ਅਰਵਿੰਦ ਕੇਜਰੀਵਾਲ 14 ਜਨਵਰੀ ਨੂੰ ਕਰਨਗੇ ਮਾਝੇ ਵਿੱਚ ‘ਘਰ ਬਚਾਓ ਮੁਹਿੰਮ’ ਦੀ ਸ਼ੁਰੂਆਤ

ਕੇਜਰੀਵਾਲ ਕਰਨਗੇ ਭੋਆ, ਦੀਨਾਨਗਰ, ਡੇਰਾ ਬਾਬਾ ਨਾਨਕ, ਅਜਨਾਲਾ, ਰਾਜਾਸਾਂਸੀ, ਅਟਾਰੀ, ਤਰਨਤਾਰਨ ਤੇ ਖੇਮਕਰਨ ਦਾ ਦੌਰਾ: ਸ਼ੇਰਗਿੱਲ

ਨਬਜ਼-ਏ-ਪੰਜਾਬ ਬਿਊਰੋ, ਅੰਮ੍ਰਿਤਸਰ, 10 ਜਨਵਰੀ:
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ 14 ਜਨਵਰੀ ਮਾਘੀ ’ਤੇ ਮਾਝੇ ਦੇ ਲੋਕਾਂ ਨੂੰ ਭ੍ਰਿਸ਼ਟਾਚਾਰੀ ਸਿਆਸਤਦਾਨਾਂ ਦੇ ਖ਼ਿਲਾਫ਼ ਲਾਮਬੰਦ ਕਰਨ ਅਤੇ ਹੱਲਾਸ਼ੇਰੀ ਦੇਣ ਲਈ ‘ਘਰ ਬਚਾਓ ਮੁਹਿੰਮ’ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਦੌਰਾਨ ਚੰਦ ਰੁਪਿਆ ਦੀ ਖ਼ਾਤਰ ਪੰਜਾਬ ਵਿੱਚ ਨਸ਼ਿਆਂ ਦਾ ਕਾਰੋਬਾਰ ਕਰਕੇ ਨੌਜਵਾਨਾਂ ਦੀ ਜਿੰਦਗੀ ਬਰਬਾਦ ਕਰਨ ਵਾਲੇ ਸਿਆਸਤਦਾਨਾਂ ਵਿਰੁੱਧ ਭੰਡੀ ਪ੍ਰਚਾਰ ਕੀਤਾ ਜਾਵੇਗਾ। ਇਹ ਜਾਣਕਾਰੀ ਆਪ ਦੇ ਲੀਗਲ ਸੈਲ ਦੇ ਮੁਖੀ ਅਤੇ ਮਜੀਠਾ ਤੋਂ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਨੇ ਅੱਜ ਅੰਮ੍ਰਿਤਸਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਇਸ ਮੌਕੇ ਅੰਮ੍ਰਿਤਸਰ (ਸਾਊਥ) ਤੋਂ ਉਮੀਦਵਾਰ ਡਾ. ਇੰਦਰਬੀਰ ਸਿੰਘ ਨਿੱਝਰ ਵੀ ਮੌਜੂਦ ਸਨ।
ਸ੍ਰੀ ਸ਼ੇਰਗਿੱਲ ਨੇ ਦੱਸਿਆ ਕਿ ਸ੍ਰੀ ਕੇਜਰੀਵਾਲ 14 ਤੋਂ 15 ਜਨਵਰੀ ਤੱਕ ਮਾਝਾ ਖੇਤਰ ਵਿੱਚ ਰਹਿਣਗੇ। ਇਸ ਦੌਰਾਨ ਉਹ ਸਰਹੱਦੀ ਇਲਾਕਿਆਂ ਭੋਆ, ਦੀਨਾਨਗਰ, ਡੇਰਾ ਬਾਬਾ ਨਾਨਕ, ਅਜਨਾਲਾ, ਰਾਜਾਸਾਂਸੀ, ਅਟਾਰੀ, ਤਰਨ ਤਾਰਨ ਅਤੇ ਖੇਮਕਰਨ ਦੇ ਪਿੰਡਾਂ ਦਾ ਤੂਫ਼ਾਨੀ ਦੌਰਾ ਕਰਕੇ ਆਪ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਗੇ ਅਤੇ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਵਿਗੜੇ ਹੋਏ ਅਤੇ ਭ੍ਰਿਸ਼ਟਾਚਾਰੀ ਸਿਆਸਦਾਨਾਂ ਨੂੰ ਸੱਤਾ ਤੋਂ ਬਾਹਰ ਕਰਨ ਅਤੇ ਅਗਲੀ ਪੀੜੀਆਂ ਦੇ ਸੁਨਹਿਰੇ ਭਵਿੱਖ ਲਈ ਲੋਕਾਂ ਨੂੰ ਲਾਮਬੱਧ ਹੋਣ ਦਾ ਸੱਦਾ ਦੇਣਗੇ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਪੰਜਾਬ ਆਪਣੇ ਛੋਟੇ ਭੂਗੌਲਿਕ ਖੇਤਰ ਦੇ ਬਾਵਜੂਦ ਕੌਮੀ ਅਨਾਜ ਭੰਡਾਰ ਵਿੱਚ ਸਭ ਤੋਂ ਵੱਧ ਯੋਗਦਾਨ ਪਾਉਂਦਾ ਹੈ, ਭਾਰਤੀ ਫੌਜ ਵਿੱਚ ਸਭ ਤੋਂ ਜਿਆਦਾ ਪੰਜਾਬੀ ਹਨ, ਖੇਡਾਂ ਅਤੇ ਸਿੱਖਿਆ ਦੇ ਖੇਤਰ ਵਿੱਚ ਚੰਗੀਆਂ ਮੱਲਾਂ ਮਾਰੀਆਂ ਹਨ, ਪਰ ਅਖੌਤੀ ਸਿਆਸਤਦਾਨਾਂ ਦੇ ਕਾਰਨ ਉਨਾਂ ਨੂੰ ਨਿਰਾਸ਼ ਪੈਣਾ ਹੋ ਰਿਹਾ ਹੈ, ਕਿਉਂਕਿ ਇਹ ਸਿਆਸਦਾਨ ਪੰਜਾਬ ਦਾ ਭਵਿੱਖ ਸੁਧਾਰਨ ਦੀ ਬਜਾਏ ਆਪਣੀਆਂ ਤਿਜੋਰੀਆਂ ਭਰਨ ਵਿੱਚ ਲੱਗੇ ਹੋਏ ਹਨ।
ਇਸ ਮੌਕੇ ਡਾ. ਇੰਦਰਬੀਰ ਸਿੰਘ ਨਿੱਝਰ ਨੇ ਕਿਹਾ ਕਿ ਦੇਸ਼ ਦੀ ਰਾਖੀ ਲਈ ਪੰਜਾਬੀ ਹਮੇਸ਼ਾਂ ਹਿੱਕ ਤਾਣ ਕੇ ਅੱਗੇ ਆਏ ਹਨ ਅਤੇ ਆਪਣੇ ਮਿਸਾਲੀ ਹਿੰਮਤ, ਇਮਾਨਦਾਰੀ ਅਤੇ ਮਿਹਨਤ ਦੇ ਕਾਰਨ ਪੂਰੀ ਦੁਨੀਆਂ ਵਿੱਚ ਨਾਂ ਚਮਕਾਇਆ ਹੈ, ਪਰ ਦੁਸਟ ਸਿਆਸਤਦਾਨਾਂ ਵੱਲੋਂ ਨੌਜਵਾਨ ਪੀੜੀ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕ ਕੇ ਉਨ੍ਹਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਬਾਰੇ ਨੀਤੀ ਸਪਸ਼ਟ ਹੈ ਅਤੇ ਭ੍ਰਿਸ਼ਟਾਚਾਰ ਤੇ ਨਸ਼ਿਆਂ ਦੇ ਮਾਮਲਿਆਂ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨਾਂ ਕਿਹਾ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਗਠਨ ਹੋਣ ਤੋਂ ਬਾਅਦ ਅਜਿਹੇ ਮਾਮਲਿਆਂ ਨੂੰ ਸਖਤੀ ਨਾਲ ਨਜਿੱਠਿਆ ਜਾਵੇਗਾ। ਇਸ ਮੌਕੇ ‘ਘਰ ਬਚਾਓ ਮੁਹਿੰਮ‘ ਬਾਰੇ ਜਾਣਕਾਰੀ ਦਿੰਦਿਆਂ ਐਡਵੋਕੇਟ ਜਸਵਿੰਦਰ ਸਿੰਘ ਨੇ ਕਿਹਾ ਕਿ ਇਹ ਮੁਹਿੰਮ ਲੋਕਾਂ ਨੂੰ ਨਸ਼ਿਆਂ ਵਿੱਚੋਂ ਕੱਢਣ ਲਈ ਇੱਕ ਵਚਨ ਹੈ। ਉਨਾਂ ਕਿਹਾ ਕਿ ਇਹ ਮੁਹਿੰਮ ਉਨਾਂ ਲੋਕਾਂ ਲਈ ਹੈ ਜੋ ਨਸ਼ੇ ਦੇ ਸੌਦਾਗਰਾਂ ਦੇ ਚੁੰਗਲ ਵਿੱਚ ਫਸ ਗਏ ਹਨ ਅਤੇ ਇਹ ਪੂਰੇ ਪੰਜਾਬੀਆਂ ਲਈ ਨਾਪਾਕ ਯੋਜਨਾਵਾਂ ਦੇ ਖਿਲਾਫ ਉਠ ਖੜੇ ਹੋਣ ਦਾ ਸੱਦਾ ਹੈ, ਜਿਵੇਂ ਕਿ ਸਾਡੇ ਵੱਡੇ-ਵਡੇਰੇ ਸੱਚਾਈ ਵਾਸਤੇ ਲੜਦੇ ਆਏ ਹਨ। ਇਸ ਮੌਕੇ ਗੁਰਭੇਜ ਸਿੰਘ ਸੰਧੂ ਮੀਡੀਆ ਇੰਚਾਰਜ (ਮਾਝਾ ਜੋਨ) ਅਤੇ ਵਿਜੇ ਮਹਿਤਾ ਜਨਰਲ ਸਕੱਤਰ(ਅੰਮ੍ਰਿਤਸਰ ਜੋਨ) ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…