ਜਲ ਨਿਕਾਸੀ ਦੀ ਗੁਹਾਰ: ਅਰੁਣ ਸ਼ਰਮਾ ਵੱਲੋਂ ਫੇਜ਼ 5 ਵਿੱਚ ਕਾਜਵੇਅ ਤੇ ਓਪਨ ਚੈਨਲ ਬਣਾਉਣ ਦੀ ਮੰਗ

ਬਰਸਾਤ ਕਾਰਨ ਲੋਕਾਂ ਦੇ ਖਰਾਬ ਹੋਏ ਸਮਾਨ ਦਾ ਮੁਹਾਲੀ ਪ੍ਰਸ਼ਾਸਨ ਬਿਨਾਂ ਕਿਸੇ ਦੇਰੀ ਤੋਂ ਤੁਰੰਤ ਮੁਆਵਜ਼ਾ ਦੇਵੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਸਤੰਬਰ:
ਮਿਉਂਸਪਲ ਕੌਂਸਲਰ ਸ੍ਰੀ ਅਰੁਣ ਸ਼ਰਮਾ ਨੇ ਮੰਗ ਕੀਤੀ ਹੈ ਕਿ ਬਰਸਾਤ ਕਾਰਨ ਲੋਕਾਂ ਦੇ ਖਰਾਬ ਹੋਏ ਸਮਾਨ ਦਾ ਮੁਆਵਜ਼ਾ ਜਲਦੀ ਦਿਤਾ ਜਾਵੇ ਅਤੇ ਫੇਜ 5 ਵਿਚ ਕਾਜਵੇਅ ਅਤੇ ਓਪਨ ਚੈਨਲ ਜਲਦੀ ਬਣਾਇਆ ਜਾਵੇ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਅਰੁਣ ਸ਼ਰਮਾ ਨੇ ਕਿਹਾ ਕਿ ਬੀਤੀ 21 ਅਗਸਤ ਨੂੰ ਜਦੋਂ ਮੁਹਾਲੀ ਸ਼ਹਿਰ ਵਿਚ ਭਰਵੀਂ ਬਰਸਾਤ ਪਈ ਸੀ ਤਾਂ ਫੇਜ 5 ਦੇ 200 ਘਰਾਂ ਵਿਚ ਪਾਣੀ ਵੜ ਗਿਆ ਸੀ, ਜਿਸ ਕਾਰਨ ਲੋਕਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਸੀ। ਉਸ ਸਮੇਂ ਨਗਰ ਨਿਗਮ ਦੇ ਮੇਅਰ ਅਤੇ ਕਮਿਸ਼ਨਰ ਨੇ ਫੇਜ਼ 5 ਦਾ ਦੌਰਾ ਕੀਤਾ ਸੀ। ਉਸ ਤੋੱ ਬਾਅਦ ਉਹਨਾਂ ਨੇ ਡੀ ਸੀ ਮੁਹਾਲੀ ਨੂੰ ਮਿਲ ਕੇ ਮੰਗ ਕੀਤੀ ਸੀ ਕਿ ਬਰਸਾਤੀ ਪਾਣੀ ਕਾਰਨ ਲੋਕਾਂ ਦੇ ਖਰਾਬ ਹੋਏ ਸਮਾਨ ਦਾ ਮੁਆਵਜਾ ਦਿਤਾ ਜਾਵੇ। ਉਸ ਸਮੇੱ ਡੀ ਸੀ ਨੇ ਭਰੋਸਾ ਦਿਤਾ ਸੀ ਕਿ ਉਹ ਇਸ ਇਲਾਕੇ ਦਾ ਦੌਰਾ ਕਰਕੇ ਮੌਕਾ ਵੇਖਣਗੇ।
ਇਸ ਉਪਰੰਤ ਡਿਪਟੀ ਕਮਿਸ਼ਨਰ ਮੁਹਾਲੀ ਅਤੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਇਸ ਇਲਾਕੇ ਦਾ ਦੌਰਾ ਕੀਤਾ ਸੀ ਤਾਂ ਉਸ ਸਮੇਂ ਵੀ ਉਹਨਾਂ ਨੇ ਲੋਕਾਂ ਦੇ ਖਰਾਬ ਹੋਏ ਸਮਾਨ ਦਾ ਮੁਆਵਜਾ ਦੇਣ ਦੀ ਮੰਗ ਦੇ ਨਾਲ ਹੀ ਉਥੇ ਕਾਜਵੇਅ ਬਣਾਉਣ ਅਤੇ ਸੀਮੈਂਟ ਦਾ ਓਪਨ ਚੈਨਲ ਸੜਕ ਦੇ ਨਾਲ ਨਾਲ ਬਣਾਉਣ ਦੀ ਮੰਗ ਕੀਤੀ ਸੀ। ਉਸ ਸਮੇਂ ਡੀ ਸੀ ਅਤੇ ਹਲਕਾ ਵਿਧਾਇਕ ਨੇ ਇਹ ਮੰਗਾਂ ਪੂਰੀਆਂ ਕਰਨ ਦਾ ਵਾਅਦਾ ਕੀਤਾ ਸੀ।
ਸ੍ਰੀ ਅਰੁਣ ਸ਼ਰਮਾ ਨੇ ਦੋਸ਼ ਲਗਾਇਆ ਕਿ ਇਸ ਗਲ ਨੂੰ 15 ਦਿਨ ਹੋ ਗਏ ਹਨ ਪਰ ਅਜੇ ਤੱਕ ਨਾ ਤਾਂ ਇਸ ਇਲਾਕੇ ਦੇ ਲੋਕਾਂ ਨੂੰ ਕੋਈ ਮੁਆਵਜਾ ਦੇਣ ਬਾਰੇ ਸਰਗਰਮੀ ਹੋਈ ਹੈ ਅਤੇ ਨਾ ਹੀ ਕਾਜਵੇਅ ਅਤੇ ਓਪਨ ਚੈਨਲ ਬਣਾਉਣ ਬਾਰੇ ਕੋਈ ਸਰਵੇ ਹੋਇਆ ਹੈ। ਉਹਨਾਂ ਕਿਹਾ ਕਿ ਦੋ ਦਿਨ ਪਹਿਲਾਂ ਆਈ ਬਰਸਾਤ ਕਾਰਨ ਵੀ ਲੋਕਾਂ ਦੇ ਸਾਹ ਸੂਤੇ ਗਏ ਸਨ ਕਿ ਹੁਣ ਵੀ ਪਹਿਲਾਂ ਵਾਂਗ ਹੀ ਪਾਣੀ ਉਹਨਾਂ ਦੇ ਘਰਾਂ ਵਿਚ ਵੜ ਜਾਵੇਗਾ। ਉਹਨਾਂ ਨਗਰ ਨਿਗਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਫੇਜ 5 ਦੇ ਜਿਹੜੇ ਵਸਨੀਕਾਂ ਦਾ ਸਮਾਨ ਬਰਸਾਤੀ ਪਾਣੀ ਨਾਲ ਖਰਾਬ ਹੋ ਗਿਆ ਸੀ, ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਇਸ ਇਲਾਕੇ ਵਿਚ ਕਾਜਵੇਅ ਅਤੇ ਸੜਕ ਦੇ ਨਾਲ ਨਾਲ ਸੀਮੈਂਟ ਦਾ ਪੱਕਾ ਓਪਨ ਚੈਨਲ ਬਣਾਇਆ ਜਾਵੇ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…