ਖਰੜ ਵਿੱਚ ਪੁਲੀਸ ਤੇ ਗੈਂਗਸਟਰਾਂ ’ਚ ਗੋਲੀਬਾਰੀ, 5 ਗ੍ਰਿਫ਼ਤਾਰ, 1 ਗੈਂਗਸਟਰ ਜ਼ਖ਼ਮੀ

ਅਮਨ ਹੋਮਜ਼ ਵਿੱਚ ਰਹਿੰਦੇ ਲੋਕਾਂ ’ਚ ਭਾਰੀ ਦਹਿਸ਼ਤ ਦਾ ਮਾਹੌਲ

ਮਲਕੀਤ ਸਿੰਘ ਸੈਣੀ\ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਖਰੜ\ਮੁਹਾਲੀ, 24 ਜੁਲਾਈ:
ਖਰੜ ਸਥਿਤ ਅਮਨ ਹੋਮਜ਼ ਕੰਪਲੈਕਸ ਵਿੱਚ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ ਉਸ ਸਮੇਂ ਦਹਿਸ਼ਤ ਫੈਲ ਲਈ ਰਿਹਾਇਸ਼ੀ ਕੰਪਲੈਕਸ ਵਿੱਚ ਅਚਾਨਕ ਦੁਵੱਲਿਓਂ ਗੋਲੀਬਾਰੀ ਸ਼ੁਰੂ ਹੋ ਗਈ। ਹਾਲਾਂਕਿ ਇਹ ਸਿਲਸਿਲਾ ਕਰੀਬ ਪੰਜ ਕੁ ਮਿੰਟ ਜਾਰੀ ਰਿਹਾ ਹੈ ਪ੍ਰੰਤੂ ਇਲਾਕੇ ਦੇ ਲੋਕਾਂ ਕਾਫੀ ਸਹਿਮ ਗਏ। ਇਸ ਦੌਰਾਨ ਪੁਲੀਸ ਦੀ ਗੋਲੀ ਲੱਗਣ ਕਾਰਨ ਗੈਂਗਸਟਰ ਨਵਦੀਪ ਸਿੰਘ ਨਵੀ ਉਰਫ਼ ਜ਼ੋਨ ਬੁੱਟਰ ਜ਼ਖ਼ਮੀ ਹੋ ਗਿਆ। ਪੁਲੀਸ ਨੇ ਬੁੱਟਰ ਸਮੇਤ ਪੰਜ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਜੋਨ ਬੁੱਟਰ ਇਸ ਪੀਜੀਆਈ ਵਿੱਚ ਜੇਰੇ ਇਲਾਜ ਹੈ ਜਦੋਂਕਿ ਬਾਕੀ ਦੇ ਚਾਰ ਗੈਂਗਸਟਰ ਪੁਲੀਸ ਦੀ ਹਿਰਾਸਤ ਵਿੱਚ ਹਨ।
ਪੰਜਾਬ ਪੁਲੀਸ ਦੇ ਓਕੋ ਸੈੱਲ ਦੇ ਏਆਈਜੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਉਨ੍ਹਾਂ ਦੇ ਯੂਨਿਟ ਨੂੰ ਜਗਰਾਓ ਪੁਲੀਸ ਨੇ ਸੂਚਨਾ ਦਿੱਤੀ ਸੀ ਕਿ ਜ਼ੋਨ ਬੁੱਟਰ ਅਤੇ ਉਸ ਦੇ ਸਾਥੀ ਕਈ ਗੈਂਗਸਟਰ ਅਮਲ ਹੋਮਜ਼ ਵਿੱਚ ਕਿਰਾਏ ’ਤੇ ਫਲੈਟ ਲੈ ਕੇ ਰਹਿ ਰਹੇ ਹਨ। ਜੋਨ ਬੁੱਟਰ ਨੂੰ ਅੱਠ ਸਾਲ ਪਹਿਲਾਂ ਅਦਾਲਤ ਨੇ ਭਗੌੜਾ ਐਲਾਨਿਆ ਜਾ ਚੁੱਕਾ ਹੈ। ਜਦੋਂ ਪੁਲੀਸ ਨੇ ਫਲੈਟ ਦਾ ਦਰਵਾਜ਼ਾ ਖੜਕਾਇਆ ਤਾਂ ਗੈਂਗਸਟਰਾਂ ਨੇ ਅੰਦਰੋਂ ਹੀ ਪੁਲੀਸ ’ਤੇ ਫਾਇਰਿੰਗ ਕਰ ਦਿੱਤੀ ਅਤੇ ਜਵਾਬੀ ਕਾਰਵਾਈ ਵਿੱਚ ਇਕ ਗੈਂਗਸਟ ਜੋਨ ਬੁੱਟਰ ਜ਼ਖ਼ਮੀ ਹੋ ਗਿਆ। ਉਸ ਦੀ ਖੱਬੀ ਲੱਤ ਵਿੱਚ ਗੋਡੇ ਤੋਂ ਹੇਠਲੇ ਹਿੱਸੇ ਵਿੱਚ ਗੋਲੀ ਲੱਗੀ ਹੈ।
ਏਆਈਜੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਜੌਹਨ ਬੁੱਟਰ ਪੁਲੀਸ ਨੂੰ ਕਈ ਮਾਮਲਿਆਂ ਵਿੱਚ ਲੋੜੀਂਦਾ ਸੀ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਪੁਲੀਸ ਨੂੰ ਫਲੈਟ ’ਚੋਂ 6 ਪਿਸਤੌਲ ਬਰਾਮਦ ਅਤੇ ਕੁੱਝ ਕਾਰਤੂਸ ਬਰਾਮਦ ਹੋਏ ਹਨ। ਮੁਲਜ਼ਮਾਂ ਨੇ 10 ਦਿਨ ਪਹਿਲਾਂ ਹੀ ਅਮਨ ਹੋਮਜ਼ ਵਿੱਚ ਮਨੀ ਬਰੌਕਰ ਦੇ ਰਾਹੀਂ ਇਕ ਫਲੈਟ ਕਿਰਾਏ ’ਤੇ ਲਿਆ ਸੀ। ਮਨੀ ਬਰੌਕਰ ਕੋਲ ਇਨ੍ਹਾਂ ਗੈਂਗਸਟਰਾਂ ਨੂੰ ਪ੍ਰਿਅੰਕਾ ਨਾਂ ਦੀ ਲੜਕੀ ਲੈ ਕੇ ਆਈ ਸੀ, ਜੋ ਵੀ ਬਰੌਕਰ ਦਾ ਕੰਮ ਕਰਦੀ ਹੈ। ਮਕਾਨ ਮਾਲਕ ਹਰਚਰਨ ਸਿੰਘ ਨੇ ਗੈਂਗਸਟਰਾਂ ਨੂੰ ਕਿਰਾਏ ’ਛੇ ਫਲੈਟ ਦੇਣ ਤੋਂ ਪਹਿਲਾਂ ਉਨ੍ਹਾਂ ਦੀ ਪੁਲੀਸ ਵੈਰੀਫਿਕੇਸ਼ਨ ਨਹੀਂ ਕਰਵਾਈ ਗਈ ਸੀ। ਇਸ ਬਾਰੇ ਮਨੀ ਦਾ ਕਹਿਣਾ ਹੈ ਕਿ ਉਹ ਪਿਛਲੇ ਤਿੰਨ ਚਾਰ ਦਿਨਾਂ ਤੋਂ ਕਿਰਾਏਦਾਰ ਕੋਲੋਂ ਪੁਲੀਸ ਵੈਰੀਫਿਕੇਸ਼ਨ ਫਾਰਮ ’ਤੇ ਲਗਾਉਣ ਲਈ ਫੋਟੋਆਂ ਮੰਗ ਰਿਹਾ ਸੀ ਲੇਕਿਨ ਹੁਣ ਤੱਕ ਉਨ੍ਹਾਂ ਨੇ ਫੋਟੋਆਂ ਨਹੀਂ ਦਿੱਤੀਆਂ ਸਨ। ਜਿਸ ਕਾਰਨ ਉਨ੍ਹਾਂ ਦੀ ਵੈਰੀਫ਼ਿਕੇਸ਼ਨ ਨਹੀਂ ਹੋ ਸਕੀ। ਉਂਜ ਪੁਲੀਸ ਵੈਰੀਫਿਕੇਸ਼ਨ ਦੇ ਫਾਰਮ ਜ਼ਰੂਰ ਭਰੇ ਗਏ ਸੀ। ਪੁਲੀਸ ਵੱਲੋਂ ਮਨੀ ਬਰੌਕਰ ਅਤੇ ਪ੍ਰਿਅੰਕਾ ਨੂੰ ਵੀ ਜਾਂਚ ਵਿੱਚ ਸ਼ਾਮਲ ਕੀਤਾ ਜਾਵੇਗਾ। ਪੁਲੀਸ ਵੱਖ ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ। ਗ੍ਰਿਫ਼ਤਾਰ ਕੀਤੇ ਗੈਂਗਸਟਰਾਂ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ।
ਮੁਹਾਲੀ ਦੇ ਐਸਪੀ (ਡੀ) ਹਰਮਨਦੀਪ ਸਿੰਘ ਹਾਂਸ ਅਤੇ ਡੀਐਸਪੀ (ਡੀ) ਬਿਕਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਪੁਲੀਸ ਮੁਕਾਬਲੇ ਦੌਰਾਨ ਗ੍ਰਿਫ਼ਤਾਰ ਕੀਤੇ ਪੰਜ ਗੈਂਗਸਟਰਾਂ ਦੇ ਨਾਵਾਂ ਦੀ ਪਛਾਣ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਗੈਂਗਸਟਰ ਨਵਦੀਪ ਸਿੰਘ ਨਵੀ ਉਰਫ਼ ਜੋਨ ਬੁੱਟਰ ਵਾਸੀ ਬੁੱਟਰ ਕਲਾਂ (ਮੋਗਾ), ਅੰਮ੍ਰਿਤਪਾਲ ਸਿੰਘ ਅਤੇ ਅਮਰੀਕ ਸਿੰਘ ਦੋਵੇਂ ਵਾਸੀ ਸਮਰਾਲਾ (ਲੁਧਿਆਣਾ) ਅਤੇ ਕੁਲਵਿੰਦਰ ਸਿੰਘ ਤੇ ਪਰਮਿੰਦਰ ਸਿੰਘ ਦੋਵੇਂ ਬੁੱਟਰ ਕਲਾਂ (ਮੋਗਾ) ਦੇ ਰਹਿਣ ਵਾਲੇ ਹਨ। ਪੁਲੀਸ ਦੀ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਕੁੱਝ ਸਮਾਂ ਪਹਿਲਾਂ ਬੁੱਟਰ ਕਲਾਂ ਵਿੱਚ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਜੋਨ ਬੁੱਟਰ ਦਾ ਨਾਂ ਸਾਹਮਣੇ ਆਇਆ ਸੀ। ਉਧਰ, ਸੂਤਰ ਦੱਸਦੇ ਹਨ ਕਿ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਲੌਕਡਾਊਨ ਦੌਰਾਨ ਮੋਗਾ ਸਮੇਤ ਹੋਰਨਾਂ ਇਲਾਕਿਆਂ ਵਿੱਚ ਵੱਡੇ ਵਪਾਰੀਆਂ ਨੂੰ ਫਰੌਤੀ ਲਈ ਧਮਕਾਉਣ ਦੇ ਮਾਮਲੇ ਸਾਹਮਣੇ ਆਏ ਸੀ। ਪੁਲੀਸ ਇਸ ਪੱਖ ਤੋਂ ਜਾਂਚ ਕਰ ਰਹੀ ਹੈ ਕਿ ਵਪਾਰੀਆਂ ਨੂੰ ਡਰਾ ਧਮਕਾ ਕੇ ਫਰੌਤੀ ਮੰਗਣ ਦੇ ਮਾਮਲੇ ਵਿੱਚ ਇਨ੍ਹਾਂ ਦਾ ਵੀ ਹੱਥ ਸੀ ਜਾਂ ਨਹੀਂ। ਪੁਲੀਸ ਨੂੰ ਪੁੱਛਗਿੱਛ ਦੌਰਾਨ ਫਰੌਤੀ ਅਤੇ ਅਪਰਾਧਿਕ ਮਾਮਲਿਆਂ ਵਿੱਚ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…