Share on Facebook Share on Twitter Share on Google+ Share on Pinterest Share on Linkedin ਫੌਜ ਪੁਲ ਬਣਾਉਣ ਜਾਂ ਸੜਕਾਂ ਸਾਫ਼ ਕਰਨ ਲਈ ਨਹੀਂ ਹੁੰਦੀ: ਕੈਪਟਨ ਅਮਰਿੰਦਰ ਸਿੰਘ ਮੁੰਬਈ ਵਿੱਚ ਪੁਲ ਤੇ ਰੇਲਵੇ ਸਟੇਸ਼ਨਾਂ ਦੇ ਨਿਰਮਾਣ ਲਈ ਫੌਜ ਦੀਆਂ ਸੇਵਾਵਾਂ ਲੈਣ ਦਾ ਫੈਸਲਾ ਗਲਤ ਪਿਰਤ ਪਾਵੇਗਾ ਨਬਜ਼-ਏ-ਪੰਜਾਬ ਬਿਊਰੋ, ਨਵੀਂ ਦਿੱਲੀ/ਮੁੰਬਈ, 31 ਅਕਤੂਬਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਮੁੰਬਈ ਵਿੱਚ ਐਲਫਿਨਸਟੋਨ ਪੁਲ ਦੀ ਮੁੜ ਉਸਾਰੀ ਲਈ ਭਾਰਤੀ ਫੌਜ ਦੀਆਂ ਸੇਵਾਵਾਂ ਲੈਣ ਦੇ ਅਨੋਖੇ ਫੈਸਲੇ ਨੂੰ ਅਫਸੋਸਜਨਕ ਦੱਸਦਿਆਂ ਇਸ ਦੀ ਆਲੋਚਨਾ ਕੀਤੀ ਜਿਸ ਨਾਲ ਸਰਕਾਰ ਅਤੇ ਭਾਰਤੀ ਰੇਲਵੇ ਦੇ ਨਿਸਫਲ ਰਹਿਣ ਦੀ ਪੁਸ਼ਟੀ ਵੀ ਹੁੰਦੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਫੌਜ ਦਾ ਕੰਮ ਜੰਗ ਲਈ ਸਿਖਲਾਈ ਅਤੇ ਮੁਲਕ ਦੀਆਂ ਸਰਹੱਦਾਂ ਦੀ ਰਾਖੀ ਕਰਨਾ ਹੈ ਨਾ ਕਿ ਪੁਲ ਅਤੇ ਸੜਕਾਂ ਦੀ ਸਫਾਈ ਕਰਨਾ ਹੈ। ਉਨ੍ਹਾਂ ਨੇ ਭਾਰਤੀ ਹਥਿਆਰਬੰਦ ਸੈਨਾਵਾਂ ਦੀਆਂ ਸੇਵਾਵਾਂ ਨੂੰ ਸੰਕਟਹੀਣ ਸਿਵਲ ਕਾਰਜਾਂ ਲਈ ਵਰਤ ਕੇ ਫੌਜ ਦੀ ਅਜੇਹੀ ਦੁਰਵਰਤੋਂ ਨਾਲ ਨਿਕਲਣ ਵਾਲੇ ਗੰਭੀਰ ਸਿੱਟਿਆਂ ਵਿਰੁੱਧ ਖਬਰਦਾਰ ਕੀਤਾ। ਮੁੱਖ ਮੰਤਰੀ ਨੇ ਆਖਿਆ ਕਿ ਸਥਿਤੀ ਭਾਵੇਂ ਕਿਹੋ ਜਿਹੀ ਵੀ ਹੋਵੇ ਪਰ ਅਜਿਹੇ ਫੈਸਲਿਆਂ ਨੂੰ ਮੈਰਿਟ ’ਤੇ ਨਹੀਂ ਲਿਆ ਜਾਂਦਾ ਜਿਸ ਦੇ ਦੂਰਗਾਮੀ ਮਾੜੇ ਸਿੱਟੇ ਨਿਕਲਣ ਵਾਲੇ ਹੋਣ ਕਿਉਂਕਿ ਇਸ ਫੈਸਲੇ ਨਾਲ ਜਦੋਂ ਵੀ ਸਰਕਾਰਾਂ ਬੁਨਿਆਦੀ ਢਾਂਚਾ ਜਾਂ ਅਜਿਹੀਆਂ ਹੋਰ ਚੁਣੌਤੀਆਂ ਨਾਲ ਨਜਿੱਠਣ ਲਈ ਬੇਵੱਸ ਹੋ ਜਾਇਆ ਕਰਨਗੀਆਂ ਤਾਂ ਹਰ ਵਾਰ ਵੱਡੇ ਸਿਵਲੀਅਨ ਕਾਰਜਾਂ ਲਈ ਫੌਜ ਦੀ ਮਦਦ ਮੰਗਣ ਦਾ ਰੁਝਾਨ ਵਧ ਜਾਵੇਗਾ। ਕੇਂਦਰੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੂੰ ਭਾਰਤ ਦੇ ਅਹਿਮ ਰੱਖਿਆ ਵਸੀਲਿਆਂ ਨੂੰ ਸਿਵਲ ਕਾਰਜਾਂ ਲਈ ਵਰਤਣ ਤੋਂ ਗੁਰੇਜ਼ ਕਰਨ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਇਸ ਨਾਲ ਇਕ ਮਾੜੀ ਪਿਰਤ ਪੈ ਜਾਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਕੇਂਦਰੀ ਰੱਖਿਆ ਮੰਤਰੀ ਉਹੀ ਗਲਤੀ ਕਰ ਰਹੇ ਹਨ, ਜਿਹੜੀ ਗਲਤੀ ‘ਰੈੱਡ ਈਗਲਜ਼’ ਚੌਥੀ ਡਵੀਜ਼ਨ ਦੇ ਜੀ.ਓ.ਸੀ. ਮੇਜਰ ਜਨਰਲ ਬੀ.ਐਮ. ਕੌਲ ਨੇ 1962 ਦੀ ਚੀਨ ਨਾਲ ਹੋਈ ਜੰਗ ਤੋਂ ਪਹਿਲਾਂ ਕੀਤੀ ਸੀ। ਮੁੱਖ ਮੰਤਰੀ ਨੇ ਦੱਸਿਆ ਕਿ ਮੇਜਰ ਜਨਰਲ ਕੌਲ ਵੱਲੋਂ ਰਿਹਾਇਸ਼ ਦੇ ਨਿਰਮਾਣ ਲਈ ਸੈਨਾ ਦੀ ਮਾਨਵੀ ਸ਼ਕਤੀ ਦੀ ਘੋਰ ਦੁਰਵਰਤੋਂ ਕਰਨ ਦੀ ਕੀਮਤ ਭਾਰਤੀ ਫੌਜ ਨੂੰ ਭਾਰਤ-ਚੀਨ ਜੰਗ ਦੌਰਾਨ ਚੁਕਾਉਣੀ ਪਈ ਸੀ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਅਜਿਹੇ ਫੈਸਲੇ ਰੱਖਿਆ ਸੇਵਾਵਾਂ ਦਾ ਦਰਜਾ ਬਹੁਤ ਹੇਠਾਂ ਲੈ ਜਾਣਗੇ ਅਤੇ ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਰੱਖਿਆ ਮੰਤਰਾਲੇ ਨੇ ਮੁੰਬਈ ਵਿੱਚ ਸਿਵਲ ਪੁਲਾਂ ਦੇ ਨਿਰਮਾਣ ਲਈ ਭਾਰਤੀ ਫੌਜ ਦੀਆਂ ਸੇਵਾਵਾਂ ਲੈਣ ਦਾ ਫੈਸਲਾ ਵਾਪਸ ਨਾ ਲਿਆ ਤਾਂ ਆਖਰ ਵਿੱਚ ਫੌਜ ਨੂੰ ਵੀ ਆਪਣੇ ਰੁਤਬੇ ਤੋਂ ਹੇਠਲੇ ਪੱਧਰ ਦੇ ਦਰਜੇ ਦਾ ਸਾਹਮਣਾ ਕਰਨਾ ਪਵੇਗਾ। ਮੁੰਬਈ ਵਿੱਚ ਐਲਫਿਨਸਟੋਨ ਸਟੇਸ਼ਨ ਵਿਖੇ ਇਕ ਨਵੇਂ ਪੁਲ ਅਤੇ ਦੋ ਹੋਰ ਨੀਮ ਸ਼ਹਿਰੀ ਰੇਲਵੇ ਸਟੇਸ਼ਨਾਂ ਦੀ ਉਸਾਰੀ ਲਈ ਭਾਰਤੀ ਫੌਜ ਦੀਆਂ ਸੇਵਾਵਾਂ ਲੈਣ ਬਾਰੇ ਰਿਪੋਰਟਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਇਸ ਨੂੰ ਜਾਬਰ ਕਦਮ ਕਰਾਰ ਦਿੱਤਾ। ਉਨ੍ਹਾਂ ਆਖਿਆ ਕਿ ਜੇਕਰ ਸਥਿਤੀ ਏਨੀ ਹੰਗਾਮੀਪੂਰਨ ਅਤੇ ਗੰਭੀਰ ਹੈ ਤਾਂ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਆਪਣੇ ਵਸੀਲੇ ਰੇਲਵੇ ਦੇ ਹਵਾਲੇ ਕਰ ਦੇਣੇ ਚਾਹੀਦੇ ਹਨ। ਮੁੱਖ ਮੰਤਰੀ ਨੇ ਆਖਿਆ ਕਿ ਫੌਜ ਹੜ੍ਹ ਅਤੇ ਭੁਚਾਲ ਵਰਗੀਆਂ ਹੰਗਾਮੀ ਸਥਿਤੀਆਂ ਵਿੱਚ ਨਿਰੰਤਰ ਮਦਦ ਕਰਦੀ ਹੈ ਅਤੇ ਇੱਥੋਂ ਤੱਕ ਕਿ ਉੱਤਰ-ਪੂਰਬੀ ਵਰਗੇ ਨਾਜ਼ੁਕ ਇਲਾਕਿਆਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਵੀ ਫੌਜ ਦੀਆਂ ਸੇਵਾਵਾਂ ਲਈਆਂ ਜਾਂਦੀਆਂ ਹਨ। ਮੁੱਖ ਮੰਤਰੀ ਨੇ ਆਖਿਆ ਕਿ ਜੇਕਰ ਹੁਣ ਸਿਵਲ ਅਥਾਰਟੀਆਂ ਦੇ ਆਪਣੇ ਕੰਮ ਨੂੰ ਚਲਾਉਣ ਵਿੱਚ ਨਾਕਾਮ ਰਹਿਣ ’ਤੇੇ ਇਸ ਦਾ ਬੋਝ ਵੀ ਜੇਕਰ ਫੌਜ ਦੇ ਸਿਰ ਪਾ ਦਿੱਤਾ ਗਿਆ ਤਾਂ ਇਸ ਦਾ ਫੌਜ ਦੇ ਵਸੀਲਿਆਂ ’ਤੇ ਅਸਰ ਪਵੇਗਾ। ਉਨ੍ਹਾਂ ਆਖਿਆ ਕਿ ਅਜਿਹੇ ਕਦਮਾਂ ਨਾਲ ਫੌਜੀਆਂ ਦਾ ਮਨੋਬਲ ਟੁੱਟੇਗਾ ਕਿਉਂ ਜੋ ਹਰ ਫੌਜੀ ਜਵਾਨ ਮੁਲਕ ਦੀਆਂ ਸਰਹੱਦਾਂ ਦੀ ਰਾਖੀ ਅਤੇ ਦੁਸ਼ਮਣ ਤੋਂ ਆਪਣੇ ਲੋਕਾਂ ਦੀ ਹਿਫਾਜ਼ਤ ਦੇ ਉਦੇਸ਼ ਨਾਲ ਸੈਨਾ ਵਿੱਚ ਭਰਤੀ ਹੁੰਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਰੱਖਿਆ ਮੰਤਰੀ ਨੂੰ ਇਸ ਫੈਸਲੇ ਦਾ ਭਾਈਵਾਲ ਬਣਨ ਅਤੇ ਮਾਣ ਨਾਲ ਇਸ ਦਾ ਐਲਾਨ ਕਰਨ ਦੀ ਬਜਾਏ ਹਥਿਆਰਬੰਦ ਸੈਨਾਵਾਂ ਦੇ ਹਿੱਤ ਵਿੱਚ ਅਜਿਹੇ ਕਿਸੇ ਵੀ ਸੁਝਾਅ ਨੂੰ ਸਿਰੇ ਤੋਂ ਨਾਕਾਰ ਦੇਣਾ ਚਾਹੀਦਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