ਵਿਆਹ ਦੀ ਰਜਿਸਟਰੇਸ਼ਨ ਕਰਵਾਉਣ ਲਈ ਅਸ਼ਟਾਮ ਪੇਪਰ ਉਪਲਬਧ ਨਹੀਂ: ਬੇਦੀ

ਫਤਹਿਗੜ੍ਹ ਸਾਹਿਬ ਜਾਂ ਰੂਪਨਗਰ ’ਚੋਂ ਅਸ਼ਟਾਮ ਪੇਪਰ ਲਿਆਉਣ ਦਾ ਰਸਤਾ ਦਿਖਾਉਂਦੇ ਨੇ ਵੈਂਡਰ: ਡਿਪਟੀ ਮੇਅਰ

ਨਬਜ਼-ਏ-ਪੰਜਾਬ, ਮੁਹਾਲੀ, 15 ਜਨਵਰੀ:
ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਘਰ-ਘਰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਹੁਕਮਰਾਨ ਪੈਰ-ਪੈਰ ’ਤੇ ਝੂਠ ਬੋਲ ਕੇ ਡੰਗ ਟਪਾ ਰਹੇ ਹਨ। ਅੱਜ ਇੱਥੇ ਕੁਲਜੀਤ ਬੇਦੀ ਨੇ ਕਿਹਾ ਕਿ ਮੁਹਾਲੀ ਸਮੇਤ ਸਮੁੱਚੇ ਜ਼ਿਲ੍ਹੇ ਅੰਦਰ ਵਿਆਹ ਦੀ ਰਜਿਸਟਰੇਸ਼ਨ ਕਰਵਾਉਣ ਲਈ ਅਸ਼ਟਾਮ ਪੇਪਰ ਹੀ ਉਪਲਬਧ ਨਹੀਂ ਹਨ। ਵਿਆਹ ਦੀ ਰਜਿਸਟਰੇਸ਼ਨ ਲਈ 1500 ਦੇ ਅਸ਼ਟਾਮ ਪੇਪਰਾਂ ਦੀ ਲੋੜ ਹੁੰਦੀ ਹੈ। ਜਦੋਂ ਲੋਕ ਮੁਹਾਲੀ ਤਹਿਸੀਲ ਵਿੱਚ ਰਜਿਸਟਰੇਸ਼ਨ ਲਈ ਜਾਂਦੇ ਹਨ ਤਾਂ ਉੱਥੇ ਅਸ਼ਟਾਮ ਪੇਪਰ ਨਹੀਂ ਮਿਲਦੇ। ਡਿਪਟੀ ਮੇਅਰ ਨੇ ਕਿਹਾ ਕਿ ਮੁਹਾਲੀ ਵਿੱਚ ਅਸ਼ਟਾਮ ਪੇਪਰ ਵੇਚਣ ਵਾਲੇ ਵੈਂਡਰ ਦੱਸਦੇ ਹਨ ਕਿ ਉਹ ਪਿਛਲੇ ਚਾਰ ਮਹੀਨੇ ਤੋਂ ਇਸ ਸਮੱਸਿਆ ਨਾਲ ਜੂਝ ਰਹੇ ਹਨ। ਅਜਿਹੇ ਵਿੱਚ ਲੋਕਾਂ ਨੂੰ ਗੁਆਂਢੀ ਜ਼ਿਲ੍ਹੇ ਫਤਹਿਗੜ੍ਹ ਸਾਹਿਬ ਜਾਂ ਰੂਪਨਗਰ ’ਚੋਂ ਅਸ਼ਟਾਮ ਪੇਪਰ ਲਿਆਉਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਨਾਲ ਲੋਕਾਂ ਦਾ ਪੈਸਾ ਅਤੇ ਸਮੇਂ ਦੀ ਬਰਬਾਦੀ ਹੁੰਦੀ ਹੈ।
ਕੁਲਜੀਤ ਬੇਦੀ ਨੇ ਕਿਹਾ ਕਿ ਮੁਹਾਲੀ ਦੇ ਲੋਕ ਅਸ਼ਟਾਮ ਪੇਪਰਾਂ ਲਈ ਖੱਜਲ-ਖੁਆਰ ਹੋ ਰਹੇ ਹਨ ਜਦੋਂਕਿ ਹੁਕਮਰਾਨ ਸਰਕਾਰ ਆਪ ਦੇ ਦੁਆਰ ਤਹਿਤ ਬੂਹੇ ’ਤੇ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਦੇ ਝੂਠੇ ਦਾਅਵੇ ਕਰਕੇ ਵਾਹਾਵਾਹੀ ਖੱਟ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀ ਕਹਿਣੀ ਅਤੇ ਕਥਨੀ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਪੰਜਾਬ ਵਿੱਚ ‘ਆਪ’ ਫਲੈਕਸਾਂ ਉੱਤੇ ਮਸ਼ਹੂਰੀਆਂ ਲਗਾਉਣ ਵਾਲੀ ਸਰਕਾਰ ਬਣ ਕੇ ਰਹਿ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਮੁਹਾਲੀ ਵਿੱਚ ਫੌਰੀ ਅਸ਼ਟਾਮ ਮੁਹੱਈਆ ਕਰਵਾਈ ਜਾਣ ਤਾਂ ਜੋ ਲੋਕਾਂ ਨੂੰ ਆਪਣੇ ਕੰਮਾਂ-ਕਾਰਾਂ ਲਈ ਖੱਜਲ-ਖੁਆਰ ਨਾ ਹੋਣ ਪਵੇ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …