
ਸੋਚ ਦਾ ਡਿਗਦਾ ਪੱਧਰ
ਕੰਵਲਪ੍ਰੀਤ ਕੌਰ ਪੰਨੂ
ਨਬਜ਼-ਏ-ਪੰਜਾਬ ਬਿਊਰੋ, 3 ਜੁਲਾਈ:
ਬਿਨਾਂ ਸੋਚੇ ਟਿੱਪਣੀਆਂ ਕਰਨ ਵਾਲੇ ਜਾਂ ਹਰ ਕਿਸੇ ਵਿੱਚ ਨੁਕਸ ਕੱਢਣ ਵਾਲੇ ਲੋਕ ਤਾਂ ਸ਼ਾਇਦ ਹਮੇਸ਼ਾਂ ਤੋਂ ਹੀ ਮੌਜੂਦ ਸਨ, ਪਰ ਇਸ ਸੋਸ਼ਲ ਮੀਡੀਆ ਦੇ ਦੌਰ ਨੇ ਓੁਹਨਾਂ ਨੂੰ ਬਹੁਤ ਵੱਡਾ ਪਲੇਟਫ਼ਾਰਮ ਮੁਹੱਈਆ ਕਰਵਾ ਦਿੱਤਾ ਹੈ। ਬੇਸ਼ੱਕ ਲੋਕ-ਤੰਤਰ ਵਿੱਚ ਹਰੇਕ ਕੋਲ ਸੋਚ ਦੀ ਆਜ਼ਾਦੀ ਹੈ ਅਤੇ ਹਰੇਕ ਨੂੰ ਆਪਣਾ ਪੱਖ ਰੱਖਣ ਦਾ ਅਧਿਕਾਰ ਹੈ, ਪਰ ਆਪਣਾ ਪੱਖ ਰੱਖਣ ਵਾਸਤੇ ਵਰਤੀ ਗਈ ਸ਼ਬਦਾਵਲੀ ਸਾਡੀ ਸੋਚ ਦਾ ਪੱਧਰ ਤਹਿ ਕਰਦੀ ਹੈ। ਥੋੜਾ ਕੁ ਸਮਾਂ ਹੀ ਸੋਸ਼ਲ ਮੀਡੀਆ ਤੇ ਲਗਾ ਕੇ ਇਸ ਪੱਧਰ ਦਾ ਨਿਰੀਖਣ ਕੀਤਾ ਜਾ ਸਕਦਾ ਹੈ। ਅਸੀਂ ਭਾਵੇਂ ਕਿੰਨੇ ਵੀ ਵਿਅਸਤ ਹੋਈਏ, ਪਰਿਵਾਰ ਵਾਸਤੇ ਸਮਾਂ ਮਿਲੇ ਜਾਂ ਨਾਂ ਮਿਲੇ, ਪਰ ਸੋਸ਼ਲ-ਮੀਡੀਆ ਸਾਡੀ ਜ਼ਿੰਦਗੀ ਦੀ ਇੱਕ ਜ਼ਰੂਰਤ ਬਣ ਗਿਆ ਹੈ। ਸ਼ਾਇਦ ਜ਼ਮਾਨੇ ਦੇ ਨਾਲ ਚੱਲਣ ਲਈ ਇਹ ਜ਼ਰੂਰੀ ਵੀ ਹੈ।
ਗੱਲ ਸ਼ੁਰੂ ਕਰਦੇ ਹਾਂ ਹੁਣ ਤੱਕ ਦੀ ਇੱਕ ਤਾਜ਼ਾ ਘਟਨਾ ਤੋਂ। ਪ੍ਰੀਤ ਹਰਪਾਲ ਦੀ ਇਕ ਵੀਡੀਓੁ ਬਹੁਤ ਵਾਇਰਸ ਹੋ ਗਈ ਜਿਸ ਵਿੱਚ ਓੁਹ ਗਾ ਰਿਹਾ ਸੀ, “ਨਵੀਂ ਭਸੂੜੀ ਪਾ ਤੀ ਬਾਬੇ ਨਾਨਕ ਨੇ, ਕਰੋਨਾ-ਕਰੋਨਾ ਕਰਾ ਤੀ ਬਾਬੇ ਨਾਨਕ ਨੇ”। ਹਾਲੇ ਵੀਡੀਓੁ ਪਾਈ ਨੂੰ ਸ਼ਾਇਦ ਕੁਝ ਹੀ ਸਮਾਂ ਹੋਇਆ ਹੋਵੇਗਾ ਕਿ ਲੋਕਾਂ ਨੇ ਓੁਸ ਓੱਤੇ ਆਪਣੀ ਭੜਾਸ ਕੱਢਣੀ ਸ਼ੁਰੂ ਕਰ ਦਿੱਤੀ। ਚਲੋ ਮੰਨ ਲਿਆ ਜਾਵੇ ਕਿ ਪ੍ਰੀਤ ਹਰਪਾਲ ਨੇ ਗਲਤ ਗਾਇਆ ਤੇ ਇਸਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ।