Share on Facebook Share on Twitter Share on Google+ Share on Pinterest Share on Linkedin ਸਿੱਖਿਆ ਅਧਿਕਾਰੀਆਂ ਦੀ ਮੀਟਿੰਗ ਵਿੱਚ ਸਾਲਾਨਾ ਪ੍ਰੀਖਿਆਵਾਂ ਦੇ ਅਗਾਊਂ ਪ੍ਰਬੰਧਾਂ ਤੇ ਤਿਆਰੀਆਂ ਦੀ ਸਮੀਖਿਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਫਰਵਰੀ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਲਾਨਾ ਬੋਰਡ ਪ੍ਰੀਖਿਆਵਾਂ ਦੇ ਮੱਦੇਨਜ਼ਰ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੀ ਕਾਰਜਸ਼ਾਲਾ-ਕਮ-ਬੈਠਕ ਕਰਵਾਈ ਗਈ। ਜਿਸ ਵਿੱਚ ਮਾਰਚ 2019 ਦੌਰਾਨ ਕਰਵਾਈਆਂ ਜਾਣ ਵਾਲੀਆਂ ਬੋਰਡ ਪ੍ਰੀਖਿਆਵਾਂ ਦੀਆਂ ਤਿਆਰੀਆਂ ਦੀ ਸਮੀਖਿਆ ਕਰਦਿਆਂ ਸੰਭਾਵੀ ਅੌਕੜਾਂ ਤੇ ਪ੍ਰੋਗਰਾਮਾਂ ਬਾਰੇ ਖੁੱਲ੍ਹ ਕੇ ਵਿਚਾਰ ਚਰਚਾ ਹੋਈ। ਇਸ ਬੈਠਕ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ, ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ, ਬੋਰਡ ਦੇ ਵਾਈਸ ਚੇਅਰਮੈਨ ਬਲਦੇਵ ਸਚਦੇਵਾ, ਸਕੱਤਰ-ਕਮ-ਡੀਜੀਐੱਸਈ ਪ੍ਰਸ਼ਾਂਤ ਕੁਮਾਰ ਗੋਇਲ ਸਮੇਤ ਕਈ ਅਧਿਕਾਰੀਆਂ ਨੇ ਸੰਬੋਧਨ ਕੀਤਾ। ਮੀਟਿੰਗ-ਕਮ-ਵਰਕਸ਼ਾਪ ਦੀ ਕਾਰਵਾਈ ਬੋਰਡ ਦੇ ਕੰਟਰੋਲਰ ਪ੍ਰੀਖਿਆਵਾਂ ਸ੍ਰੀਮਤੀ ਸੁਖਵਿੰਦਰ ਕੌਰ ਸਰੋਇਆ ਨੇ ਚਲਾਈ। ਆਪਣੇ ਸੰਬੋਧਨ ਵਿੱਚ ਸ਼੍ਰੀ ਕਲੋਹੀਆ ਨੇ ਦੱਸਿਆ ਕਿ ਬੋਰਡ ਵੱਲੋਂ ਰਾਜ ਭਰ ਵਿੱਚ ਪ੍ਰੀਖਿਆਵਾਂ ਲਈ ਕੁੱਲ 2484 ਪ੍ਰੀਖਿਆ ਕੇਂਦਰ ਹੁਣ ਤੱਕ ਬਣਾਏ ਗਏ ਹਨ ਜਿਨ੍ਹਾਂ ਵਿੱਚੋੱ 176 ਕੇਂਦਰ ਨਾਜ਼ੁਕ ਮੰਨੇ ਜਾ ਰਹੇ ਹਨ ਅਤੇ 99 ਕੇਂਦਰ ਵਿਲੱਖਣ ਸਮਰਥਾ ਵਾਲੇ ਵਿਦਿਆਰਥੀਆਂ ਲਈ ਹਨ। ਉਨ੍ਹਾਂ ਸੰਤੁਸ਼ਟੀ ਪ੍ਰਗਟ ਕੀਤੀ ਕਿ ਰਾਜ ਭਰ ਦਾ ਪ੍ਰਸ਼ਾਸਨ ਨਕਲ ਰਹਿਤ ਪ੍ਰੀਖਿਆਵਾਂ ਕਰਵਾਉਣ ਲਈ ਪੱਬਾਂ ਭਾਰ ਹੋ ਗਿਆ ਹੈ ਅਤੇ ਸਾਰੇ ਮਾਹੌਲ ਨੂੰ ਪ੍ਰੀਖਿਆਰਥੀਆਂ ਦੀ ਸਹੂਲਤ ਮੁਤਾਬਕ ਬਣਾਉਣ ਲਈ ਉਨ੍ਹਾਂ ਦੇ ਪ੍ਰੀਖਿਆ ਕੇਂਦਰ ਨੇੜੇ ਤੋਂ ਨੇੜੇ ਬਣਾ ਕੇ ਡੇਟ ਸ਼ੀਟ ਦੀਆਂ ਤਰੀਖ਼ਾਂ ਵਿੱਚ ਵੀ ਮੰਗ ਅਨੁਸਾਰ ਤਬਦੀਲੀ ਕਰ ਦਿੱਤੀ ਗਈ ਹੈ। ਉਨ੍ਹਾਂ ਇੰਕਸ਼ਾਫ਼ ਕੀਤਾ ਕਿ ਖੇਤਰ ਵਿੱਚ ਡੀਈਓ ਤੇ ਹੋਰ ਜ਼ਿਲ੍ਹਾ ਅਧਿਕਾਰੀਆਂ ਨਾਲ ਵੱਟਸਐਪ ਗਰੁੱਪਾਂ ਰਾਹੀਂ ਜੁੜ ਕੇ ਲਗਾਤਾਰ ਕਾਰਜ ਕੀਤਾ ਜਾਵੇਗਾ ਜਿਸ ਲਈ ਨਾ ਸਿਰਫ਼ ਕੰਟਰੋਲਰ ਦਫ਼ਤਰ ਕੰਟਰੋਲ ਰੂਮ ਵਜੋਂ ਕੰਮ ਕਰੇਗਾ ਸਗੋੱ ਬੋਰਡ ਦੇ ਸਕੱਤਰ, ਵਾਈਸ ਚੇਅਰਮੈਨ ਤੇ ਚੇਅਰਮੈਨ ਦਫ਼ਤਰ ਵੀ ਉਚੇਚੇ ਕੰਟਰੋਲ ਰੂਮ ਚਲਾਉਣਗੇ। ਸਕੂਲ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਨਕਲ ਰਹਿਤ ਪ੍ਰੀਖਿਆਵਾਂ ਕਰਵਾਉਣ ਸਬੰਧੀ ਪਿਛਲੇ ਸਾਲ ਦੇ ਅਰੰਭੇ ਕਾਰਜ ਨੂੰ ਹੀ ਅੱਗੇ ਵਧਾਇਆ ਜਾਵੇਗਾ ਤੇ ਹੁਣ ਸੂਬੇ ਵਿੱਚ ਅਜਿਹਾ ਮਾਹੌਲ ਸਿਰਜਿਆ ਜਾਵੇਗਾ ਕਿ ਪ੍ਰੀਖਿਆਵਾਂ ਸਦਾ ਹੀ ਨਕਲ ਰਹਿਤ ਹੋਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਤਰਨਤਾਰਨ ਵਿੱਚ ਪਿਛਲੇ ਸਾਲ ਤੋਂ ਸਥਾਪਤ ਕੀਤੇ ਮਾਹੌਲ ਨੂੰ ਸਾਰੇ ਸੂਬੇ ਵਿੱਚ ਵਧਾਇਆ ਜਾਵੇਗਾ। ਉਨ੍ਹਾਂ ਬੋਰਡ ਤੇ ਸਿੱਖਿਆ ਵਿਭਾਗ ਦੇ ਆਪਸੀ ਸਹਿਯੋਗ ਦੀ ਵੀ ਸ਼ਲਾਘਾ ਕੀਤੀ। ਬੋਰਡ ਦੇ ਵਾਈਸ ਚੇਅਰਮੈਨ ਸ੍ਰੀ ਬਲਦੇਵ ਸਚਦੇਵਾ ਨੇ ਕਿਹਾ ਕਿ ਪ੍ਰੀਖਿਆਵਾਂ ਲਈ ਉਲਟੀ ਗਿਣਤੀ ਅਰੰਭ ਹੋ ਚੁੱਕੀ ਹੈ ਅਤੇ ਸਿੱਖਿਆ ਵਿਭਾਗ ਦੇ ਅੱਖਾਂ ਤੇ ਕੰਨਾਂ ਦਾ ਕੰਮ ਕਰ ਰਹੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸਾਰੀ ਹੀ ਪ੍ਰਕਿਰਿਆ ਦਾ ਅਟੁੱਟ ਅੰਗ ਹਨ। ਉਨ੍ਹਾਂ ਅਗਾਮੀ ਪ੍ਰੀਖਿਆਵਾਂ ਨੂੰ ਸਫ਼ਲ ਬਣਾਉਣ ਦਾ ਹੋਕਾ ਦਿੱਤਾ। ਡੀਜੀਐਸਈ ਕਮ ਸਕੱਤਰ ਪ੍ਰਸ਼ਾਂਤ ਗੋਇਲ ਨੇ ਕਿਹਾ ਕਿ 20 ਫਰਵਰੀ ਤੋਂ ਬਾਰ੍ਹਵੀਂ ਜਮਾਤ ਦੇ ਰੋਲ ਨੰਬਰ ਸਕੂਲਾਂ ਵਿੱਚ ਆਨਲਾਈਨ ਭੇਜ ਦਿੱਤੇ ਜਾਣਗੇ ਅਤੇ ਪ੍ਰੈਕਟੀਕਲ ਤੇ ਸੀਸੀਈ ਦੇ ਅੰਕ ਵੀ ਆਨਲਾਈਨ ਹੀ ਬੋਰਡ ਨੂੰ ਭਿਜਵਾ ਕੇ ਸਮੇੱ ਦੀ ਬੱਚਤ ਕੀਤੀ ਜਾਵੇਗੀ। ਉਨ੍ਹਾਂ ਪ੍ਰੀਖਿਆ ਪ੍ਰਕਿਰਿਆਵਾਂ ਬਾਰੇ ਬਰੀਕ ਤੇ ਗੁੱਝੀ ਤਫ਼ਤੀਸ਼ ਨਾਲ ਗੱਲ ਕਰਦਿਆਂ ਕਿਹਾ ਕਿ ਪੇਪਰ ਚੈੱਕ ਕਰਨ ਸਬੰਧੀ ਵੱਖਰੀ ਹੈਲਪਲਾਈਨ ਵੀ ਤਿਆਰ ਕੀਤੀ ਜਾਵੇਗੀ। ਡਾਇਰੈਕਟਰ ਅਕਾਦਮਿਕ ਸ੍ਰੀਮਤੀ ਮਨਜੀਤ ਕੌਰ, ਕੰਟਰੋਲਰ ਪ੍ਰੀਖਿਆਵਾਂ ਸੁਖਵਿੰਦਰ ਕੌਰ ਸਰੋਇਆ, ਉਪ ਸਕੱਤਰ ਕੰਡਕਟ ਸ਼੍ਰੀ ਮਹਿੰਦਰ ਸਿੰਘ ਸਮੇਤ ਕਈ ਅਧਿਕਾਰੀਆਂ ਨੇ ਸੰਬੋਧਨ ਕੀਤਾ। ਇਸ ਮੌਕੇ ਪੰਜਾਬ ਦੇ ਸਾਰੇ 22 ਜ਼ਿਲ੍ਹਿਆਂ ਤੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਤੇ ਐਲੀਮੈਂਟਰੀ) ਅਤੇ ਡਿਪਟੀ ਡੀਈਓ ਵੀ ਹਾਜ਼ਰ ਸਨ। ਸਾਰੇ ਹੀ ਬੁਲਾਰਿਆਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਪਿਛਲੇ ਸਾਲ ਲਏ ਗਏ ਸਲਾਨਾ ਇਮਤਿਹਾਨਾਂ ਦੇ ਨਕਲ ਰਹਿਤ ਹੋਣ ਤੇ ਵਧਾਈ ਦਿੱਤੀ। ਜ਼ਿਲ੍ਹਾ ਅਧਿਕਾਰੀਆਂ ਵਿੱਚੋਂ ਤਰਨਤਾਰਨ ਦੇ ਅਧਿਕਾਰੀ ਨਿਰਮਲ ਸਿੰਘ, ਫ਼ਿਰੋਜ਼ਪੁਰ ਦੇ ਸ਼੍ਰੀ ਨੇਕ ਸਿੰਘ, ਫ਼ਤਿਹਗੜ੍ਹ ਸਾਹਿਬ ਤੋਂ ਸ਼੍ਰੀਮਤੀ ਪਰਮਜੀਤ ਕੌਰ, ਮੋਗਾ ਤੋਂ ਡਿਪਟੀ ਡੀਈਓ ਸ਼੍ਰੀ ਪਰਗਟ ਸਿੰਘ, ਲੁਧਿਆਣਾ ਤੋਂ ਸ੍ਰੀਮਤੀ ਸਵਰਨਜੀਤ ਕੌਰ ਆਦਿ ਨੇ ਅਧਿਕਾਰੀਆਂ ਵੱਲੋਂ ਦਰਪੇਸ਼ ਅੌਕੜਾਂ ਪੇਸ਼ ਕੀਤੀਆਂ ਅਤੇ ਮੌਕੇ ਉੱਤੇ ਹੀ ਵੱਖੋ-ਵੱਖ ਵਿਭਾਗਾਂ ਨਾਲ ਸਬੰਧਤ ਅੌਕੜਾਂ ਦਾ ਨਿਪਟਾਰਾ ਕਰ ਕੇ ਪ੍ਰੀਖਿਆਵਾਂ ਦੀ ਤਿਆਰੀ ਦਾ ਅੰਤਲਾ ਚਰਨ ਵਿੱਢਿਆ ਗਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