ਅਕਾਲੀ ਦਲ, ਭਾਜਪਾ ਤੇ ਕਾਂਗਰਸ ਦੇ ਸਤਾਏ ਲੋਕਾਂ ਨੂੰ ਅਰਵਿੰਦ ਕੇਜਰੀਵਾਲ ਵੱਲੋਂ ਸਿਰਫ਼ ਇਕ ਮੌਕਾ ਦੇਣ ਦੀ ਅਪੀਲ

ਪੰਜਾਬ ਵਿੱਚ ਆਪ ਦੀ ਸਰਕਾਰ ਬਣਨ ’ਤੇ ਸਾਰੇ ਕੱਚੇ ਅਧਿਆਪਕ ਤੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇਗਾ: ਕੇਜਰੀਵਾਲ

ਸਿੱਖਿਆ ਭਵਨ ਦੇ ਕੱਚੇ ਅਧਿਆਪਕਾਂ ਦੇ ਧਰਨੇ ’ਚ ਪਹੁੰਚੇ ਕੇਜਰੀਵਾਲ, ਮੁਲਾਜ਼ਮ ਜਥੇਬੰਦੀਆਂ ਦੇ ਦੁਖੜੇ ਸੁਣੇ

ਕੰਧਾਂ ਅਤੇ ਕੋਠੇ ਤਾਂ ਕੱਚੇ ਸੁਣੇ ਸੀ ਪਰ ਅਧਿਆਪਕ ਤੇ ਮੁਲਾਜ਼ਮ ਨਹੀਂ: ਭਗਵੰਤ ਮਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਨਵੰਬਰ:
ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਕਿ ਪੰਜਾਬ ਵਿੱਚ ਆਪ ਦੀ ਸਰਕਾਰ ਬਣਨ ’ਤੇ ਸਾਰੇ ਕੱਚੇ ਅਧਿਆਪਕਾਂ ਅਤੇ ਮੁਲਾਜ਼ਮਾਂ ਨੂੰ ਪਹਿਲ ਦੇ ਆਧਾਰ ’ਤੇ ਪੱਕੇ ਕੀਤਾ ਜਾਵੇਗਾ। ਉਹ ਅੱਜ ਇੱਥੇ ਸਿੱਖਿਆ ਭਵਨ ਦੇ ਬਾਹਰ ਲੜੀਵਾਰ ਧਰਨੇ ’ਤੇ ਬੈਠੇ ਕੱਚੇ ਅਧਿਆਪਕਾਂ ਦਾ ਦੁਖੜਾ ਸੁਣਨ ਪਹੁੰਚੇ ਸੀ। ਧਰਨੇ ਤੋਂ ਵਾਪਸ ਜਾਂਦੇ ਸਮੇਂ ਰਸਤੇ ਵਿੱਚ ਕੇਜਰੀਵਾਲ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਡੇਲੀਵੇਜ ਕਰਮਚਾਰੀ ਅਤੇ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ ਫੇਜ਼-6 ਦੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਐਸੋਸੀਏਸ਼ਨ ਅਤੇ ਸੋਹਾਣਾ ਟੈਂਕੀ ’ਤੇ ਚੜੇ ਬੇਰੁਜ਼ਗਾਰ ਪੀਟੀਆਈ ਅਧਿਆਪਕਾਂ ਦਾ ਦੁਖੜਾ ਵੀ ਸੁਣਿਆ ਅਤੇ ਇਨਸਾਫ਼ ਦਾ ਭਰੋਸਾ ਦਿੱਤਾ।
ਇਸ ਤੋਂ ਪਹਿਲਾਂ ਕੱਚੇ ਅਧਿਆਪਕਾਂ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਚੰਨੀ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਪੰਜਾਬ ਵਿੱਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ। ਚੋਣਾਂ ਨੇੜੇ ਆਉਣ ਕਾਰਨ ਮੁੱਖ ਮੰਤਰੀ ਐਲਾਨ ਤੇ ਐਲਾਨ ਕਰੀ ਜਾ ਰਹੇ ਹਨ ਜਦੋਂਕਿ ਜ਼ਮੀਨੀ ਹਕੀਕਤ ਕੁੱਝ ਹੋਰ ਹੈ।
ਸ੍ਰੀ ਕੇਜਰੀਵਾਲ ਨੇ ਕੱਚੇ ਅਧਿਆਪਕਾਂ ਅਤੇ ਸਮੂਹ ਮੁਲਾਜ਼ਮ ਵਰਗ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੇ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਨੂੰ ਪਰਖ ਕੇ ਦੇਖ ਲਿਆ ਹੈ, ਹੁਣ ਸਿਰਫ਼ ਇਕ ਵਾਰ ਉਨ੍ਹਾਂ ਨੂੰ ਪੰਜਾਬ ਦੀ ਸੇਵਾ ਦਾ ਮੌਕਾ ਦਿੱਤਾ ਜਾਵੇ। ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਆਪ ਦੀ ਸਰਕਾਰ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਨਾ ਉਤਰੀ ਤਾਂ ਅਗਲੀ ਵਾਰ ਬਾਂਹ ਤੋਂ ਫੜ ਕੇ ਸਤਾ ਤੋਂ ਲਾਂਭੇ ਕਰ ਦੇਣਾ। ਉਨ੍ਹਾਂ ਕਿਹਾ ਕਿ ਅੱਜ ਜਦੋਂ ਉਹ ਮੁਹਾਲੀ ਏਅਰਪੋਰਟ ਤੋਂ ਕਾਰ ਰਾਹੀਂ ਧਰਨੇ ਵਿੱਚ ਆ ਰਹੇ ਸੀ ਤਾਂ ਰਸਤੇ ਵਿੱਚ ਥਾਂ-ਥਾਂ ਮੁੱਖ ਮੰਤਰੀ ਵੱਲੋਂ ਲਗਾਏ 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਇਸ਼ਤਿਹਾਰੀ ਬੋਰਡ ’ਤੇ ਨਜ਼ਰ ਗਈ ਪਰ ਇੱਥੇ ਧਰਨੇ ਵਿੱਚ ਆ ਕੇ ਪਤਾ ਲੱਗਾ ਕਿ ਕਾਂਗਰਸ ਸਰਕਾਰ ਨੇ 36 ਕਰਮਚਾਰੀ ਵੀ ਪੱਕੇ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਹੁਕਮਰਾਨ ਵੋਟਰਾਂ ਖ਼ਾਤਰ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਬੱਚਿਆਂ ਦਾ ਭਵਿੱਖ ਸੰਵਾਰਨ ਵਾਲੇ ਅਧਿਆਪਕ ਕਾਂਗਰਸ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਹਨ।
ਸ੍ਰੀ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਦਿੱਲੀ ਵਿੱਚ ਸਿੱਖਿਆ ਵਿਵਸਥਾ ਬਹੁਤ ਚੰਗੀ ਹੈ ਜਦੋਂਕਿ ਪੰਜਾਬ ਵਿੱਚ ਸਿੱਖਿਆ ਦਾ ਗੇੜਾ ਗਰਕ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਉਨ੍ਹਾਂ ਨੇ ਕੋਈ ਮਾਰਕਾ ਨਹੀਂ ਮਾਰਿਆ ਇਹ ਸਭ ਅਧਿਆਪਕਾਂ ਦੀ ਲਗਨ ਅਤੇ ਸਖ਼ਤ ਮਿਹਨਤ ਦਾ ਨਤੀਜਾ ਹੈ। ਪੰਜਾਬ ਵਿੱਚ ਵੀ ਅਧਿਆਪਕਾਂ ਬਹੁਤ ਕਾਬਲ ਹਨ ਪਰ ਸਰਕਾਰ ਅਧਿਆਪਕਾਂ ਨੂੰ ਸਕੂਲਾਂ ਵਿੱਚ ਪੜ੍ਹਾਈ ਕਰਵਾਉਣ ਦੀ ਥਾਂ ਗੈਰ ਸਿੱਖਿਆ ਕੰਮਾਂ ’ਤੇ ਤੋਰੀ ਰੱਖਦੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਇਕ ਮਜਦੂਰ ਵੀ ਪ੍ਰਤੀ ਮਹੀਨਾ 15 ਹਜ਼ਾਰ ਕਮਾ ਲੈਂਦਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਵਿੱਚ ਅਧਿਆਪਕਾਂ ਨੂੰ ਮਹਿਜ਼ 6 ਹਜ਼ਾਰ ਨਿਗੂਣੀਆਂ ਤਨਖ਼ਾਹਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿੱਥੇ ਅਧਿਆਪਕਾਂ ਦਾ ਮਨ ਦੁਖੀ ਹੋਵੇਗਾ ਤਾਂ ਉਹ ਸਕੂਲਾਂ ਵਿੱਚ ਬੱਚਿਆਂ ਨੂੰ ਕੀ ਪੜ੍ਹਾਉਣਗੇ।
ਇਸ ਤੋਂ ਪਹਿਲਾਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਜਿਹੜੇ ਅਧਿਆਪਕਾਂ ਨੂੰ ਕਲਾਸਾਂ ਵਿੱਚ ਬੱਚਿਆਂ ਨੂੰ ਪੜ੍ਹਾ ਰਹੇ ਹੋਣਾ ਸੀ, ਉਹ ਇਨਸਾਫ਼ ਲਈ ਸੜਕਾਂ ’ਤੇ ਰੁਲ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਡੇਢ ਦਹਾਕੇ ਤੋਂ ਕੱਚੇ ਅਧਿਆਪਕ ਅਤੇ ਮੁਲਾਜ਼ਮ ਸਰਕਾਰਾਂ ਦੀਆਂ ਕੁਟ ਨੀਤੀਆਂ ਦਾ ਸ਼ਿਕਾਰ ਹੋ ਕੇ ਨਹਿਰਾਂ ’ਚ ਛਾਲਾ ਮਾਰ ਰਹੇ ਹਨ ਅਤੇ ਟੈਂਕੀਆਂ ਅਤੇ ਟਾਵਰਾਂ ’ਤੇ ਚੜੇ ਹੋਏ ਹਨ। ਉਨ੍ਹਾਂ ਕਿਹਾ ਕਿ ਜਦੋਂ ਇਨ੍ਹਾਂ ਨੌਜਵਾਨਾਂ ਕੋਲ ਉੱਚ ਸਿੱਖਿਆ ਦੀਆਂ ਡਿਗਰੀਆਂ ਅਸਲੀ ਹਨ ਤਾਂ ਫਿਰ ਉਨ੍ਹਾਂ ਨੂੰ ਨੌਕਰੀਆਂ ਕੱਚੀਆਂ ਕਿਉਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਕੰਧਾਂ ਅਤੇ ਕੋਠੇ ਤਾਂ ਕੱਚੇ ਸੁਣੇ ਸੀ ਪਰ ਅਧਿਆਪਕ ਤੇ ਮੁਲਾਜ਼ਮ ਕਦੇ ਕੱਚੇ ਨਹੀਂ ਸੁਣੇ ਸੀ। ਅਜਿਹੇ ਆਲਮ ਵਿੱਚ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਜਾਣ ਤੋਂ ਕਿਵੇਂ ਰੋਕ ਸਕਾਂਗੇ। ਮਾਨ ਨੇ ਕਿਹਾ ਕਿ ਸਕੂਲਾਂ ਦੀਆਂ ਕੰਧਾਂ ਨੂੰ ਬਾਹਰੋਂ ਰੰਗ ਰੋਗਨ ਕਰਨ ਨਾਲ ਸਕੂਲ ਸਮਾਰਟ ਨਹੀਂ ਬਣਨਗੇ ਕਿਉਂਕਿ ਅੰਦਰ ਤਾਂ ਚਾਰ ਚੁਫੇਰੇ ਹਨੇਰਾ ਛਾਇਆ ਹੋਇਆ ਹੈ। ਜਿਸ ਕਾਰਨ ਸਰਕਾਰੀ ਸਕੂਲਾਂ ਦਾ ਨਾਂ ਬਦਨਾਮ ਹੋ ਰਿਹਾ ਹੈ।

