ਓਐਲਐਕਸ ਤੇ ਕਮਰਾ ਕਿਰਾਏ ’ਤੇ ਦੇਣ ਦੇ ਨਾਮ ’ਤੇ ਠੱਗੀਆਂ ਮਾਰਨ ਵਾਲਾ ਗ੍ਰਿਫ਼ਤਾਰ

ਨਬਜ਼-ਏ-ਪੰਜਾਬ, ਮੁਹਾਲੀ, 19 ਜੁਲਾਈ:
ਬਲੌਂਗੀ ਪੁਲੀਸ ਵੱਲੋਂ ਓਐਲਐਕਸ ਤੇ ਕਮਰਾ ਕਿਰਾਏ ’ਤੇ ਦੇਣ ਦਾ ਇਸ਼ਤਿਹਾਰ ਦੇ ਕੇ ਭੋਲੇ-ਭਾਲੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਇੱਕ ਵਿਅਕਤੀ ਪਰਮਜੀਤ ਸਿੰਘ ਵਾਸੀ ਐਮਾਰੀਆ ਗਰੀਨ (ਖਰੜ) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਹਾਲੀ ਦੇ ਐਸਪੀ (ਦਿਹਾਤੀ) ਮਨਪ੍ਰੀਤ ਸਿੰਘ ਅਤੇ ਡੀਐਸਪੀ ਖਰੜ ਰੁਪਿੰਦਰਦੀਪ ਕੌਰ ਸੋਹੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮੁਲਜ਼ਮ ਪਰਮਜੀਤ ਸਿੰਘ ਖ਼ਿਲਾਫ਼ ਠੱਗੀ ਮਾਰਨ ਦੀ ਸ਼ਿਕਾਇਤ ਮਿਲਣ ’ਤੇ ਉਸ ਵਿਰੁੱਧ ਬਲੌਂਗੀ ਥਾਣੇ ਵਿੱਚ ਧਾਰਾ 420 ਅਧੀਨ ਧੋਖਾਧੜੀ ਦਾ ਪਰਚਾ ਦਰਜ ਕੀਤਾ ਗਿਆ ਸੀ। ਮੁਲਜ਼ਮ ਕੋਲੋਂ 4 ਮੋਬਾਈਲ ਫੋਨ ਅਤੇ ਇੱਕ ਵਰਨਾ ਕਾਰ ਵੀ ਬਰਾਮਦ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਓਐਲਐਕਸ ਤੇ ਖਾਲੀ ਮਕਾਨਾਂ ਦੀ ਫੋਟੋ ਖਿੱਚ ਕੇ ਗਰੁੱਪਾਂ ਵਿੱਚ ਪਾਉਂਦਾ ਸੀ ਅਤੇ ਲੋਕਾਂ ਤੋਂ ਵੱਖ-ਵੱਖ ਬੈਂਕ ਖਾਤਿਆਂ ਵਿੱਚ ਪੈਸੇ ਲੈਣ ਤੋਂ ਬਾਅਦ ਆਪਣਾ ਫੋਨ ਬੰਦ ਕਰ ਦਿੰਦਾ ਸੀ। ਮੁਲਜ਼ਮ ਨੇ ਇੱਕ ਵਿਅਕਤੀ ਤੋਂ 15 ਹਜ਼ਾਰ ਰੁਪਏ ਮਕਾਨ ਦਾ ਕਿਰਾਇਆ ਦੱਸ ਕੇ ਪੈਸੇ ਆਪਣੇ ਫੋਨ ਨੰਬਰ 9501751420 ’ਤੇ ਚਲਦੇ ਖਾਤੇ ਵਿੱਚ ਪਾਉਣ ਲਈ ਕਿਹਾ। ਸ਼ਿਕਾਇਤ ਕਰਤਾ ਨੇ ਇਹ ਪੈਸੇ ਉਸ ਦੇ ਖਾਤੇ ਵਿੱਚ ਪਾ ਦਿੱਤੇ ਅਤੇ ਜਦੋਂ ਕਮਰੇ ਬਾਰੇ ਪੁੱਛਿਆ ਤਾਂ ਉਸ ਨੇ ਟਾਲਮਟੋਲ ਕਰਦਿਆਂ ਪੀੜਤ ਦਾ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ। ਤਫ਼ਤੀਸ਼ ਦੌਰਾਨ ਬਲੌਂਗੀ ਥਾਣਾ ਦੇ ਐਸਐਚਓ ਪੀਐਸ ਗਰੇਵਾਲ ਦੀ ਅਗਵਾਈ ਵਾਲੀ ਟੀਮ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।
ਐਸਪੀ ਦਿਹਾਤੀ ਨੇ ਦੱਸਿਆ ਕਿ ਮੁਲਜ਼ਮ ਕੋਲੋਂ 8 ਫੋਨ ਨੰਬਰ ਮਿਲੇ ਹਨ ਅਤੇ ਵੱਖ-ਵੱਖ ਬੈਂਕਾਂ ਵਿੱਚ ਉਸ ਦੇ 10 ਖਾਤੇ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਪਰਮਜੀਤ ਸਿੰਘ ਦੇ ਬੈਂਕ ਖਾਤੇ ਵਿੱਚ 1 ਕਰੋੜ 44 ਲੱਖ ਰੁਪਏ ਦੀਆਂ ਟਰਾਂਜੈਕਸ਼ਨਾਂ ਮਿਲੀਆਂ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੇ ਖ਼ਿਲਾਫ਼ ਪੰਜਾਬ ਸਮੇਤ ਹੋਰ ਗੁਆਂਢੀ ਸੂਬਿਆਂ ਦੇ ਥਾਣਿਆਂ ਅਤੇ ਸਾਈਬਰ ਸੈੱਲਾਂ ਵਿੱਚ ਪ੍ਰਾਪਤ ਦਰਖ਼ਾਸਤਾਂ ਦੀ ਪੜਤਾਲ ਕਰਨ ’ਤੇ ਠੱਗੀ ਦੇ ਹੋਰ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਪੁੱਛਗਿੱਛ ਦੌਰਾਨ ਹੋਰ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।

Check Also

ਬੰਬਾਂ ਬਾਰੇ ਬਿਆਨ ਦਾ ਮਾਮਲਾ: ਮੁਹਾਲੀ ਥਾਣੇ ਵਿੱਚ ਪੇਸ਼ ਨਹੀਂ ਹੋਏ ਪ੍ਰਤਾਪ ਸਿੰਘ ਬਾਜਵਾ

ਬੰਬਾਂ ਬਾਰੇ ਬਿਆਨ ਦਾ ਮਾਮਲਾ: ਮੁਹਾਲੀ ਥਾਣੇ ਵਿੱਚ ਪੇਸ਼ ਨਹੀਂ ਹੋਏ ਪ੍ਰਤਾਪ ਸਿੰਘ ਬਾਜਵਾ ਬਾਜਵਾ ਨੇ ਆਪਣੇ ਵਕ…