
ਕੁੱਟਮਾਰ ਦਾ ਮਾਮਲਾ: ਅੰਬ ਸਾਹਿਬ ਕਲੋਨੀ ਦੇ ਵਸਨੀਕਾਂ ਵੱਲੋਂ ਥਾਣੇ ਦੇ ਬਾਹਰ ਮੁਜ਼ਾਹਰਾ
ਦੂਜੀ ਧਿਰ ਖ਼ਿਲਾਫ਼ ਧਾਰਾ 307 ਦਾ ਕੇਸ ਦਰਜ ਕਰਨ ਦੀ ਮੰਗ, ਐਸਪੀ ਨੇ ਡੀਐਸਪੀ ਨੂੰ ਸੌਂਪੀ ਜਾਂਚ
ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਜੂਨ:
ਸਥਾਨਕ ਅੰਬ ਸਾਹਿਬ ਕਲੋਨੀ ਵਿੱਚ ਪਿਛਲੇ ਦਿਨੀਂ ਦੋ ਧਿਰਾਂ ਵਿੱਚ ਲੜਾਈ ਝਗੜੇ ਸਬੰਧੀ ਅੱਜ ਇਕ ਧਿਰ ਨੇ ਵਾਲਮੀਕ ਸਭਾ ਚੰਡੀਗੜ੍ਹ ਦੇ ਸਹਿਯੋਗ ਨਾਲ ਵੀਰਵਾਰ ਨੂੰ ਫੇਜ਼-11 ਥਾਣੇ ਦੇ ਬਾਹਰ ਰੋਸ ਮੁਜ਼ਾਹਰਾ ਕਰਕੇ ਦੂਜੀ ਧਿਰ ਦੇ ਖ਼ਿਲਾਫ਼ ਵੀ ਧਾਰਾ 307 ਦੇ ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀ ਕੁਲਦੀਪ ਕੁਮਾਰ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਕਲੋਨੀ ਵਿੱਚ ਸਤੀਸ਼ ਕੁਮਾਰ ਦੀ ਵਿਰੋਧੀਆਂ ਨੇ ਕੁੱਟਮਾਰ ਕੀਤੀ ਗਈ। ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ ਸੀ। ਜਦੋਂਕਿ ਕਲੋਨੀ ਵਾਸੀਆਂ ਦਾ ਕਹਿਣਾ ਹੈ ਕਿ ਝਗੜੇ ਵਾਲੇ ਦਿਨ ਦੋਵਾਂ ਧਿਰਾਂ ਵਿੱਚ ਤੇਜ਼ਧਾਰ ਚੱਲੇ ਸੀ। ਇਸ ਸਬੰਧੀ ਪੁਲੀਸ ਨੇ ਦੋਵਾਂ ਧਿਰਾਂ ਖ਼ਿਲਾਫ਼ ਕਰਾਸ ਕੇਸ ਦਰਜ ਕੀਤਾ ਗਿਆ ਪ੍ਰੰਤੂ ਸਤੀਸ਼ ਕੁਮਾਰ ਤੇ ਸਾਥੀਆਂ ਖ਼ਿਲਾਫ਼ ਧਾਰਾ 307 ਵੀ ਜੋੜੀ ਗਈ ਸੀ। ਜਿਸ ਦਾ ਵਾਲਮੀਕ ਭਾਈਚਾਰੇ ਨੇ ਸਖ਼ਤ ਵਿਰੋਧ ਕਰਦਿਆਂ ਮੰਗ ਕੀਤੀ ਕਿ ਜਦੋਂ ਦੋਵਾਂ ਧਿਰਾਂ ਖ਼ਿਲਾਫ਼ ਕਰਾਸ ਕੇਸ ਦਰਜ ਕੀਤਾ ਗਿਆ ਤਾਂ ਫਿਰ ਇਕੱਲੇ ਉਨ੍ਹਾਂ ਦੇ ਖ਼ਿਲਾਫ਼ ਧਾਰਾ 307 ਕਿਉਂ ਲਗਾਈ। ਉਨ੍ਹਾਂ ਮੰਗ ਕੀਤੀ ਕਿ ਕਰਾਸ ਕੇਸ ਦੋਵਾਂ ਧਿਰਾਂ ਖ਼ਿਲਾਫ਼ ਬਰਾਬਰ ਹੋਣਾ ਚਾਹੀਦਾ ਹੈ।
ਉਧਰ, ਐਸਪੀ (ਐਚ) ਨੇ ਮਾਮਲੇ ਦੀ ਜਾਂਚ ਡੀਐਸਪੀ ਨੂੰ ਸੌਂਪੀ ਗਈ ਹੈ। ਇਸ ਸਬੰਧੀ ਥਾਣਾ ਫੇਜ਼-11 ਦੇ ਐਸਐਚਓ ਜਗਦੀਪ ਸਿੰਘ ਬਰਾੜ ਨੇ ਕਿਹਾ ਕਿ ਉੱਚ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ। ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।