ਨਾਬਾਲਗ ਧੀ ਨਾਲ ਜਬਰ ਜਨਾਹ ਦੇ ਮਾਮਲੇ ਵਿੱਚ ਮਤਰੇਆ ਬਾਪ ਗ੍ਰਿਫ਼ਤਾਰ

ਬਾਪੂ ਦੀਆਂ ਵਧੀਕੀਆਂ ਤੋਂ ਤੰਗ ਪ੍ਰੇਸ਼ਾਨ ਤੇ ਸ਼ਰਮਸਾਰ ਹੋਈ ਮਾਸੂਮ ਬੱਚੀ ਨੇ ਕਲਾਸ ਇੰਚਾਰਜ ਨੂੰ ਆਪਬੀਤੀ ਦੱਸੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਜਨਵਰੀ:
ਇੱਥੋਂ ਦੇ ਮੁਹਾਲੀ ਪਿੰਡ ਵਿੱਚ ਨਾਬਾਲਗ ਧੀ ਨਾਲ ਮਤਰੇਏ ਬਾਪ ਵੱਲੋਂ ਕਥਿਤ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਲੜਕੀ ਪੰਜਵੀਂ ਜਮਾਤ ਵਿੱਚ ਪੜ੍ਹਦੀ ਹੈ ਅਤੇ ਆਪਣੇ ਪਰਿਵਾਰ ਨਾਲ ਮੁਹਾਲੀ ਪਿੰਡ ਵਿੱਚ ਰਹਿੰਦੀ ਹੈ। ਪੁਲੀਸ ਵੱਲੋਂ ਸਰਕਾਰੀ ਹਸਪਤਾਲ ਵਿੱਚ ਪੀੜਤ ਲੜਕੀ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਧਾਰਾ 164 ਦੇ ਤਹਿਤ ਅਦਾਲਤ ਵਿੱਚ ਬਿਆਨ ਦਰਜ ਕਰਵਾਏ ਗਏ ਹਨ। ਪੁਲੀਸ ਨੇ ਮੁਲਜ਼ਮ ਪਿਤਾ ਹਰੀ ਪ੍ਰਸ਼ਾਦ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੀੜਤ ਲੜਕੀ ਅਨੁਸਾਰ ਉਸ ਦਾ ਮਤਰੇਆ ਬਾਪੂ ਪਿਛਲੇ ਕਾਫੀ ਸਮੇਂ ਉਸ ਨਾਲ ਕਥਿਤ ਜਬਰ ਜਨਾਹ ਕਰ ਰਿਹਾ ਸੀ। ਆਪਣੇ ਪਿਤਾ ਦੀ ਇਸ ਕਰਤੂਤ ਤੋਂ ਪ੍ਰੇਸ਼ਾਨ ਅਤੇ ਸ਼ਰਮਸਾਰ ਹੋਣ ਕਾਰਨ ਉਹ ਕਿਸੇ ਕੋਲ ਗੱਲ ਵੀ ਨਹੀਂ ਕਰ ਸਕੀ। ਜਦੋਂ ਉਸ ਦੇ ਪਿਤਾ ਦੀਆਂ ਵਧੀਕੀਆਂ ਜ਼ਿਆਦਾ ਵਧ ਗਈਆਂ ਤਾਂ ਪੀੜਤ ਲੜਕੀ ਨੇ ਇਸ ਸਬੰਧੀ ਆਪਣੇ ਸਕੂਲ ਦੀ ਅਧਿਆਪਕਾ\ਕਲਾਸ ਇੰਚਾਰਜ ਨਾਲ ਗੱਲ ਸਾਂਝੀ ਕੀਤੀ। ਅਧਿਆਪਕਾ ਵੱਲੋਂ ਲੜਕੀ ਦੀ ਮਾਂ ਨੂੰ ਸਕੂਲ ਵਿੱਚ ਸੱਦ ਸਾਰੀ ਗੱਲ ਦੱਸੀ ਅਤੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ।
ਉਧਰ, ਪੀੜਤ ਲੜਕੀ ਦੀ ਮਾਂ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਉਸ ਦੇ ਪਹਿਲੇ ਪਤੀ ਤੋਂ 2 ਲੜਕੀਆਂ ਅਤੇ ਇੱਕ ਲੜਕਾ ਹੈ। ਕਰੀਬ 6 ਸਾਲ ਪਹਿਲਾਂ ਉਸ ਦਾ ਪਤੀ ਉਸ ਨੂੰ ਛੱਡ ਕੇ ਚਲਾ ਗਿਆ ਸੀ। ਉਹ ਆਪਣੇ ਬੱਚਿਆਂ ਨਾਲ ਬਿਹਾਰ ਜਾ ਕੇ ਰਹਿਣ ਲੱਗ ਪਈ। ਕਰੀਬ 5 ਸਾਲ ਪਹਿਲਾਂ ਉਹ ਆਪਣੇ ਬੱਚਿਆਂ ਸਮੇਤ ਵਾਪਸ ਮੁਹਾਲੀ ਆ ਗਈ ਅਤੇ ਇੱਥੇ ਪ੍ਰਾਈਵੇਟ ਨੌਕਰੀ ਕਰਨ ਲੱਗ ਪਈ। ਇਸ ਦੌਰਾਨ ਉਸ ਦੀ ਮੁਲਾਕਾਤ ਹਰੀ ਪ੍ਰਸ਼ਾਦ ਨਾਂ ਦੇ ਵਿਅਕਤੀ ਨਾਲ ਹੋਈ ਜੋ ਕਿ ਕਮਲਾ ਮਾਰਕੀਟ ਵਿੱਚ ਕਾਰ ਮਕੈਨਿਕ ਵਜੋਂ ਕੰਮ ਕਰਦਾ ਹੈ। ਹਰੀ ਪ੍ਰਸ਼ਾਦ ਨੇ ਘਰ ਵਿੱਚ ਹੀ ਮੰਦਰ ਸਾਹਮਣੇ ਉਸ ਨਾਲ ਵਿਆਹ ਕਰਕੇ ਇੱਕ ਦਸਤਾਵੇਜ਼ ਸੌਂਪਦਿਆਂ ਕਿਹਾ ਕਿ ਇਹ ਕੋਰਟ ਮੈਰਿਜ ਦਾ ਸਰਟੀਫਿਕੇਟ ਹੈ। ਪੀੜਤ ਲੜਕੀ ਦੀ ਮਾਂ ਅਨਪੜ੍ਹ ਹੋਣ ਕਰਕੇ ਉਕਤ ਦਸਤਾਵੇਜ਼ ਨੂੰ ਕੋਰਟ ਮੈਰਿਜ ਦੇ ਕਾਗਜ ਸਮਝਦੀ ਰਹੀ।
ਉਧਰ, ਇਸ ਸਬੰਧੀ ਥਾਣਾ ਫੇਜ਼-1 ਦੇ ਐਸਐਚਓ ਗੁਰਬੰਤ ਸਿੰਘ ਨੇ ਦੱਸਿਆ ਕਿ ਪੀੜਤ ਲੜਕੀ ਦੀ ਮਾਂ ਦੀ ਸ਼ਿਕਾਇਤ ’ਤੇ ਪੁਲੀਸ ਵੱਲੋਂ ਮੁਲਜ਼ਮ ਹਰੀ ਪ੍ਰਸ਼ਾਦ ਦੇ ਖ਼ਿਲਾਫ਼ ਧਾਰਾ 376 ਅਤੇ ਪੋਕਸੋ ਐਕਟ ਦੇ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਬਾਪ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮ ਨੂੰ ਭਲਕੇ ਵੀਰਵਾਰ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In Crime

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …