ਐਸਵਾਈਐਲ: ਅਰਵਿੰਦ ਕੇਜਰੀਵਾਲ ਦੀ ਕਹਿਣੀ ਤੇ ਕਥਨੀ ਵਿੱਚ ਜ਼ਮੀਨ ਅਸਮਾਨ ਦਾ ਅੰਤਰ: ਢੀਂਡਸਾ

ਅਰਵਿੰਦ ਕੇਜਰੀਵਾਲ ਨੂੰ ਪਿਛਲੇ ਦਰਵਾਜੇ ਰਾਹੀਂ ਸੂਬੇ ਦਾ ਮੁੱਖ ਮੰਤਰੀ ਨਹੀਂ ਬਣਨ ਦਿਆਂਗੇ: ਸੁਖਦੇਵ ਸਿੰਘ ਢੀਂਡਸਾ

‘ਕੈਪਟਨ ਸਿੱਧੂ ਨੂੰ ਮੇਰਾ ਜਵਾਈ ਹੋਣ ਕਰਕੇ ਨਹੀਂ ਬਲਕਿ ਡੀਸੀ ਹੁੰਦਿਆਂ ਕੀਤੇ ਵਿਕਾਸ ਕੰਮਾਂ ਕਾਰਨ ਮਿਲੀ ਟਿਕਟ’: ਢੀਂਡਸਾ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਜਨਵਰੀ:
ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਅਤੇ ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ’ਤੇ ਦੋਗਲੀ ਨੀਤੀ ਅਪਨਾਉਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਐਸਵਾਈਐਲ ਦੇ ਮੁੱਦੇ ’ਤੇ ਕੇਜਰੀਵਾਲ ਦੀ ਅਸਲੀਅਤ ਲੋਕਾਂ ਸਾਹਮਣੇ ਆ ਚੁੱਕੀ ਹੈ। ਆਪ ਆਗੂ ਦੀ ਕਹਿਣੀ ਤੇ ਕਥਨੀ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਉਹ ਪੰਜਾਬ ਵਿੱਚ ਕੁੱਝ ਤੇ ਦਿੱਲੀ ਵਿੱਚ ਕੁੱਝ ਹੋਰ ਬੋਲਦੇ ਹਨ।
ਅੱਜ ਇੱਥੇ ਅਕਾਲੀ ਦਲ ਦੇ ਉਮੀਦਵਾਰ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਆਏ ਸ੍ਰੀ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਆਪ ਮੁਖੀ ਅਰਵਿੰਦ ਕੇਜਰੀਵਾਲ ਨੂੰ ਪਿਛਲੇ ਦਰਵਾਜੇ ਰਾਹੀਂ ਸੂਬੇ ਦਾ ਮੁੱਖ ਮੰਤਰੀ ਨਹੀਂ ਬਣਨ ਦਿੱਤਾ ਜਾਵੇਗਾ। ਇਸ ਸਬੰਧੀ ਉਨ੍ਹਾਂ ਕੇਜਰੀਵਾਲ ਨੂੰ ਆਪਣੀ ਸਥਿਤੀ ਸਪੱਸ਼ਟ ਕਰਨ ਲਈ ਆਖਿਆ ਹੈ। ਚੇਤੇ ਰਹੇ ਬੀਤੇ ਕੱਲ੍ਹ ਬਲੌਂਗੀ ਵਿੱਚ ਆਪ ਦੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਮੰਚ ਤੋਂ ਇਹ ਗੱਲ ਕਹੀ ਸੀ ਕਿ ਅਰਵਿੰਦ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਹੋਣਗੇ।
ਸ੍ਰੀ ਢੀਂਡਸਾ ਨੇ ਇਹ ਵੀ ਸਪੱਸ਼ਟ ਕੀਤਾ ਕਿ ਕੈਪਟਨ ਸਿੱਧੂ ਨੂੰ ਅਕਾਲੀ ਦਲ ਦੀ ਟਿਕਟ ਉਨ੍ਹਾਂ ਦਾ ਜਵਾਈ ਹੋਣ ਦੇ ਨਾਤੇ ਨਹੀਂ ਮਿਲੀ ਹੈ ਸਗੋਂ ਮੁਹਾਲੀ ਦਾ ਡਿਪਟੀ ਕਮਿਸ਼ਨਰ ਹੁੰਦਿਆਂ ਉਨ੍ਹਾਂ ਨੇ ਪੂਰੀ ਇਮਾਨਦਾਰੀ ਅਤੇ ਸੇਵਾ ਭਾਵਨਾ ਨਾਲ ਲੋਕਾਂ ਦੀ ਸੇਵਾ ਕੀਤੀ ਹੈ। ਜਿਸ ਦਾ ਫਲ ਉਨ੍ਹਾਂ ਨੂੰ ਮਿਲਿਆ ਹੈ। ਉਂਜ ਉਨ੍ਹਾਂ ਇਹ ਖੁਲਾਸਾ ਕੀਤਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਲਾਕੇ ਦੀਆਂ ਪੰਚਾਇਤਾਂ ਨਾਲ ਸਿੱਧੀ ਗੱਲ ਕੀਤੀ ਸੀ ਅਤੇ ਕੈਪਟਨ ਸਿੱਧੂ ਦੀ ਕਾਰਗੁਜ਼ਾਰੀ ਬਾਰੇ ਚੰਗੀ ਰਿਪੋਰਟ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਚੋਣ ਮੈਦਾਨ ਵਿੱਚ ਉਤਾਰਨ ਦਾ ਫੈਸਲਾ ਲਿਆ ਗਿਆ ਹੈ ਅਤੇ ਸਾਰੇ ਅਕਾਲੀ ਆਗੂ ਤੇ ਵਰਕਰ ਪੂਰੀ ਤਰ੍ਹਾਂ ਇਕਜੁਟ ਹੋ ਕੇ ਉਨ੍ਹਾਂ ਦੀ ਚੋਣ ਮੁਹਿੰਮ ਚਲਾ ਰਹੇ ਹਨ।