ਇਸ ਮੌਕੇ ਕੱਚੇ ਅਧਿਆਪਕ ਯੂਨੀਅਨ ਦੇ ਸੂਬਾ ਕਨਵੀਨਰ ਅਜਮੇਰ ਸਿੰਘ ਅੌਲਖ ਨੇ ਕਿਹਾ ਕਿ ਪਹਿਲਾਂ 10 ਸਾਲ ਅਕਾਲੀਆਂ ਨੇ ਕੁੱਟਿਆ, ਫਿਰ ਕੈਪਟਨ ਸਰਕਾਰ ਅਤੇ ਹੁਣ ਚੰਨੀ ਸਰਕਾਰ ਇਨਸਾਫ਼ ਦੇਣ ਦੀ ਥਾਂ ਪੁਲੀਸ ਤੋਂ ਲਾਠੀਚਾਰਜ ਕਰਵਾ ਰਹੀ ਹੈ। ਜਦੋਂਕਿ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਵਿੱਚ ਕੱਚੇ ਮੁਲਾਜ਼ਮਾਂ ਨੂੰ ਇਹ ਭਰੋਸਾ ਦਿੱਤਾ ਸੀ ਕਿ ਪਹਿਲੀ ਕੈਬਨਿਟ ਮੀਟਿੰਗ ਵਿੱਚ ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇਗਾ ਪਰ 5 ਸਾਲਾਂ ਵਿੱਚ ਇਕ ਅਧਿਆਪਕ ਨੂੰ ਵੀ ਪੱਕਾ ਨਹੀਂ ਕੀਤਾ ਗਿਆ। ਜਿਸ ਕਾਰਨ ਨਿਗੂਣੀਆਂ ਤਨਖ਼ਾਹਾਂ ’ਤੇ ਕੰਮ ਕਰਦੇ ਕੱਚੇ ਅਧਿਆਪਕਾਂ ਅਤੇ ਅਧਿਆਪਕਾਵਾਂ ਨੂੰ ਆਪਣੇ ਘਰ ਦਾ ਚੁੱਲ੍ਹਾ ਜਲਾਉਣ ਲਈ ਪਾਰਟ ਟਾਈਮ ਰੇਹੜੀ ਅਤੇ ਘਰਾਂ ਵਿੱਚ ਪੋਚੇ ਲਾਉਣੇ ਪੈਂਦੇ ਹਨ। ਮੁਲਾਜ਼ਮ ਆਗੂ ਦਵਿੰਦਰ ਸਿੰਘ ਸੰਧੂ, ਹਰਪ੍ਰੀਤ ਕੌਰ ਜਲੰਧਰ, ਮੀਡੀਆ ਕੋਆਰਡੀਨੇਟਰ ਜੁਝਾਰ ਸਿੰਘ ਸੰਗਰੂਰ, ਕਰਮਿੰਦਰ ਸਿੰਘ ਪਟਿਆਲਾ, ਕੁਲਦੀਪ ਸਿੰਘ ਬੱਡੂਵਾਲ, ਜਸਵੰਤ ਸਿੰਘ ਪੰਨੂ, ਨਵਦੀਪ ਸਿੰਘ ਬਰਾੜ, ਸਤਿੰਦਰ ਸਿੰਘ ਕੰਗ, ਨਿਸ਼ਾਂ:ਤ ਕਪੂਰਥਲਾ, ਅਸ਼ੋਕ ਫਿਰੋਜ਼ਪੁਰ ਨੇ ਵੀ ਸੰਬੋਧਨ ਕੀਤਾ।

ਇਸ ਮੌਕੇ ਆਪ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ, ਵਿਧਾਇਕ ਅਮਰਜੀਤ ਸਿੰਘ ਸੰਦੋਆ, ਜੈ ਕਿਸ਼ਨ ਸਿੰਘ ਰੋੜੀ, ਯੂਥ ਵਿੰਗ ਦੀ ਪ੍ਰਧਾਨ ਅਨਮੋਲ ਗਗਨ ਮਾਨ, ਵਪਾਰ ਵਿੰਗ ਦੇ ਸੂਬਾ ਪ੍ਰਧਾਨ ਵਿਨੀਤ ਵਰਮਾ, ਹਰਚੰਦ ਸਿੰਘ ਬਰਸਟ, ਡਾ ਸੰਨੀ ਆਹਲੂਵਾਲੀਆ, ਪ੍ਰਭਜੋਤ ਕੌਰ, ਗੁਰਮੇਲ ਸਿੰਘ, ਐਡਵੋਕੇਟ ਅਮਰਦੀਪ ਕੌਰ, ਕੁਲਜੀਤ ਸਿੰਘ ਰੰਧਾਵਾ, ਹਰਜੋਤ ਸਿੰਘ ਬੈਂਸ, ਗੁਰਿੰਦਰ ਸਿੰਘ ਕੈਰੋਂ, ਚਰਨਜੀਤ ਸਿੰਘ ਚੰਨੀ ਹਲਕਾ ਇੰਚਾਰਜ ਸ੍ਰੀ ਚਮਕੌਰ ਸਾਹਿਬ ਸਮੇਤ ਹੋਰ ਵਲੰਟੀਅਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In Awareness/Campaigns

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …