Nabaz-e-punjab.com

ਗੈਂਗਸਟਰ ਰਵੀ ਬਲਾਚੌਰੀਆ ਦੇ ਦੋ ਸਾਥੀ ਅਰੁਣ ਕੁਮਾਰ ਤੇ ਸੰਦੀਪ ਉਰਫ਼ ਸੈਂਡੀ ਗ੍ਰਿਫ਼ਤਾਰ

ਮੁਲਜ਼ਮ ਕੋਲੋਂ 110 ਗਰਾਮ ਹੈਰੋਇਨ ਤੇ ਨਾਜਾਇਜ਼ ਅਸਲਾ, ਦੋ ਮੋਬਾਈਲ ਤੇ ਇਕ ਏਸੈਂਟ ਕਾਰ ਬਰਾਮਦ

ਮੁਹਾਲੀ ਪੁਲੀਸ ਦੀ ਇਨਪੁੱਟ ’ਤੇ ਗੁਜਰਾਤ ਪੁਲੀਸ ਨੇ ਰਵੀ ਬਲਾਚੌਰੀਆ ਨੂੰ ਵੀ ਕੀਤਾ ਕਾਬੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਫਰਵਰੀ:
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਮਸ਼ਹੂਰ ਗੈਂਗਸਟਰ ਰਵੀ ਬਲਾਚੌਰੀਆ ਦੇ ਦੋ ਸਾਥੀਆਂ ਅਰੁਣ ਕੁਮਾਰ ਉਰਫ਼ ਮਨੀ ਪਿੰਡ ਬਾਥੂ (ਹਿਮਾਚਲ ਪ੍ਰਦੇਸ਼) ਅਤੇ ਸੰਦੀਪ ਕੁਮਾਰ ਉਰਫ਼ ਸੈਂਡੀ ਵਾਸੀ ਰਾਮਪੁਰ ਬਿਲੜੋ (ਹੁਸ਼ਿਆਰਪੁਰ) ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਦੇ ਖ਼ਿਲਾਫ਼ ਥਾਣਾ ਫੇਜ਼-1 ਵਿੱਚ ਐਨਡੀਪੀਐਸ ਅਤੇ ਅਸਲਾ ਐਕਟ ਦੇ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐਸਪੀ (ਡੀ) ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਹੈਰੋਇਨ ਅਤੇ ਨਾਜਾਇਜ਼ ਅਸਲਾ ਵੀ ਬਰਾਮਦ ਕੀਤਾ ਗਿਆ ਹੈ। ਉਹ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਸਨ।
ਐਸਪੀ ਹਾਂਸ ਨੇ ਦੱਸਿਆ ਕਿ ਮੁਲਜ਼ਮਾਂ ਦੀ ਮੁੱਢਲੀ ਪੁੱਛਗਿੱਛ ਤੋਂ ਬਾਅਦ ਮੁਹਾਲੀ ਪੁਲੀਸ ਦੀ ਸੂਚਨਾ ’ਤੇ ਗੁਜਰਾਤ ਪੁਲੀਸ ਵੱਲੋਂ ਗੈਂਗਸਟਰ ਰਵੀ ਬਲਾਚੌਰੀਆ ਨੂੰ ਗੁਜਰਾਤ ’ਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਦੇ ਖ਼ਿਲਾਫ਼ ਕਾਫ਼ੀ ਅਪਰਾਧਿਕ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਗੈਂਗਸਟਰ ਬਲਾਚੌਰੀਆ ਨੂੰ ਪ੍ਰੋਡਕਸ਼ਨ ਵਰੰਟ ’ਤੇ ਮੁਹਾਲੀ ਲਿਆਂਦਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸੀਆਈਏ ਸਟਾਫ਼ ਦੇ ਇੰਚਾਰਜ ਸਬ ਇੰਸਪੈਕਟਰ ਰਾਜੇਸ਼ ਕੁਮਾਰ ਦੀ ਅਗਵਾਈ ਹੇਠ ਇੱਥੋਂ ਦੇ ਫੇਜ਼-1 ’ਚੋਂ ਗੈਂਗਸਟਰ ਰਵੀ ਬਲਾਚੌਰੀਆ ਦੇ ਸਾਥੀ ਅਰੁਣ ਕੁਮਾਰ ਉਰਫ਼ ਮਨੀ 110 ਗਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਪਿਛਲੇ ਦਿਨੀਂ ਪੁਲੀਸ ਨੂੰ ਇਤਲਾਹ ਮਿਲੀ ਸੀ ਕਿ ਮਨੀ ਮੁਹਾਲੀ ਵਿੱਚ ਕਿਸੇ ਨੂੰ ਚਿੱਟੇ ਦੀ ਸਪਲਾਈ ਦੇਣ ਆ ਰਿਹਾ ਹੈ। ਤਲਾਸ਼ੀ ਦੌਰਾਨ ਮੁਲਜ਼ਮ ਕੋਲੋਂ ਹੈਰੋਇਨ ਸਮੇਤ 30 ਬੋਰ ਦਾ ਪਿਸਤੌਲ ਅਤੇ 5 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ। ਇਸ ਮਗਰੋਂ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ 315 ਬੋਰ ਦਾ ਇਕ ਹੋਰ ਪਿਸਤੌਲ ਅਤੇ 10 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ। ਅਰੁਣ ਕੁਮਾਰ ਦੀ ਨਿਸ਼ਾਨਦੇਹੀ ’ਤੇ ਹੀ ਉਸ ਦੇ ਦੂਜੇ ਸਾਥੀ ਸੰਦੀਪ ਕੁਮਾਰ ਨੂੰ ਕਾਬੂ ਕੀਤਾ ਗਿਆ ਅਤੇ ਉਸ ਕੋਲੋਂ ਵੀ 315 ਬੋਰ ਦਾ ਇਕ ਦੇਸੀ ਕੱਟਾ ਬਰਾਮਦ ਕੀਤਾ ਗਿਆ।
ਐਸਪੀ ਹਾਂਸ ਨੇ ਦੱਸਿਆ ਕਿ ਗੈਂਗਸਟਰ ਬਲਾਚੌਰੀਆ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪੰਜਾਬ ਨੈਸ਼ਨਲ ਬੈਂਕ ਫਗਵਾੜਾ ਵਿੱਚ ਗੰਨ ਪੁਆਇੰਟ ’ਤੇ 7 ਲੱਖ 60 ਹਜ਼ਾਰ ਰੁਪਏ ਦੀ ਲੁੱਟ ਕੀਤੀ ਸੀ। ਜਿਸ ਵਿੱਚ ਅਰੁਣ ਕੁਮਾਰ ਵੀ ਸ਼ਾਮਲ ਸੀ। ਅਰੁਣ ਦੀ ਗ੍ਰਿਫ਼ਤਾਰੀ ਮਗਰੋਂ ਗੈਂਗਸਟਰ ਬਲਾਚੌਰੀਆਂ ਨੂੰ ਕਾਬੂ ਕਰਨ ਲਈ ਉਸ ਦੇ ਲੁਧਿਆਣਾ, ਚੌਟਾਲਾ ਅਤੇ ਗਰੇਟਰ-ਨੋਇਡਾ ਸਮੇਤ ਵੱਖ-ਵੱਖ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਸੀ ਪ੍ਰੰਤੂ ਉਹ ਪੁਲੀਸ ਤੋਂ ਬਚ ਕੇ ਗੁਜਰਾਤ ਭੱਜ ਗਿਆ। ਜਿਸ ਨੂੰ ਸਥਾਨਕ ਪੁਲੀਸ ਦੀ ਇਨਪੱੁਟ ’ਤੇ ਗੁਜਰਾਤ ਪੁਲੀਸ ਨੇ ਬੀਤੇ ਦਿਨੀਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਅਰੁਣ ਕੁਮਾਰ ਅਤੇ ਸੰਦੀਪ ਕੁਮਾਰ ਨੇ ਮੁੱਢਲੀ ਪੁੱਛਗਿੱਛ ਦੌਰਾਨ ਪੁਲੀਸ ਨੂੰ ਦੱਸਿਆ ਕਿ ਉਨ੍ਹਾਂ ਨੇ ਰਵੀ ਬਲਾਚੌਰੀਆ ਨਾਲ ਮਿਲ ਕੇ ਜੇਲ੍ਹ ਵਿੱਚ ਬੰਦ ਆਪਣੇ ਸਾਥੀ ਬਿੰਨੀ ਗੱੁਜਰ ਨੂੰ ਪੁਲੀਸ ਹਿਰਾਸਤ ’ਚੋਂ ਭਜਾਉਣਾ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਸਾਥੀਆਂ ਨਾਲ ਮਿਲਕੇ ਰਾਜੀਵ ਕੁਮਾਰ ਨੂੰ ਪੁਲੀਸ ਹਿਰਾਸਤ ’ਚੋਂ ਭਜਾਇਆ ਸੀ। ਇਸ ਗਰੋਹ ਨੇ ਯਮੁਨਾਨਗਰ ਏਰੀਆ ਵਿੱਚ ਗੰਨ ਪੁਆਇੰਟ ’ਤੇ ਇਕ ਆਈ-20 ਕਾਰ ਦੀ ਖੋਹੀ ਸੀ ਅਤੇ ਦਸੰਬਰ 2019 ਵਿੱਚ ਐਰੋਸਿਟੀ ਮੁਹਾਲੀ ਵਿੱਚ ਇਕ ਐਮਜੀ ਹੈਕਟਰ ਗੱਡੀ ਖੋਹੀ ਸੀ। ਪੁਲੀਸ ਅਨੁਸਾਰ ਅਰੁਣ ਕੁਮਾਰ ਨੇ 2013 ਵਿੱਚ ਊਨਾ ਵਿੱਚ ਵਿਨੋਦ ਜੈਨ ਦਾ ਕਤਲ ਕੀਤਾ ਸੀ। ਜਿਸ ਵਿੱਚ ਉਸ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ। ਉਹ 2018 ਵਿੱਚ ਪਰੋਲ ’ਤੇ ਬਾਹਰ ਆ ਗਿਆ ਸੀ ਅਤੇ ਦੁਬਾਰਾ ਜੇਲ੍ਹ ਵਾਪਸ ਨਹੀਂ ਗਿਆ।
ਐਸਪੀ ਨੇ ਦੱਸਿਆ ਕਿ ਮੁਲਜ਼ਮਾਂ ਵੱਲੋਂ ਬਦਲਾ ਲੈਣ ਲਈ ਜੇਵੀ ਹੁਸ਼ਿਆਰਪੁਰੀ ਅਤੇ ਕਰਮਵੀਰ ਹੈਪੀ ਨੂੰ ਮਾਰਨ ਦੀ ਤਿਆਰੀ ਕੀਤੀ ਜਾ ਰਹੀ ਸੀ। ਜੇਵੀ ਅਤੇ ਕਰਮਵੀਰ ਨੇ 2011 ਵਿੱਚ ਬਿੰਨੀ ਗੱੁਜਰ ਦੇ ਪਿਤਾ ਦਾ ਕਤਲ ਕੀਤਾ ਸੀ। ਇਸ ਸਮੇਂ ਉਹ ਦੋਵੇਂ ਜ਼ਮਾਨਤ ’ਤੇ ਹਨ। ਉਨ੍ਹਾਂ ਦੱਸਿਆ ਕਿ ਅਰੁਣ ਕੁਮਾਰ ਦੇ ਖ਼ਿਲਾਫ਼ ਕਤਲ, ਲੁੱਟਾ-ਖੋਹਾਂ ਤੇ ਹੋਰਨਾਂ ਜੁਰਮਾਂ ਤਹਿਤ ਕਰੀਬ ਸੱਤ ਕੇਸ ਚਲ ਰਹੇ ਹਨ। ਪੁਲੀਸ ਨੇ ਮੁਲਜ਼ਮਾਂ ਕੋਲੋਂ ਇਕ ਏਸੈਂਟ ਕਾਰ ਵੀ ਬਰਾਮਦ ਕੀਤੀ ਹੈ, ਜੋ ਗੜ੍ਹਸ਼ੰਕਰ ਕਤਲ ਕੇਸ ਵਿੱਚ ਵਰਤੀ ਗਈ ਸੀ। ਇਸ ਤੋਂ ਇਲਾਵਾ ਦੋ ਮੋਬਾਈਲ ਫੋਨ ਵੀ ਕਬਜ਼ੇ ਵਿੱਚ ਲਏ ਗਏ ਹਨ। ਮੁਲਜ਼ਮਾਂ ਨੂੰ ਭਲਕੇ ਐਤਵਾਰ ਨੂੰ ਡਿਊਟੀ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 14 ਜਨਵ…