ਸ੍ਰੀ ਢੀਂਡਸਾ ਨੇ ਕੈਪਟਨ ਅਮਰਿੰਦਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਕਾਂਗਰਸੀ ਵੀ ਕੋਈ ਦੁੱਧ ਧੋਤੇ ਨਹੀਂ ਹਨ। ਕੈਪਟਨ ਨੇ ਮੁੱਖ ਮੰਤਰੀ ਹੁੰਦਿਆਂ ਮੁਫ਼ਤ ਬਿਜਲੀ-ਪਾਣੀ ਅਤੇ ਆਟਾ-ਦਾਲ ਸਕੀਮ ਬੰਦ ਕਰ ਦਿੱਤੀ ਸੀ ਅਤੇ ਚੁੰਗੀ ਲਾਗੂ ਕਰਕੇ ਆਮ ਲੋਕਾਂ ਅਤੇ ਵਪਾਰੀਆਂ ’ਤੇ ਵਿੱਤੀ ਬੋਝ ਪਾਇਆ ਗਿਆ ਸੀ। ਇਹੀ ਨਹੀਂ ਕੈਪਟਨ ਨੇ ਆਪਣੇ ਸ਼ਾਸਨ ਦੌਰਾਨ ਨਾ ਕੇਵਲ ਸਰਕਾਰੀ ਨੌਕਰੀਆਂ ’ਤੇ ਪਾਬੰਦੀ ਲਗਾਈ ਸੀ ਸਗੋਂ ਪਿਛਲੀ ਬਾਦਲ ਸਰਕਾਰ ਨੇ ਨੌਕਰੀਆਂ ’ਤੇ ਰੱਖੇ ਮੁਲਾਜ਼ਮਾਂ ਦੀਆਂ ਸੇਵਾਵਾਂ ਵੀ ਬਰਖ਼ਾਸਤ ਕਰ ਦਿੱਤੀਆਂ ਹਨ। ਲਿਹਾਜ਼ਾ ਰਾਜ ਦੇ ਲੋਕਾਂ ਨੂੰ ਹੁਣ ਕੈਪਟਨ ਤੋਂ ਇਨਸਾਫ਼ ਦੀ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ ਹੈ।
ਇਸ ਮੌਕੇ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਨੇ ਕਿਹਾ ਕਿ ਵਿਕਾਸ ਪੱਖੋਂ ਮੁਹਾਲੀ ਦੀ ਨੁਹਾਰ ਬਦਲਣ ਲਈ ਨਾ ਪਹਿਲਾਂ ਕੋਈ ਕਸਰ ਛੱਡੀ ਹੈ ਅਤੇ ਨਾ ਆਉਣ ਵਾਲੇ ਸਮੇਂ ਵਿੱਚ ਕਿਸੇ ਕਿਸਮ ਦੀ ਖੜੌਤ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਮੁਹਾਲੀ ਦੇ ਵਿਕਾਸ ’ਤੇ ਢਾਈ ਲੱਖ ਕਰੋੜ ਤੋਂ ਵੱਧ ਪੈਸਾ ਖਰਚ ਕੀਤਾ ਗਿਆ ਹੈ। ਹਾਲਾਂਕਿ ਪੀਸੀਏ ਵਿੱਚ ਹੁੰਦੇ ਕ੍ਰਿਕਟ ਮੈਚਾਂ ਨਾਲ ਮੁਹਾਲੀ ਦੀ ਵਿਸ਼ਵ ਵਿੱਚ ਪਛਾਣ ਬਣੀ ਹੋਈ ਸੀ ਲੇਕਿਨ ਕੌਮਾਂਤਰੀ ਏਅਰਪੋਰਟ ਤੋਂ ਇੰਟਰ ਨੈਸ਼ਨਲ ਉਡਾਣਾਂ ਅਤੇ ਏਸੀ ਬੱਸ ਅੱਡਾ ਸ਼ੁਰੂ ਹੋਣ ਨਾਲ ਦੁਨੀਆ ਭਰ ਦੇ ਨਕਸ਼ੇ ’ਤੇ ਛਾ ਗਿਆ ਹੈ। ਇਸ ਤੋਂ ਪਹਿਲਾਂ ਢੀਂਡਸਾ ਦੇ ਪਤਿਆਉਣ ਕਾਰਨ ਸਾਬਕਾ ਕੌਂਸਲਰ ਬੀਬੀ ਮਨਮੋਹਨ ਕੌਰ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਨਗਰ ਨਿਗਮ ਚੋਣਾਂ ਵਿੱਚ ਸੀਨੀਅਰ ਲੀਡਰਸ਼ਿਪ ਦੀ ਅਣਦੇਖੀ ਦਾ ਸ਼ਿਕਾਰ ਹੋਈ ਮਹਿਲਾ ਕੌਂਸਲਰ ਨੇ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਮੌਕੇ ਸੀਨੀਅਰ ਅਕਾਲੀ ਆਗੂ ਜਸਵਿੰਦਰ ਸਿੰਘ ਵਿਰਕ, ਮਹਿਲਾ ਆਗੂ ਮਨਮੋਹਨ ਕੌਰ, ਅਕਾਲੀ ਦਲ ਯੂ.ਟੀ ਦੇ ਪ੍ਰਧਾਨ ਜਗਜੀਤ ਸਿੰਘ ਗੋਰਾ ਕੰਗ, ਯੂਥ ਆਗੂ ਹਰਜਿੰਦਰ ਸਿੰਘ ਬਲੌਂਗੀ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…