
ਸੀਨੀਅਰ ਪੱਤਰਕਾਰ ਪਰਵਾਨਾ ਦੇ ਸਸਕਾਰ ਮੌਕੇ ਪੁੱਤ ਨੂੰ ਸ਼ਮਸ਼ਾਨਘਾਟ ਤੋਂ ਗ੍ਰਿਫਤਾਰ ਕਰਨਾ ਮੰਦਭਾਗਾ: ਬੇਦੀ
ਪੰਜਾਬ ਸਰਕਾਰ ਤੇ ਵਿਜੀਲੈਂਸ ਦੀ ਅਤਿ ਨਿੰਦਣਯੋਗ ਕਾਰਵਾਈ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ 7 ਜਨਵਰੀ:
ਸੀਨੀਅਰ ਪੱਤਰਕਾਰ ਐਨ ਐਸ ਪਰਵਾਨਾ ਦਾ ਅੱਜ ਮੁਹਾਲੀ ਦੇ ਸਮਸ਼ਾਨਘਾਟ ਵਿੱਚ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਪੁੱਤਰ ਐਸਪੀ ਸਿੰਘ ਜੋ ਕਿ ਸੀਨੀਅਰ ਅਧਿਕਾਰੀ ਹਨ, ਨੂੰ ਸ਼ਮਸ਼ਾਨਘਾਟ ਤੋਂ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕਰਨ ਦੀ ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਕੁਲਜੀਤ ਬੇਦੀ ਨੇ ਕਿਹਾ ਕਿ ਐਨਐਸ ਪਰਵਾਨਾ ਨੇ ਆਪਣੀ ਸਾਰੀ ਜ਼ਿੰਦਗੀ ਪੱਤਰਕਾਰੀ ਦੇ ਲੇਖੇ ਲਾਈ ਅਤੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕੀਤਾ ਹੈ। ਉਨ੍ਹਾਂ ਕਿਹਾ ਕਿ ਐਸਪੀ ਸਿੰਘ ਨੂੰ ਪਿਛਲੇ ਦਿਨੀਂ ਇਕ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦੇ ਤਹਿਤ ਵਿਜੀਲੈਂਸ ਨੇ ਅੱਜ ਸ਼ਮਸ਼ਾਨਘਟ ਵਿਖੇ ਪੁੱਜ ਕੇ ਸਸਕਾਰ ਤੋਂ ਬਾਅਦ ਐਸਪੀ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਗੱਡੀ ਵਿੱਚ ਪਾ ਕੇ ਤੁਰੰਤ ਉਥੋਂ ਲੈ ਗਏ। ਉਨ੍ਹਾਂ ਕਿਹਾ ਕਿ ਇਸ ਮੌਕੇ ਕਈ ਪੱਤਰਕਾਰਾਂ ਅਤੇ ਹੋਰ ਮੋਹਤਬਰਾਂ ਨੇ ਇੱਥੋਂ ਤੱਕ ਕਿਹਾ ਕਿ ਉਹ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਖੁਦ ਐਸਪੀ ਸਿੰਘ ਨੂੰ ਵਿਜੀਲੈਂਸ ਹਵਾਲੇ ਕਰ ਦੇਣਗੇ ਪਰ ਵਿਜੀਲੈਂਸ ਅਧਿਕਾਰੀਆਂ ਨੇ ਉਹਨਾਂ ਦੀ ਇੱਕ ਨਾ ਸੁਣੀ।
ਡਿਪਟੀ ਮੇਅਰ ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਗੱਲ ਹੈ ਕਿ ਹੈ ਇੱਕ ਪੁੱਤਰ ਨੂੰ ਆਪਣੇ ਪਿਤਾ ਦੇ ਅੰਤਮ ਸੰਸਕਾਰ ਦੀਆਂ ਰਸਮਾਂ ਪੂਰੀਆਂ ਨਹੀਂ ਕਰਨ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਇਸ ਵਾਸਤੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਘੱਟ ਹੈ।