nabaz-e-punjab.com

ਗੈਂਗਸਟਰ ਦਿਲਪ੍ਰੀਤ ਦਾ ਇੱਕ ਹੋਰ ਸਾਥੀ ਅਰੁਣ ਕੁਮਾਰ ਗ੍ਰਿਫ਼ਤਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜੁਲਾਈ:
ਪੰਜਾਬ ਪੁਲੀਸ ਦੇ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਦੇ ਏਆਈਜੀ ਵਰਿੰਦਰਪਾਲ ਸਿੰਘ ਨੇ ਦੱਸਿਆ ਹੈ ਕਿ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ਼ ਬਾਬਾ ਦੀ ਚੰਡੀਗੜ੍ਹ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਮਿਤੀ 9 ਜੁਲਾਈ 2018 ਨੂੰ ਐਨਡੀਪੀਐਸ ਅਤੇ ਅਸਲਾ ਐਕਟ ਦਰਜ ਕੀਤਾ ਗਿਆ ਸੀ। ਜਿਸ ਵਿੱਚ ਦਿਲਪ੍ਰੀਤ ਨੂੰ ਪਨਾਹ ਦੇਣ ਵਾਲੀਆਂ ਦੋ ਅੌਰਤਾਂ ਰੁਪਿੰਦਰ ਕੌਰ ਵਾਸੀ ਸੈਕਟਰ-38ਸੀ, ਚੰਡੀਗੜ੍ਹ ਅਤੇ ਹਰਪ੍ਰੀਤ ਕੌਰ ਵਾਸੀ ਵਾਹਿਗੁਰੂ ਨਗਰ ਨਵਾਂ ਸ਼ਹਿਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਅਸਲਾ ਐਮੂਨੇਸ਼ਨ ਅਤੇ ਹੈਰੋਇਨ ਦੀ ਰਿਕਵਰੀ ਤੋਂ ਬਾਅਦ ਹੁਣ ਅਰੁਣ ਕੁਮਾਰ ਉਰਫ਼ ਸੰਨੀ ਵਾਸੀ ਪਿੰਡ ਭੁਲਾਣ, ਤਹਿਸੀਲ ਨੰਗਲ, ਜ਼ਿਲ੍ਹਾ ਰੂਪਨਗਰ ਨੂੰ ਉਸ ਦੇ ਪਿੰਡ ਤੋਂ ਹੀ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਉੱਤੇ ਗੈਂਗਸਟਰ ਬਾਬਾ ਪਨਾਹ ਦੇਣ ਅਤੇ ਨਸ਼ਿਆਂ ਦੀ ਤਸਕਰੀ ਵਿੱਚ ਉਸ ਦਾ ਸਹਿਯੋਗ ਕਰਨ ਦਾ ਦੋਸ਼ ਹੈ।
ਏਆਈਜੀ ਸ੍ਰੀ ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਅਰੁਣ ਕੁਮਾਰ ਉਰਫ਼ ਸੰਨੀ, ਦਿਲਪ੍ਰੀਤ ਬਾਬਾ ਦਾ ਪੁਰਾਣਾ ਦੋਸਤ ਸੀ। ਜੇਲ੍ਹ ਵਿੱਚ ਰਹਿਣ ਕਾਰਨ ਉਸ ਦਾ ਹੋਰ ਅਪਰਾਧੀ ਬਿਰਤੀ ਦੇ ਲੋਕਾਂ ਨਾਲ ਸੰਪਰਕ ਬਣ ਗਿਆ ਜੋ ਕਿ ਹੁਣ ਦਿਲਪ੍ਰੀਤ ਬਾਬੇ ਦੇ ਭੱਜਣ ਤੋਂ ਬਾਅਦ ਉਕਤ ਅੌਰਤਾਂ ਦੀ ਠਾਹਰ ਤੋਂ ਇਲਾਵਾ ਉਸ ਨੇ ਦਿਲਪ੍ਰੀਤ ਅਤੇ ਉਸ ਦੇ ਸਾਥੀ ਰਿੰਦਾ, ਅਕਾਸ਼ ਨੂੰ ਆਪਣੇ ਹੋਰ ਦੋਸਤਾਂ ਦੇ ਘਰ ਠਹਿਰਾਉਂਦਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੰਨ੍ਹੀ ਸੜਕਾਂ ਬਣਾਉਣ ਦੀ ਕੰਪਨੀ ਵਿੱਚ ਗਰੇਡਰ ਮਸ਼ੀਨ ਦਾ ਅਪਰੇਟਰ ਵਜੋਂ ਹਰਿਆਣਾ ਵਿੱਚ ਕੰਮ ਕਰਦਾ ਹੈ। ਇਹ ਜਿੱਥੇ ਵੀ ਸੜਕਾਂ ਦੀ ਕੰਪਨੀ ਵਿੱਚ ਕੰਮ ਕਰਦਾ ਸੀ, ਉਸੇ ਜਗ੍ਹਾ ’ਤੇ ਘਰ ਕਿਰਾਏ ’ਤੇ ਲੈ ਕੇ ਰਹਿੰਦਾ ਸੀ। ਉਸ ਨੇ ਕਿਰਾਏ ’ਤੇ ਕਮਰਾ ਪਿੰਡ ਖੁਰਦੀ ਯਮੁਨਾਨਗਰ ਹਰਿਆਣਾ ਵਿੱਚ ਲਿਆ ਸੀ। ਜਿੱਥੇ ਗੈਂਗਸਟਰ ਬਾਬਾ ਵੀ ਉਸ ਕੋਲ ਆਉਂਦਾ ਜਾਂਦਾ ਰਿਹਾ ਹੈ।
ਮੁਲਜ਼ਮ ਨੇ ਆਪਣੀ ਪੁੱਛਗਿੱਛ ਦੌਰਾਨ ਮੰਨਿਆ ਕਿ ਦਿਲਪ੍ਰੀਤ ਬਾਬਾ ਅਫ਼ੀਮ ਲਿਆ ਕੇ ਰਾਜਸਥਾਨ ਤੋਂ ਲਿਆ ਕੇ ਵੇਚਦਾ ਸੀ, ਜਿਸ ਵਿੱਚ ਇਹ ਵੀ ਉਸ ਨਾਲ ਕਈ ਵਾਰ ਰਾਜਸਥਾਨ ਤੋਂ ਅਫ਼ੀਮ ਲੈਣ ਜਾਂਦਾ ਰਿਹਾ। ਇਸ ਨੇ ਹੀ ਰਾਜਸਥਾਨ ਵਿੱਚ ਅਫ਼ੀਮ ਵੇਚਣ ਵਾਲਿਆਂ ਨਾਲ ਦਿਲਪ੍ਰੀਤ ਉਰਫ਼ ਬਾਬਾ ਦਾ ਸੰਪਰਕ ਕਰਵਾਇਆ ਸੀ ਜੋ ਇਸ ਦੇ ਜੇਲ੍ਹ ਵਿੱਚ ਸਾਥੀ ਬਣੇ ਸਨ। ਅੱਜ ਕੱਲ੍ਹ ਇਸ ਨੂੰ ਪਤਾ ਸੀ ਕਿ ਦਿਲਪ੍ਰੀਤ ਅਫ਼ੀਮ ਛੱਡ ਕੇ ਹੁਣ ਹੈਰੋਇਨ ਦਾ ਕੰਮ ਕਰ ਰਿਹਾ ਹੈ। ਦਿਲਪ੍ਰੀਤ ਬਾਬਾ ਨੇ ਇਸ ਰਾਹੀਂ ਹੀ ਨੰਗਲ ਦੇ ਇਲਾਕੇ ਦੇ ਕਰੈਸ਼ਰ ਦੇ ਕਾਰੋਬਾਰੀਆਂ ਤੋਂ ਫਿਰੌਤੀ ਲੈਣ ਦੀ ਯੋਜਨਾ ਬਣਾਈ ਸੀ। ਜਿਸ ਵਿੱਚ ਉਹ ਸਫ਼ਲ ਨਹੀਂ ਹੋ ਸਕੇ ਅਤੇ ਦਿਲਪ੍ਰੀਤ ਬਾਬਾ ਫੜਿਆ ਗਿਆ। ਅੱਜ ਇਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਨੇ ਮੁਲਜ਼ਮ ਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ।

Load More Related Articles
Load More By Nabaz-e-Punjab
Load More In Crime & Police

Check Also

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ ਨਬਜ਼-ਏ-ਪੰਜਾਬ, ਮੁਹਾਲੀ,…