
ਅਰੂਸਾ ਆਲਮ ਦੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਦੀ ਐਨਆਈਏ ਤੋਂ ਜਾਂਚ ਕਰਵਾਈ ਜਾਵੇ: ਬੀਰਦਵਿੰਦਰ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਪਟਿਆਲਾ 14 ਮਈ:
ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਸੋਸ਼ਲ ਮੀਡੀਆ ਉੱਤੇ ਪਾਕਿਸਤਾਨੀ ਮਹਿਲਾ ਪੱਤਰਕਾਰ ਅਰੂਸਾ ਆਲਮ ਦੀ ਘੁੰਮ ਰਹੀ ਇੱਕ ਵਿਵਾਦਪੂਰਨ ਵੀਡੀਓ ਨੂੰ ਲੈ ਕੇ ਸੂਬੇ ਦੀ ਸੁਰੱਖਿਆ ਨੂੰ ਲੈ ਕੇ ਕੈਪਟਨ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਖੜਾ ਕੀਤਾ ਹੈ। ਉਨ੍ਹਾਂ ਕਿਹਾ ਕਿ ਵੀਡੀਓ ਵਿੱਚ ਇੱਕ ਤਰਫ਼ ਤਾਂ ਅਰੂਸਾ ਆਲਮ ਬੜੇ ਦਿਲਕਸ਼ ਅੰਦਾਜ਼ ਵਿੱਚ ਬੈਠੀ ਆਪਣੇ ਕਿਸੇ ਦਿਲਰੁਬਾ ਨਾਲ ਟੈਲੀਫ਼ੋਨ ਰਾਹੀ ਮੁਹੱਬਤੀ ਗੱਲਬਾਤ ਕਰ ਰਹੀ ਹੈ। ਦੂਜੇ ਪਾਸੇ ਤੋਂ ਹੁੰਘਾਰ ਵਜੋ ਜੋ ਆਵਾਜ਼ ਆ ਰਹੀ ਹੈ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮਿਲਦੀ-ਜੁਲਦੀ ਜਾਪਦੀ ਹੈ। ਹੋ ਸਕਦਾ ਹੈ ਕਿ ਕੋਈ ਵਿਅਕਤੀ ਮੁੱਖ ਮੰਤਰੀ ਦੀ ਆਵਾਜ਼ ਦੀ ਨਕਲ ਕਰਕੇ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਪਰ ਅਰੂਸਾ ਆਲਮ ਜਿਸ ਕਦਰ, ਸਿਆਹ ਪਹਿਰਾਵਾ ਪਹਿਨੀਂ, ਇੱਕ ਸ਼ੋਖ਼ ਅੰਦਾਜ਼ ਵਿੱਚ ਗੱਲਬਾਤ ਕਰ ਰਹੀ ਹੈ ਅਤੇ ਬਾਰ ਬਾਰ ਕੈਪਟਨ ਨੂੰ ‘ਮੇਰੀ ਜਾਨ’ ਆਖ ਕੇ ਸੰਬੋਧਨ ਕਰਦੀ ਨਜ਼ਰ ਆ ਰਹੀ ਹੈ ਤਾਂ ਦਾਲ ਵਿੱਚ ਕੁੱਝ ਕਾਲਾ ਨਹੀਂ ਸਗੋਂ ਪੂਰੀ ਦਾਲ ਹੀ ਕਾਲੀ ਹੋ ਗਈ ਜਾਪਦੀ ਹੈ।
ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਅਰੂਸਾ ਆਲਮ ਵਾਰ ਵਾਰ ਜ਼ਿੱਦ ਕਰਕੇ ਸਬੰਧਤ ਵਿਅਕਤੀ ਦੇ ਕਿਸੇ ਬਾਗ ਵਿੱਚ ਲੱਗੇ ਚੀਕੂ ਅਤੇ ਸੀਤਾ ਫਲ ਦੇ ਬੂਟਿਆਂ ਅਤੇ ਫਲਾਂ ਬਾਰੇ ਇੱਕ ਅਨੋਖੀ ਉਤਸੁਕਤਾ ਨਾਲ ਜਾਣਕਾਰੀ ਲੈ ਰਹੀ ਹੈ ਅਤੇ ਕੁੜੀਆਂ ਵਾਂਗ ਵਾਰ ਵਾਰ ਹਵਾਈ ਚੁੰਮਣ ਵੀ ਕੈਪਟਨ ਵੱਲ ਭੇਜ ਰਹੀ ਨਜ਼ਰ ਆਉਂਦੀ ਹੈ। ਇਸ ਗੱਲਬਾਤ ਵਿੱਚ ਅਰੂਸਾ ਬੜੇ ਰੋਅਬ ਨਾਲ ਆਦੇਸ਼ ਕਰ ਰਹੀ ਹੈ ਕਿ ‘ਖੂਬੀ ਰਾਮ ਨੂੰ ਕਹੋ ਕਿ ਉਹ ਸਾਰੀ ਰੈਕੀ ਕਰਕੇ ਬਤਾਏਂ’।
ਜ਼ਿਕਰਯੋਗ ਹੈ ਕਿ ਖੂਬੀ ਰਾਮ ਮੁੱਖ ਮੰਤਰੀ ਦੇ ਸੁਰੱਖਿਆ ਸਲਾਹਕਾਰ ਹਨ, ਜਿਨ੍ਹਾਂ ਨੂੰ ਆਈਜੀ ਰੈਂਕ ਵਿੱਚ ਸੇਵਾਮੁਕਤ ਹੋਣ ਤੋਂ ਬਾਅਦ ਐਡੀਸ਼ਨਲ ਡੀਜੀਪੀ ਦਾ ਵਿਸ਼ੇਸ਼ ਰੈਂਕ ਦੇ ਕੇ ਮੁੱਖ ਮੰਤਰੀ ਦਾ ਸੁਰੱਖਿਆ ਸਲਾਹਕਾਰ ਨਾਫਜ਼ ਕੀਤਾ ਗਿਆ ਹੈ। ਹੁਣ ਸਵਾਲ ਉੱਠਦਾ ਹੈ ਕਿ ਕੀ ਇੱਕ ਪਾਕਿਸਤਾਨੀ ਮਹਿਲਾ ਪੱਤਰਕਾਰ, ਜਿਸ ਦੀ ਪੱਤਰਕਾਰਤਾ ਦਾ ਪਿਛੋਕੜ, ਪਾਕਿਸਤਾਨ ਦੀ ਉੱਚ ਪੱਧਰੀ ਫੌਜੀ ਨਿਜ਼ਾਮ ਦੇ ਸਰੋਕਾਰਾਂ ਨਾਲ ਜੁੜਦਾ ਹੋਵੇ ਅਤੇ ਉਹ ਅੌਰਤ, ਸਰਹੱਦੀ ਸੂਬਾ ਪੰਜਾਬ ਦੇ ਮੁੱਖ ਮੰਤਰੀ ਦੇ ਸੁਰੱਖਿਆ ਸਲਾਹਕਾਰ ਨੂੰ ਕੋਈ ਰੈਕੀ ਕਰਨ ਦੇ ਫੁਰਮਾਨ ਕਿਵੇਂ ਸੁਣਾ ਸਕਦੀ ਹੈ? ਕੀ ਇੰਜ ਕਰਨ ਨਾਲ ਮੁੱਖ ਮੰਤਰੀ ਦਾ ਸਾਰਾ ਸੁਰੱਖਿਆ ਢਾਂਚਾ, ਸਵਾਲਾਂ ਦੇ ਘੇਰੇ ਵਿੱਚ ਆ ਕੇ ਸਮੀਖਿਆ ਯੋਗ ਨਹੀਂ ਬਣ ਜਾਂਦਾ?
ਕੁੱਝ ਵੀ ਹੋਵੇ ਮੈਂ ਨਿੱਜੀ ਤੌਰ ’ਤੇ ਮਹਿਸੂਸ ਕਰਦਾ ਹਾਂ ਕਿ ਜਦੋਂ ਪੰਜਾਬ ਇੱਕ ਅਜੇਹੀ ਭਿਆਨਕ ਤਰਾਸਦੀ ਨਾਲ ਜੂਝ ਰਿਹਾ ਹੋਵੇ; ਜਿਸ ਵਿੱਚ ਇੱਕ ਤਰਫ਼ ਕਿਸਾਨ ਅੰਦੋਲਨ ਦੇ ਚਰਨ ਸੀਮਾ ਤੇ ਹੋਣ ਕਾਰਨ, ਕਿਸਾਨ ਦੀ ਉਪਰਾਮਤਾ ਸਿਖ਼ਰਾਂ ਛੋਹ ਰਹੀ ਹੋਵੇ, ਮੰਡੀਆਂ ਵਿੱਚ ਹਾਲੇ ਵੀ ਕਣਕ ਦੇ ਅੰਬਾਰ ਢੋ-ਢੁਆਈ ਦੀ ਉਡੀਕ ਕਰ ਰਹੇ ਹੋਵਣ, ਕਰੋਨਾ ਮਹਾਂਮਾਰੀ ਕਾਰਨ ਹਰ ਰੋਜ਼ ਹੋ ਰਹੀਆਂ ਮੌਤਾਂ ਕਾਰਨ, ਸ਼ਮਸ਼ਾਨਾਂ ਵਿੱਚ ਮ੍ਰਿਤਕ ਦੇਹਾਂ ਦੇ ਸਸਕਾਰ ਲਈ ਥਾਂ ਨਾ ਮਿਲ ਰਹੀ ਹੋਵੇ, ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਕਾਰਨ, ਸਮੁੱਚੀ ਸਿੱਖ ਕੌਮ ਇੱਕ ਅਗਾਧੀ ਪੀੜਾ ਦੇ ਸੰਤਾਪ ਨੂੰ ਹੰਢਾਅ ਰਹੀ ਹੋਵੇ , ਕਾਂਗਰਸ ਪਾਰਟੀ ਦੇ ਅੰਦਰ ਅਤੇ ਬਾਹਰ ਹੜਕੰਪ ਮੱਚਿਆ ਹੋਇਆ ਹੋਵੇ, ਅਜਿਹੇ ਵਿੱਚ ਪੰਜਾਬ ਜਿਹੇ ਸੂਬੇ ਦੇ ਬਜ਼ੁਰਗ ਮੁੱਖ ਮੰਤਰੀ ਨੂੰ, ਜੋ ਉਮਰ ਦੇ ਅੱਸੀਵਿਆਂ ਨੂੰ ਢੁੱਕ ਚੁੱਕਿਆ ਹੋਵੇ, ਇਸ ਬਜ਼ੁਰਗ ਅਵਸਥਾ ਵਿੱਚ ਇਸ਼ਕ ਲੜਾਉਣ ਦਾ ਜਨੂਨ ਤੇ ਵਿਹਲ ਕਿਸ ਤਰ੍ਹਾਂ ਮਿਲ ਸਕਦਾ ਹੈ?
ਸਾਬਕਾ ਡਿਪਟੀ ਸਪੀਕਰ ਨੇ ਨਾਲ ਹੀ ਇਹ ਵੀ ਕਿਹਾ ਕਿ ‘‘ਮੈਨੂੰ ਜਾਪਦਾ ਹੈ ਕਿ ਮੁੱਖ ਮੰਤਰੀ ਨੂੰ ਬਦਨਾਮ ਕਰਨ ਦੀ ਇਹ ਜ਼ਰੂਰ ਕੋਈ ਵੱਡੀ ਸਾਜ਼ਿਸ਼ ਹੋਵੇਗੀ, ਜਿਸ ਦੀ ਕੌਮੀ ਜਾਂਚ ਏਜੰਸੀ (ਐਨਆਈਏ) ਤੋਂ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਜੀ ਨੂੰ ਬੇਨਤੀ ਕਰਨਗੇ ਕਿ ਇਸ ਵਾਇਰਲ ਹੋਈ ਵੀਡੀਓ ਦੀ ਸਚਾਈ ਬਾਰੇ ਉਹ ਆਪਣਾ ਪੱਖ ਵੀ ਪੰਜਾਬ ਦੇ ਲੋਕਾਂ ਸਾਹਮਣੇ ਰੱਖਣ ਅਤੇ ਖ਼ੁਦ ਹੀ ਇਸ ਅੱਤ ਅਫ਼ਸੋਸਨਾਕ ਵੀਡੀਓ ਨੂੰ ਜਾਂਚ ਲਈ ਕੌਮੀ ਜਾਂਚ ਏਜੰਸੀ ਦੇ ਹਵਾਲੇ ਕਰਨ।
ਪਾਕਿਸਤਾਨੀ ਮਹਿਲਾ ਦਾ ਭਰੋਸੇਯੋਗ ਪੁਲੀਸ ਅਫ਼ਸਰ ਹੋਣ ਕਾਰਨ ਖੂਬੀ ਰਾਮ ਦੇ ਅਰੂਸਾ ਨਾਲ ਸਬੰਧਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਅਰੂਸਾ ਆਲਮ ਉਨ੍ਹਾਂ ਨੂੰ ਕਿਸ ਚੀਜ਼ ਦੀ ਰੈਕੀ ਕਰਨ ਦੇ ਆਦੇਸ਼ ਦੇ ਰਹੀ ਹੈ? ਉਨ੍ਹਾਂ ਭਾਰਤ ਦੀ ਸੁਰੱਖਿਆ ਬਾਰੇ ਖ਼ਦਸ਼ਾ ਪ੍ਰਗਟ ਕਰਦਿਆਂ ਕਿਹਾ ਕਿ ਮੈਨੂੰ ਡਰ ਹੈ ਕਿ ਕਿਤੇ ਸਾਡੇ ਦੇਸ਼ ਦੇ ਸੁਰੱਖਿਆ ਢਾਂਚੇ ਵਿੱਚ ਘਾਤ ਲਾ ਕੇ ਚੰਡੀਮੰਦਰ ਸਥਿਤ ਸੈਨਿਕ ਸੰਸਥਾਨਾਂ ਅੰਦਰ ਕੋਈ ਜਾਸੂਸੀ ਤਾਂ ਨਹੀਂ ਹੋ ਰਹੀ? ਜੇ ਇਹ ਵੀਡੀਓ ਅਸਲੀ ਹੈ ਤਾਂ ਕੈਪਟਨ ਨੂੰ ਇਨ੍ਹਾਂ ਸਵਾਲਾਂ ਦਾ ਜਵਾਬ ਦੇਣਾ ਪਵੇਗਾ ਅਤੇ ਇਹ ਵੀ ਦੱਸਣਾ ਹੋਵੇਗਾ ਕਿ ਇਸਲਾਮਾਬਾਦ ਬੈਠੀ ਅਰੂਸਾ ਦੀ ਟੈਲੀਫ਼ੋਨ ਰਾਹੀਂ ਹੋ ਰਹੀ ਗੱਲਬਾਤ ਦੀ ਵੀਡੀਓ ਰਿਕਾਰਡਿੰਗ ਆਖ਼ਰ ਕਿਸ ਨੇ ਕੀਤੀ ਹੈ ਅਤੇ ਇਹ ਭਾਰਤੀ ਪੰਜਾਬ ਵਿੱਚ ਏਨੀ ਵੱਡੀ ਪੱਧਰ ’ਤੇ ਕਿਸ ਨੇ ਅਤੇ ਕਿਉਂ ਵਾਇਰਲ ਕੀਤੀ ਹੈ ਅਤੇ ਇਸ ਦੇ ਪਿੱਛੇ ਆਖ਼ਰ ਮਕਸਦ ਕੀ ਹੈ? ਕੀ ਇਸ ਦੇ ਪਿੱਛੇ ਅਰੂਸਾ ਦੇ ‘ਹਨੀਂ-ਟਰੈਪ’ ਦੀ ਕੋਈ ਡੂੰਘੀ ਚਾਲ ਤਾਂ ਨਹੀਂ? ਇਸ ਸਮੁੱਚੇ ਮਾਮਲੇ ਬਾਰੇ ਮੁੱਖ ਮੰਤਰੀ ਨੂੰ ਇੱਕ ਸਪੱਸ਼ਟੀਕਰਨ ਤਾਂ ਦੇਣਾ ਬਣਦਾ ਹੈ।