nabaz-e-punjab.com

ਸਾਲ 2017 ਜ਼ਿਲ੍ਹਾ ਮੁਹਾਲੀ ਲਈ ਅਮਨ-ਅਮਾਨ ਅਤੇ ਵਿਕਾਸ ਵਰ੍ਹੇ ਵਜੋਂ ਹੋ ਨਿਬੜਿਆ: ਡੀਸੀ ਸਪਰਾ

ਪੇਂਡੂ ਅਤੇ ਸ਼ਹਿਰੀ ਸਕੂਲਾਂ ਵਿੱਚ ਸਾਢੇ ਤਿੰਨ ਕਰੋੜ ਰੁਪਏ ਤੋਂ ਵੱਧ ਫੰਡ ਖਰਚ ਕੇ ਤਿਆਰ ਕੀਤੇ ਗਏ ਕਮਰੇ

ਜੈਵਿਕ ਉਤਪਾਦਨਾਂ ਦੀ ਵਰਤੋਂ ਅਤੇ ਵਿਕਰੀ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਵਿਕਰੀ ਕੇਂਦਰ ਸਥਾਪਤ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਦਸੰਬਰ:
ਜ਼ਿਲ੍ਹਾ ਐਸਏਐਸ ਨਗਰ ਲਈ ਸਾਲ 2017 ਭਰਪੂਰ ਤੇ ਬਹੁਪੱਖੀ ਵਿਕਾਸ ਦਾ ਵਰ੍ਹਾ ਸਾਬਤ ਹੋਇਆ ਜਿਸ ਦੌਰਾਨ ਨਗਰ ਨਿਗਮ ਮੁਹਾਲੀ ਵੱਲੋਂ ਸ਼ਿਕਾਇਤ ਨਿਵਾਰਨ ਲਈ ਉਚੇਚੀ ਐਪ ਬਣਾਏ ਜਾਣ ਤੋਂ ਇਲਾਵਾ ਜ਼ਿਲ੍ਹਾ ਪੁਲੀਸ ਵੱਲੋਂ ਆਰੰਭੀ ਗਈ ਪਾਰਕ ਸੇਫ ਮੋਬਾਈਲ ਐਪ ਨੇ ਵਿਕਾਸ ਕਾਰਜਾਂ ਨੂੰ ਹਾਈਟੈੱਕ ਕੀਤਾ ਅਤੇ ਸਾਲ ਦੇ ਅੰਤ ਤੱਕ ਪੁੱਜਦਿਆਂ ਲੋੜਵੰਦਾਂ ਨੂੰ ਮਹਿਜ਼ ਦਸ ਰੁਪਏ ਭੋਜਨ ਪ੍ਰਦਾਨ ਕਰਨ ਅਤੇ ਜੈਵਿਕ ਖੇਤੀ ਉਤਪਾਦਨਾਂ ਨੂੰ ਉਤਸ਼ਾਹਤ ਕਰਨ ਵਰਗੀਆਂ ਮੁੱਢਲੀਆਂ ਲੋੜਾਂ ਨਾਲ ਸਬੰਧਤ ਸੇਵਾਵਾਂ ਵੀ ਪ੍ਰਦਾਨ ਕੀਤੀਆਂ ਗਈਆਂ। ਪੰਜਾਬ ਸਰਕਾਰ ਵੱਲੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਅਪਰੈਲ ਵਿੱਚ ਰੋਡ ਸੇਫਟੀ ਟਰੇਨਿੰਗ ਮਾਡਲ ਜ਼ਿਲ੍ਹੇ ਵਜੋਂ ਚੁਣਿਆ ਗਿਆ ਅਤੇ ਵਿਦਿਆਰਥੀਆਂ ਦੇ ਪੱਧਰ ਤੱਕ ਸੜਕ ਸੁਰੱਖਿਆ ਜਾਗਰੂਕਤਾ ਪ੍ਰੋਗਰਾਮ ਜ਼ਿਲ੍ਹੇ ਵਿੱਚ ਆਰੰਭੇ ਗਏ।
ਅੱਜ ਸ਼ਾਮੀ ਸਰਕਾਰੀ ਬੁਲਾਰੇ ਨੇ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਦੇ ਹਵਾਲੇ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਂਝੀ ਰਸੋਈ ਯੋਜਨਾ ਅਧੀਨ ਮਹਿਜ਼ ਦਸ ਰੁਪਏ ਵਿੱਚ ਵਧੀਆ ਭੋਜਨ ਪ੍ਰਦਾਨ ਕਰਨ ਦੀ ਯੋਜਨਾ ਨੇ ਨਾ ਸਿਰਫ਼ ਲੋੜਵੰਦਾਂ ਦਾ ਸਸਤੇ ਵਿੱਚ ਢਿੱਡ ਭਰਿਆ ਸਗੋਂ ਪੌਸ਼ਟਿਕ ਭੋਜਨ ਪ੍ਰਦਾਨ ਕਰਨ ਪ੍ਰਤੀ ਸਰਕਾਰ ਦੀ ਵਚਬੱਧਤਾ ਨੂੰ ਅਮਲੀ ਰੁਪ ਵੀ ਮਿਲਿਆ। ਇਸ ਯੋਜਨਾ ਅਧੀਨ ਐਸਏਐਸ ਨਗਰ ਦੇ ਜਨਤਕ ਸਥਾਨਾਂ ਉਤੇ ਸਸਤਾ ਭੋਜਨ ਮੁਹੱਈਆ ਕਰਵਾਇਆ ਗਿਆ। ਜਿਸ ਤੋਂ ਲਾਭ ਲੈਣ ਵਾਲਿਆਂ ਦੀ ਗਿਣਤੀ ਲੱਖਾਂ ਵਿੱਚ ਜਾ ਪੁੱਜੀ। ਸੈਲਫ਼ ਹੈਲਪ ਗਰੁੱਪਾਂ ਵੱਲੋਂ ਨਾਬਾਰਡ ਦੇ ਸਹਿਯੋਗ ਨਾਲ ਹੱਥੀਂ ਤਿਆਰ ਕੀਤੇ ਸਾਮਾਨ ਨੂੰ ਲੋੜਵੰਦਾਂ ਤੱਕ ਪਹੁੰਚਾਣ ਲਈ ਪੇਂਡੂ ਬਾਜ਼ਾਰ (ਰੂਰਲ ਮਾਰਟ) ਮੁਹੱਈਆ ਕਰਵਾਇਆ ਗਿਆ। ਦੂਸਰੇ ਪਾਸੇ ਪੰਜਾਬ ਸਰਕਾਰ ਦੇ ਸੈਰ ਸਪਾਟੇ ਨੂੰ ਉਤਸ਼ਾਹਤ ਕਰਨ ਦੇ ਯਤਨਾਂ ਨੂੰ ਬੂਰ ਪਾਉਂਦਿਆਂ ਆਰੰਭੀ ਗਈ ਸ਼ਿਵਾਲਿਕ ਅਡਵੈਂਚਰ ਡਰਾਈਵ ਐਸਏਐਸ ਨਗਰ ਵਾਸੀਆਂ ਲਈ ਖੁਸ਼ੀ ਭਰਿਆ ਉਤਸ਼ਾਹ ਲੈ ਆਈ। ਪਿੰਡ ਨੂੰ ਤੰਬਾਕੂ ਮੁਕਤ ਐਲਾਨਣ, ਨਵਜਾਤ ਬੱਚੀਆਂ ਦੇ ਸਵਾਗਤ ਵਿੱਚ ਬੂਟੇ ਵੰਡਣ, ਰਹਿੰਦ-ਖੁੰਹਦ ਨੂੰ ਅੱਗ ਲਾਏ ਬਿਨਾਂ ਕਣਕ ਦੀ ਬਿਜਾਈ ਕਰਨ ਆਦਿ ਸਮਾਜਿਕ ਕਾਰਜਾਂ ਨੇ ਜ਼ਿਲ੍ਹੇ ਨੂੰ ਇਸ ਖੇਤਰ ਵਿੱਚ ਨਿਵੇਕਲੀ ਪਛਾਣ ਬਖ਼ਸ਼ੀ।
