸਵੀਰ ਵੀ ਸ਼ਾਮਲ ਸੀ। ਲੈਫਟੀਨੈਂਟ ਜਨਰਲ ਸ਼ੇਰਗਿੱਲ ਨੇ ਭਾਰਤੀ ਫੌਜ ਦੀ ਪੱਛਮੀ ਕਮਾਂਡ ਦੀ ਟੀਮ ਦੀ ਵੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਬਹੁਤ ਘੱਟ ਸਮੇਂ ਵਿੱਚ ਵਿਲੱਖਣ ਤਸਵੀਰਾਂ ਅਤੇ ਕਲਾਕ੍ਰਿਤਾਂ ਦਾ ਅਦੱਭੁਤ ਖਜ਼ਾਨਾ ਇਸ ਨੁਮਾਇਸ਼ ਦਾ ਹਿੱਸਾ ਬਣਾਉਣ ਵਿੱਚ ਸ਼ਾਨਦਾਰ ਕੰਮ ਕੀਤਾ। ਇਹ ਨੁਮਾਇਸ਼ ਬੀਤੇ ਦਿਨ ਸ਼ੁਰੂ ਹੋਈ ਜਿਸ ਵਿੱਚ ਪਹਿਲੇ ਵਿਸ਼ਵ ਯੁੱਧ ਤੋਂ ਲੈ ਕੇ ਹੁਣ ਤੱਕ ਹੋਈਆਂ ਫੌਜੀ ਕਾਰਵਾਈਆਂ ਵਿੱਚ ਭਾਰਤੀ ਫੌਜ ਦੇ ਸ਼ਾਨਦਾਰ ਇਤਿਹਾਸ ਦਾ ਗੌਰਵਮਈ ਸਫਰ ਮੂਰਤੀਮਾਨ ਕੀਤਾ ਗਿਆ ਸੀ। ਇਸ ਦੋ ਦਿਨਾਂ ਨੁਮਾਇਸ਼ ਵਿੱਚ ਫੌਜ ਨਾਲ ਸਬੰਧਤ ਤਸਵੀਰਾਂ, ਕਲਾਕ੍ਰਿਤੀਆਂ, ਮੈਡਲ, ਸਿੱਖ ਰਾਜ ਦੇ ਸਮੇਂ ਦਾ ਫੌਜ ਨਾਲ ਸਬੰਧਤ ਗੋਲੀ-ਸਿੱਕਾ, ਅਫਸਰਾਂ ਦੀਆਂ ਨਿੱਜੀ ਚੀਜ਼ਾਂ ਅਤੇ 1971 ਦੀ ਫੌਜੀ ਕਾਰਵਾਈ ਦੌਰਾਨ ਪਾਕਿਸਤਾਨੀ ਫੌਜ ਤੋਂ ਕਬਜ਼ੇ ਵਿੱਚ ਲਏ ਝੰਡਿਆਂ ਸਮੇਤ ਲਗ-ਪਗ 200 ਵਸਤਾਂ ਇਸ ਪ੍ਰਦਰਸ਼ਨੀ ਦਾ ਹਿੱਸਾ ਹਨ।
ਸਿੱਖਾਂ ਦੇ ਸ਼ਾਨਦਾਰ ਫੌਜੀ ਇਤਿਹਾਸ ਵਾਲੇ ਸੈਕਸ਼ਨ ਵਿੱਚ ਬਰਤਾਨਵੀ ਰਾਜ ਦੌਰਾਨ ਸਿੱਖਾਂ ਵੱਲੋਂ ਲੜੀਆਂ ਲੜਾਈਆਂ ਦਾ ਇਤਿਹਾਸ ਇਸ ਨੁਮਾਇਸ਼ ਵਿੱਚ ਸਮੋਇਆ ਹੋਇਆ ਹੈ। ਇਹ ਨੁਮਾਇਸ਼ ਭਾਰਤੀ ਸੈਨਿਕਾਂ ਵੱਲੋਂ ਦੁਨੀਆ ਭਰ ਵਿੱਚ ਹਾਸਲ ਕੀਤੀਆਂ ਜਿੱਤਾਂ ਨੂੰ ਦਰਸਾਉਣ ਲਈ ਵਿਸ਼ੇਸ਼ ਤੌਰ ’ਤੇ ਉਲੀਕੀ ਗਈ ਹੈ ਤਾਂ ਕਿ ਹਰੇਕ ਵਿਅਕਤੀ ਇਸ ਦੀ ਝਲਕ ਪਾ ਸਕੇ। ਨੁਮਾਇਸ਼ ਵਿੱਚ ਸਿੱਖਾਂ ਦੇ ਫੌਜੀ ਇਤਿਹਾਸ ਦਾ ਵਰਨਣ ਕੀਤੇ ਜਾਣ ਦਾ ਸਿਹਰਾ ਪੰਜਾਬ ਡਿਜੀਟਲ ਲਾਈਬ੍ਰੇਰੀ ਨੂੰ ਜਾਂਦਾ ਹੈ। ਇਕ ਵਿਸ਼ੇਸ਼ ਕੰਧ ਸਾਰ੍ਹਾਗੜੀ ਜੰਗ ਦੇ ਯੋਧਿਆਂ ਨੂੰ ਸਮਰਪਿਤ ਕੀਤੀ ਗਈ ਹੈ ਜੋ ਬਹਾਦਰ ਸਿੱਖ ਸੂਰਬੀਰਾਂ ਦੀ ਹਿੰਮਤ ਤੇ ਦਲੇਰੀ ਦੀ ਮਿਸਾਲ ਪੇਸ਼ ਕਰਦੀ ਹੈ ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀਤਾ। ਇਸ ਜੰਗ ਵਿੱਚ ਥੋੜ੍ਹੀ ਜਿਹੀ ਗਿਣਤੀ ਵਿੱਚ ਬਹਾਦਰ ਸਿੱਖਾਂ ਸੈਨਿਕਾਂ ਨੇ 10,000 ਤੋਂ ਵੱਧ ਅਫਗਾਨ ਕਬਾਇਲੀਆਂ ਨੂੰ ਹਰਾਇਆ।

Load More Related Articles
Load More By Nabaz-e-Punjab
Load More In Social

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…