Nabaz-e-punjab.com

ਵਿਦਿਆਰਥੀ ਦੀ ਸ਼ਖ਼ਸੀਅਤ ਨਿਖਾਰਨ ’ਚ ਆਰਟ ਐਂਡ ਕਰਾਫ਼ਟ ਅਧਿਆਪਕਾਂ ਦਾ ਯੋਗਦਾਨ ਅਹਿਮ: ਕ੍ਰਿਸ਼ਨ ਕੁਮਾਰ

ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਐਜੂਸੈੱਟ ਸਿਸਟਮ ਰਾਹੀਂ ਆਰਟ ਐਂਡ ਕਰਾਫਟ ਅਧਿਆਪਕਾਂ ਨੂੰ ਕੀਤਾ ਸੰਬੋਧਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਮਈ:
ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਪੰਜਾਬ ਦੇ ਸਮੂਹ ਆਰਟ ਐਂਡ ਕਰਾਫ਼ਟ ਅਧਿਆਪਕਾਂ ਨਾਲ ਐਜੂਸੈੱਟ ਸਿਸਟਮ ਰਾਹੀਂ ਸਿੱਧੀ ਗੱਲ ਕੀਤੀ। ਉਨ੍ਹਾਂ ਆਰਟ ਐਂਡ ਕਰਾਫ਼ਟ ਅਧਿਆਪਕਾਂ ਨੂੰ ਕਿਹਾ ਕਿ ਸਿੱਖਿਆ ਵਿਭਾਗ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਵਿਭਾਗ ਕੋਲ ਇੰਨੇ ਹੋਣਹਾਰ ਅਤੇ ਕਲਾਕਾਰ ਅਧਿਆਪਕ ਹਨ ਜੋ ਸਿੱਖਿਆ ਦੀ ਗੁਣਾਤਮਿਕਤਾ ਦੇ ਉਦੇਸ਼ ਨੂੰ ਪ੍ਰਾਪਤ ਕਰਨ ਵਿੱਚ ਵੱਡਮੁੱਲਾ ਯੋਗਦਾਨ ਦੇ ਰਹੇ ਹਨ। ਉਨ੍ਹਾਂ ਅਧਿਆਪਕਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਉਹ ਆਪਣੀ ਸੂਖਮ ਕਲਾ ਸਦਕਾ ਸਿੱਖਣ ਸਿਖਾਉਣ ਸਮੱਗਰੀ ਵਜੋਂ ਸਕੂਲ ਨੂੰ ਆਕਰਸ਼ਕ ਅਤੇ ਸੁੰਦਰ ਬਣਾ ਸਕਦੇ ਹਨ ਅਤੇ ਬਾਕੀ ਵਿਸ਼ਿਆਂ ਦੇ ਅਧਿਆਪਕਾਂ ਨੂੰ ਪੈਨਸਿਲ ਚਿੱਤਰ ਅਤੇ ਹੋਰ ਸਿੱਖਿਆਦਾਇਕ ਆਕ੍ਰਿਤੀਆਂ ਸਿਖਾਉਣ ਵਿੱਚ ਮਦਦ ਕਰ ਸਕਦੇ ਹਨ।
ਸਿੱਖਿਆ ਸਕੱਤਰ ਨੇ ਸਕੂਲਾਂ ਦੇ ਫਰਨੀਚਰ ਨੂੰ ਰੰਗਦਾਰ ਬਣਾਉਣ, ਪੌੜੀਆਂ ’ਤੇ ਗਿਣਤੀ ਤੇ ਪਹਾੜੇ ਅਤੇ ਦਰਵਾਜ਼ਿਆਂ ’ਤੇ ਜਿਊਮੈਂਟਰੀ ਦੀਆਂ ਆਕ੍ਰਿਤੀਆਂ ਬਣਾਉਣ ਲਈ ਅਧਿਆਪਕਾਂ ਦੀ ਕਲਾ ਦੀ ਵਰਤੋਂ ਸਿੱਖਣ ਪਰਿਣਾਮਾਂ ਦੀ ਪ੍ਰਾਪਤੀ ਵਿੱਚ ਸਕਾਰਾਤਮਿਕ ਢੰਗ ਨਾਲ ਸਹਾਇਕ ਸਾਬਤ ਹੋਵੇਗੀ। ਉਨ੍ਹਾਂ ਦੀ ਸਹਾਇਤਾ ਨਾਲ ਕੰਧ-ਚਿੱਤਰ ਅਤੇ ਆਕ੍ਰਿਤੀਆਂ, ਬੇਰੰਗ ਦੀਵਾਰਾਂ ਨੂੰ ਮੂੰਹੋਂ ਬੋਲਣ ਲਗਾ ਦੇਣਗੀਆਂ। ਇਸ ਨਾਲ ਵਿਦਿਆਰਥੀਆਂ ਵਿੱਚ ਰਚਨਾਤਮਿਕ ਅਤੇ ਸਿਰਜਣਾਤਮਿਕ ਗੁਣਾਂ ਦਾ ਵਿਕਾਸ ਹੋਵੇਗਾ। ਉਨ੍ਹਾਂ ਕਿਹਾ ਕਿ ਆਰਟ ਐਂਡ ਕਰਾਫ਼ਟ ਅਧਿਆਪਕਾਂ ਅਤੇ ਪ੍ਰਾਇਮਰੀ ਅਧਿਆਪਕਾਂ ਦੀ ਸਾਂਝੀਆਂ ਸੇਵਾਵਾਂ ਪ੍ਰਾਇਮਰੀ ਸਿੱਖਿਆ ਲਈ ਵੀ ਲਾਹੇਵੰਦ ਸਿੱਧ ਹੋਣਗੀਆਂ। ਉਨ੍ਹਾਂ ਕਿਹਾ ਕਿ ਸਕੂਲ ਮੁਖੀ ਸਕੂਲਾਂ ਵਿੱਚ ਬੇਕਾਰ ਸਮਾਨ ਦੀ ਆਰਟ ਐਂਡ ਕਰਾਫ਼ਟ ਅਧਿਆਪਕਾਂ ਦੀ ਕਲਾ ਦੀ ਮਦਦ ਨਾਲ ਸਾਰਥਿਕ ਵਰਤੋਂ ਕਰ ਸਕਦੇ ਹਨ।
ਇਸ ਤੋਂ ਪਹਿਲਾਂ ਪੰਜਾਬ ਰਾਜ ਸਿੱਖਿਆ ਖੋਜ ਤੇ ਸਿਖਲਾਈ ਸੰਸਥਾ ਦੇ ਡਾਇਰੈਕਟਰ ਇੰਦਰਜੀਤ ਸਿੰਘ ਨੇ ਵੀ ਸਰਕਾਰੀ ਸਕੂਲਾਂ ਵਿੱਚ ਆਰਟ ਐਂਡ ਕਰਾਫ਼ਟ ਅਧਿਆਪਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਉਹ ਹੁਣ ਆਪਣੀਆਂ ਸੇਵਾਵਾਂ ਸਦਕਾ ਸਕੂਲਾਂ ਨੂੰ ਬਾਲਾ ਦੇ ਸੋਹਣੇ ਰੰਗਾਂ ਨਾਲ ਸਜਾ ਰਹੇ ਹਨ ਉਮੀਦ ਹੈ ਕਿ ਭਵਿੱਖ ਵਿੱਚ ਵੀ ਉਹ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਣਗੇ। ਅਮਰਜੀਤ ਸਿੰਘ ਰਿਸੋਰਸ ਪਰਸਨ ਸਮਾਰਟ ਸਕੂਲ ਨੇ ਆਰਟ ਐਂਡ ਕਰਾਫ਼ਟ ਅਧਿਆਪਕਾਂ ਨੂੰ ਪੰਜਾਬ ਦੇ ਸਕੂਲਾਂ ਦੇ ਬਾਲਾ ਦੇ ਸੋਹਣੇ ਕੰਮ ਦੀ ਪੇਸ਼ਕਾਰੀ ਦਿਖਾਈ। ਉਨ੍ਹਾਂ ਨੇ ਬਾਲਾ ਦੇ ਆਕਰਸ਼ਿਤ ਕੰਮ ਦਾ ਪ੍ਰਦਰਸ਼ਨ ਕਰਦੇ ਸਿੱਖਿਆਦਾਇਕ ਪਾਰਕਾਂ ਦੀਆਂ ਤਸਵੀਰਾਂ ਪੇਸ਼ ਕੀਤੀਆਂ। ਉਨ੍ਹਾਂ ਨੇ ਸਿੱਖਣ ਪੱਧਰ ਵਿੱਚ ਸਹਾਇਕ ਬਾਲਾ ਦੇ ਕੰਮ ਦੀ ਮਹੱਤਤਾ ਅਤੇ ਇਸ ਸਬੰਧੀ ਜ਼ਰੂਰੀ ਨੁਕਤੇ ਅਧਿਆਪਕਾਂ ਦੇ ਧਿਆਨ ਵਿੱਚ ਲਿਆਂਦੇ।
ਇਸ ਮੌਕੇ ਪੰਜਾਬ ਰਾਜ ਸਿੱਖਿਆ ਖੋਜ ਤੇ ਸਿਖਲਾਈ ਸੰਸਥਾ ਦੇ ਡਾਇਰੈਕਟਰ ਇੰਦਰਜੀਤ ਸਿੰਘ, ਸਹਾਇਕ ਡਾਇਰੈਕਟਰ ਡਾ. ਜਰਨੈਲ ਸਿੰਘ ਕਾਲੇਕੇ, ਡਾ. ਦਵਿੰਦਰ ਸਿੰਘ ਬੋਹਾ, ਕਰਮਜੀਤ ਕੌਰ ਡਿਪਟੀ ਐੱਸਪੀਡੀ, ਨਿਰਮਲ ਕੌਰ, ਬਲਵਿੰਦਰ ਸਿੰਘ ਅਤੇ ਸਿੱਖਿਆ ਵਿਭਾਗ ਦੇ ਹੋਰ ਆਹਲਾ ਅਧਿਕਾਰੀ ਵੀ ਸ਼ਾਮਲ ਹੋਏ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…