ਤੰਬਾਕੂ ਮੁਕਤ ਪੰਜਾਬ ਮਹਿੰਮ ਤਹਿਤ ਪੀਐਚਸੀ ਬੂਥਗੜ੍ਹ ਅਧੀਨ ਪੈਂਦੇ ਤਿੰਨ ਪਿੰਡਾਂ ਭੂਪਨਗਰ ਕਲਾਂ, ਭੂਪਨਗਰ ਖੁਰਦ ਅਤੇ ਬਰਸਾਲਪੁਰ ਟੱਪਰੀਆਂ ਨੂੰ ਤੰਬਾਕੂ ਮੁਕਤ ਐਲਾਨਿਆ ਗਿਆ। ਬੱਚੀਆਂ ਦੇ ਜਨਮ ਨੂੰ ਫ਼ਲਦਾਰ ਬੂਟੇ ਲਾ ਕੇ ਮਨਾਉਣ ਦੀ ਮੁਹਿੰਮ ਨੇ ਪਿੰਡ ਜੌਲਾ ਖੁਰਦ ਅਤੇ ਨੱਗਲ ਛੜਬੜ ਤੋਂ ਆਪਣੀ ਯਾਤਰਾ ਆਰੰਭ ਕਰਦਿਆਂ ਸਮਾਜ ਵਿੱਚ ਨਵੀਂ ਚੇਤਨਾ ਲਿਆਉਣ ਦਾ ਉਪਰਾਲਾ ਵਿੱਢਿਆ। ਜ਼ਿਲ੍ਹਾ ਐਸਏਐਸ ਨਗਰ ਵਿੱਚ ਪ੍ਰਸ਼ਾਸਕੀ ਪਹਿਲ ਸਦਕਾ ਕਿਸਾਨਾਂ ਨੂੰ ਝੋਨੇ ਦੀ ਅਦਾਇਗੀ ਬਿਨਾਂ ਕਿਸੇ ਖੱਜਲ-ਖੁਆਰੀ ਤੋਂ ਕੀਤੀ ਗਈ ਅਤੇ ਆਮ ਲੋਕਾਂ ਨੂੰ ਸੇਵਾ ਕੇਂਦਰ ਦੇ ਪੱਧਰ ’ਤੇ ਅਸ਼ਟਾਮ ਆਦਿ ਵਰਗੇ ਸਰਕਾਰੀ ਦਸਤਾਵੇਜ਼ ਮੁਹੱਈਆ ਕਰਵਾਉਣ ਦੀ ਚਿਰਾਂ ਤੋਂ ਖੜ੍ਹੋਤੀ ਲੋੜ ਪੂਰੀ ਕੀਤੀ ਗਈ। ਜ਼ਿਲ੍ਹਾ ਭਰ ਦੇ 80 ਸੇਵਾ ਕੇਂਦਰਾਂ ਵਿੱਚ ਪਾਸਪੋਰਟ ਸੇਵਾਵਾਂ ਨਾਲ ਸਬੰਧਤ ਦਸ ਸੇਵਾ ਕਾਰਜ ਨਿਪਟਾਉਣ ਦਾ ਭਵਿੱਖਮੁਖੀ ਅਮਲ ਆਰੰਭਿਆ ਗਿਆ। ਸਵੈ-ਰੁਜ਼ਗਾਰ ਸਬੰਧੀ ਕੈਂਪ ਲਾਉਣ ਤੋਂ ਇਲਾਵਾ ਵਿਦਿਆਰਥੀਆਂ ਦੇ ਖੇਡ ਮੁਕਾਬਲੇ,ਐਚਆਈਵੀ ਏਡਜ਼ ਜਾਗਰੂਕਤਾ ਮੁਹਿੰਮ, ਰਾਸ਼ਨ ਦੇ ਸਰਕਾਰੀ ਡਿੱਪੂਆਂ ਵਿੱਚ ਬਾਇਓਮੀਟ੍ਰਿਕ ਪ੍ਰਣਾਲੀ ਰਾਹੀਂ ਵੰਡ ਆਦਿ ਕੁਝ ਹੋਰ ਵਰਨਣਯੋਗ ਪਹਿਲਕਦਮੀਆਂ ਰਹੀਆਂ। ਦਿਹਾਤੀ ਸਵੈ ਰੁਜ਼ਗਾਰ ਸਿਖਲਾਈ ਸੰਸਥਾ ਵੱਲੋਂ ਲੱਗਭਗ ਛੇ ਹਜ਼ਾਰ ਵਿਅਕਤੀਆਂ ਨੂੰ ਸਵੈ-ਰੁਜ਼ਗਾਰ ਕਾਰਜਾਂ ਸਬੰਧੀ ਸਿਖਲਾਈ ਦਿੱਤੀ ਗਈ।
ਉੱਧਰ ਖੇਡ ਮੁਕਾਬਲਿਆਂ ਅਧੀਨ ਅੰਡਰ-17 ਪੱਧਰ ਦੇ ਦੋ ਰੋਜ਼ਾ ਮੁਕਾਬਲੇ ਸੈਕਟਰ-78 ਬਹੁਮੰਤਵੀ ਸਟੇਡੀਅਮ ਵਿੱਚ ਕਰਵਾਏ ਗਏ, ਜਿਨ੍ਹਾਂ ਵਿੱਚ ਇੱਕ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸੇ ਦੌਰਾਨ ਜ਼ਿਲ੍ਹੇ ਦੇ ਵਾਸੀ ਸਫ਼ਲ ਕਿਸਾਨ ਗਿਆਨ ਸਿੰਘ ਧੜਾਕ ਨੇ ਖੇਤੀ ਦੇ ਨਾਲ ਨਾਲ ਡੇਅਰੀ ਦੇ ਖੇਤਰ ਵਿੱਚ ਵੀ ਆਪਣੀਆਂ ਨਿਵੇਕਲੀਆਂ ਪ੍ਰਾਪਤੀਆਂ ਦਿਖਾ ਕੇ ਉਦਾਹਰਣ ਪੇਸ਼ ਕੀਤੀ। ਜ਼ਿਲ੍ਹਾ ਐਸਏਐਸ ਨਗਰ ਸਵੱਛਤਾ ਮੁਹਿੰਮ ਵਿੱਚ ਵੀ ਦੇਸ਼ ਦੇ ਪਹਿਲੇ ਦਰਜੇ ਦੇ ਜ਼ਿਲ੍ਹਿਆਂ ਵਿੱਚ ਸ਼ੁਮਾਰ ਹੋਇਆ। ਬੰਗਲਾਦੇਸ਼ ਦੇ 20 ਤੋਂ ਵੱਧ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸੱਤਵੇਂ ਸਪੈਸ਼ਲ ਟਰੇਨਿੰਗ ਪ੍ਰੋਗਰਾਮ ਅਧੀਨ ਨਾ ਸਿਰਫ਼ ਮੌਜੂਦਾ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਗਿਆ ਸਗੋਂ ਬਹੁਮੁਖੀ ਸਮੱਸਿਆਵਾਂ ਦੇ ਹੱਲ ਕੱਢਣ ਦੇ ਤਜਰਬੇ ਵੀ ਸਾਂਝੇ ਕੀਤੇ ਗਏ। ਪੇਂਡੂ ਅਤੇ ਸ਼ਹਿਰੀ ਸਕੂਲਾਂ ਵਿੱਚ ਸਾਢੇ ਤਿੰਨ ਕਰੋੜ ਰੁਪਏ ਤੋਂ ਵੱਧ ਫੰਡ ਖਰਚ ਕੇ ਲੋੜ ਅਨੁਸਾਰ ਕਮਰੇ ਤਿਆਰ ਕਰਵਾ ਕੇ ਦਿੱਤੇ ਗਏ।
ਬੁਨਿਆਦੀ ਢਾਂਚਾ ਵਿਕਾਸ ਦੀ ਇਸ ਯੋਜਨਾ ਦਾ ਲਾਭ ਪੰਜਾਹ ਤੋਂ ਵੱਧ ਸਕੂਲਾਂ ਨੂੰ ਮਿਲਿਆ। ਜ਼ਿਲ੍ਹੇ ਦੇ ਲੱਗਭਗ ਸਾਢੇ ਤਿੰਨ ਸੌ ਪਿੰਡਾਂ ਵਿਚ ਲੋਕ ਵਰਤੋਂ ਲਈ 13 ਹਜ਼ਾਰ ਤੋਂ ਵੱਧ ਪਖ਼ਾਨਿਆਂ ਦੀ ਉਸਾਰੀ ਵੀ ਹਰ ਘਰ ਨੂੰ 15 ਹਜ਼ਾਰ ਰੁਪਏ ਦਾ ਫੰਡ ਅਦਾ ਕਰ ਕੇ ਕਰਵਾਈ ਗਈ। ‘ਸਵੱਛਤਾ ਦਰਪਣ’ ਅਧੀਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਨੂੰ ਦੇਸ਼ ਦਾ ਨੰਬਰ ਇੱਕ ਜ਼ਿਲ੍ਹਾ ਹੋਣ ਦਾ ਮਾਣ ਪ੍ਰਾਪਤ ਹੋਇਆ। ਜ਼ਿਲ੍ਹੇ ਦੀ ਇਸ ਪ੍ਰਾਪਤੀ ਲਈ ਦੋ ਅਕਤੂਬਰ ਨੂੰ ਵਿਗਿਆਨ ਭਵਨ, ਨਵੀਂ ਦਿੱਲੀ ਵਿੱਚ ਹੋਏ ਸਮਾਗਮ ਦੌਰਾਨ ਭਾਰਤ ਸਰਕਾਰ ਦੇ ਸੈਨੀਟੇਸ਼ਨ ਵਿਭਾਗ ਦੇ ਰਾਜ ਮੰਤਰੀ ਐਸ.ਐਸ. ਆਹਲੂਵਾਲੀਆ ਵੱਲੋਂ ਡਿਪਟੀ ਕਮਿਸ਼ਨਰ ਨੂੰ ‘ਰਾਸ਼ਟਰੀ ਸਵੱਛ ਭਾਰਤ ਪੁਰਸ਼ਕਾਰ,-2017’ ਨਾਲ ਸਨਮਾਨਿਆ ਗਿਆ।
ਕੈਂਸਰ ਪੀੜਤ ਮਰੀਜ਼ਾਂ ਲਈ ਜ਼ਿਲ੍ਹੇ ਦੇ ਨਾਮਵਰ ਹਸਪਤਾਲਾਂ ਵਿੱਚ ਮੁੱਖ ਮੰਤਰੀ ਕੈਂਸਰ ਰਾਹਤ ਫੰਡ ਵਿੱਚੋਂ ਮਾਇਕ ਸਹਾਇਤਾ ਖੁੱਲ੍ਹੇ ਦਿਲ ਨਾ ਮੁਹੱਈਆ ਕਰਵਾਈ ਗਈ। ਇਸ ਯੋਜਨਾ ਅਧੀਨ ਸਾਢੇ ਛੇ ਸੌ ਕੈਂਸਰ ਪੀੜਤ ਮਰੀਜ਼ਾਂ ਲੱਗਭਗ ਸਾਢੇ ਅੱਠ ਕਰੋੜ ਰੁਪਏ ਪ੍ਰਦਾਨ ਕੀਤੇ ਗਏ। ਪੰਜਾਬ ਸਰਕਾਰ ਦੀ ਘਰ ਘਰ ਰੁਜ਼ਗਾਰ ਮੁਹਿੰਮ ਨੂੰ ਹੁਲਾਰਾ ਦਿੰਦਿਆਂ ਰੁਜ਼ਗਾਰ ਮੇਲੇ ਲਾ ਕੇ ਨੌਜਵਾਨਾਂ ਨੂੰ ਰੁਜ਼ਗਾਰ ਮੌਕੇ ਮੁਹੱਈਆ ਕਰਵਾਉਣ ਤੋਂ ਇਲਾਵਾ ਸਿਖਲਾਈ ਕੈਂਪ ਵੀ ਲਾਏ ਗਏ। ਜ਼ਿਲ੍ਹਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਪੰਜਾਬ ਨੈਸ਼ਨਲ ਬੈਂਕ ਵੱਲੋਂ ਚਲਾਈ ਸਵੈ-ਰੁਜ਼ਗਾਰ ਸਿਖਲਾਈ ਸੰਸਥਾ ਵੱਲੋਂ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਵਿਅਕਤੀਆਂ ਅਤੇ ਅਨੁਸੂਚਿਤ ਜਾਤੀਆਂ ਤੇ ਪੱਛੜੀਆਂ ਸ਼੍ਰੇਣੀਆਂ ਦੀਆਂ ਅੌਰਤਾਂ ਨੂੰ ਸਵੈ ਰੁਜ਼ਗਾਰ ਧੰਦੇ ਸ਼ੁਰੂ ਕਰਨ ਲਈ ਪਿੰਡ ਪੱਧਰ ’ਤੇ ਵੱਖ-ਵੱਖ ਥਾਵਾਂ ’ਤੇ 200 ਸਿਖਲਾਈ ਕੈਂਪ ਲਗਾ ਕੇ 5954 ਜਣਿਆਂ ਨੂੰ ਸਵੈ-ਰੁਜ਼ਗਾਰ ਸਬੰਧੀ ਧੰਦਿਆਂ ਦੀ ਸਿਖਲਾਈ ਦਿੱਤੀ ਗਈ।
ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ੍ਰੇਣੀਆਂ ਦੀ ਭਲਾਈ ਲਈ ਅਨੇਕਾਂ ਯੋਜਨਾਵਾਂ ਬਣਾ ਕੇ ਉਨ੍ਹਾਂ ਨੂੰ ਅਮਲੀ ਜਾਮਾ ਪਹਿਨਾਇਆ ਗਿਆ। ਜ਼ਿਲ੍ਹੇ ਵਿੱਚ ਆਸ਼ੀਰਵਾਦ ਸਕੀਮ ਤਹਿਤ 800 ਤੋਂ ਵੱਧ ਲਾਭਪਾਤਰੀਆਂ ਨੂੰ 121.35 ਲੱਖ ਰੁਪਏ ਤੋਂ ਵੱਧ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ। ਜੈਵਿਕ ਉਤਪਾਦਨਾਂ ਦੀ ਵਰਤੋਂ ਅਤੇ ਵਿਕਰੀ ਨੂੰ ਉਤਸ਼ਾਹਤ ਕਰਨ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਇੱਕ ਉਚੇਚਾ ਵਿਕਰੀ ਕੇਂਦਰ ਸਥਾਪਤ ਕੀਤਾ ਗਿਆ ਅਤੇ ਜੈਵਿਕ ਸਬਜ਼ੀ ਮੰਡੀ ਦਾ ਪ੍ਰਬੰਧ ਸੋਹਾਣਾ ਨੇੜੇ ‘ਆਪਣੀ ਪੈਦਾਵਾਰ ਆਪਣੀ ਮੰਡੀ’ ਸਿਰਲੇਖ ਅਧੀਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਇਆ ਗਿਆ। ਇਸੇ ਸਾਲ ਸੈਕਟਰ 76 ਦੇ ਕੋਰਟ ਕੰਪਲੈਕਸ ਵਿੱਚ ਏ.ਡੀ.ਆਰ. ਸੈਂਟਰ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ ਵੀ ਕੀਤਾ ਗਿਆ। ਇਸ ਤੋਂ ਇਲਾਵਾ ਜ਼ਿਲ੍ਹਾ ਕੋਰਟ ਕੰਪਲੈਕਸ ਵਿਚਲੇ ਬੀ ਅਤੇ ਸੀ ਬਲਾਕ ਦਾ ਉਦਘਾਟਨ ਵੀ ਕੀਤਾ ਗਿਆ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…