nabaz-e-punjab.com

ਟੀਵੀ ਪੱਤਰਕਾਰਾਂ ’ਤੇ ਹਮਲਾ ਕਰਨ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ

ਰਾਤ ਨੂੰ ਸ਼ਰਾਬ ਠੇਕੇ ਖੁੱਲ੍ਹੇ ਹੋਣ ਸਬੰਧੀ ਲਾਈਵ ਕਵਰੇਜ ਦਿਖਾ ਰਹੇ ਸੀ ਪੱਤਰਕਾਰ, ਹੱਥੋਪਾਈ ਕੀਤੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਗਸਤ:
ਇੱਥੋਂ ਦੇ ਫੇਜ਼-3ਬੀ2 ਦੀ ਮਾਰਕੀਟ ਵਿੱਚ ਲੰਘੀ ਰਾਤ ਨਿਯਮਾਂ ਦੀ ਉਲੰਘਣਾ ਕਰਕੇ ਸ਼ਰਾਬ ਦੇ ਠੇਕੇ ਦੇ ਖੱੁਲ੍ਹਾ ਹੋਣ ’ਤੇ ਲਾਈਵ ਕਵਰੇਜ ਕਰ ਰਹੇ ਇੱਕ ਟੀਵੀ ਚੈਨਲ ਦੇ ਪੱਤਰਕਾਰ ਭਰਾਵਾਂ ’ਤੇ ਹਮਲਾ ਕਰਨ ਵਾਲੇ ਸ਼ਰਾਬ ਠੇਕੇ ਦੇ ਦੋ ਵਿਅਕਤੀਆਂ ਦੇ ਖ਼ਿਲਾਫ਼ ਮਟੌਰ ਥਾਣੇ ਵਿੱਚ ਧਾਰਾ 323, 506, 188, 269, 270 ਅਤੇ ਡਿਜਾਜਟਰ ਮੈਨੇਜਮੈਂਟ ਐਕਟ 2005 ਦੀ ਧਾਰਾ 51 ਤਹਿਤ ਕੇਸ ਦਰਜ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਮੁਹਾਲੀ ਵਿੱਚ ਦੇਰ ਰਾਤ ਤੱਕ ਖੁੱਲ੍ਹਦੇ ਸ਼ਰਾਬ ਦੇ ਠੇਕਿਆਂ ਦੀ ਲਾਈਵ ਕਵਰੇਜ ਕਰ ਰਹੇ ਟੀਵੀ ਚੈਨਲ ਦੇ ਪੱਤਰਕਾਰ ਜਤਿੰਦਰ ਸਭਰਵਾਲ ਅਤੇ ਉਸ ਦੇ ਛੋਟੇ ਭਰਾ ਸਤਿੰਦਰ ਸਭਰਵਾਲ ਨਾਲ ਦੋ ਵਿਅਕਤੀਆਂ ਨੇ ਧੱਕਾ ਮੁੱਕੀ ਕੀਤੀ ਅਤੇ ਹਥਿਆਰ ਦੀ ਨੋਕ ’ਤੇ ਪੱਤਰਕਾਰਾਂ ਨੂੰ ਡਰਾਇਆ ਧਮਕਾਇਆ ਗਿਆ। ਇਹ ਦੋਵੇਂ ਵਿਅਕਤੀਆਂ ਉਕਤ ਠੇਕੇ ’ਤੇ ਬੈਠੇ ਸਨ। ਟੀਵੀ ਚੈਨਲ ਵੱਲੋਂ ਇਹ ਸਾਰੀ ਘਟਨਾ ਲਾਈਵ ਪ੍ਰਸਾਰਿਤ ਕਰ ਦਿੱਤੀ ਗਈ ਸੀ। ਪੀੜਤ ਪੱਤਰਕਾਰ ਜਤਿੰਦਰ ਸਭਰਵਾਲ ਵੱਲੋਂ ਮੌਕੇ ’ਤੇ ਹੀ ਐਸਐਸਪੀ ਨੂੰ ਫੋਨ ਕਰਕੇ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ ਗਈ। ਇਸ ਮਗਰੋਂ ਪੁਲੀਸ ਨੇ ਪੱਤਰਕਾਰ ਦੀ ਸ਼ਿਕਾਇਤ ’ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਤਿੰਦਰ ਸਭਰਵਾਲ ਨੇ ਆਪਣੀ ਸ਼ਿਕਾਇਤ ਕਿਹਾ ਕਿ ਉਨ੍ਹਾਂ ਦੀ ਜਾਣਕਾਰੀ ਮਿਲੀ ਸੀ ਕਿ ਮੁਹਾਲੀ ਵਿੱਚ ਲੌਕਡਾਊਨ ਨਿਯਮਾਂ ਦੀ ਉਲੰਘਣਾ ਕਰਕੇ ਕੁੱਝ ਸ਼ਰਾਬ ਠੇਕੇਦਾਰਾਂ ਵੱਲੋਂ ਸ਼ਰ੍ਹੇਆਮ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਜਦਕਿ ਸ਼ਰਾਬ ਦੇ ਠੇਕੇ ਬੰਦ ਕਰਨ ਦਾ ਸਮਾਂ ਸ਼ਾਮੀ 6:30 ਵਜੇ ਨਿਰਧਾਰਿਤ ਕੀਤਾ ਗਿਆ ਹੈ ਪਰ ਮੁਹਾਲੀ ਵਿੱਚ ਦੇਰ ਰਾਤ 10 ਵਜੇ ਤੱਕ ਵੀ ਠੇਕੇ ਖੱੁਲ੍ਹੇ ਹੁੰਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਠੇਕੇ ਦੇ ਕਰਿੰਦਿਆਂ ਨੇ ਪੱਤਰਕਾਰਾਂ ਦੀ ਟੀਮ ਉੱਤੇ ਹਮਲਾ ਕੀਤਾ ਅਤੇ ਇੱਕ ਵਿਅਕਤੀ ਨੇ ਗੋਲੀ ਮਰਨ ਦੀ ਧਮਕੀ ਦਿੱਤੀ। ਬਾਅਦ ਵਿੱਚ ਹਮਲਾਵਰ ਇਨੋਵਾ ਵਿੱਚ ਫਰਾਰ ਹੋ ਗਏ। ਹਮਲਾਵਰਾ ’ਚੋਂ ਇੱਕ ਨੇ ਟੋਪੀ ਪਾਈ ਹੋਈ ਸੀ ਅਤੇ ਦੂਜਾ ਸਿਰ ਤੋਂ ਮੋਨਾ ਤੇ ਉਸ ਦੇ ਮਹਿੰਦੀ ਰੰਗੇ ਵਾਲ ਸਨ।
(ਬਾਕਸ ਆਈਟਮ)
ਭਾਜਪਾ ਆਗੂਆਂ ਸੁਖਵਿੰਦਰ ਸਿੰਘ ਗੋਲਡੀ ਨੇ ਬੀਤੀ ਰਾਤ ਮੁਹਾਲੀ ਵਿੱਚ ਸ਼ਰਾਬ ਦੇ ਠੇਕੇਦਾਰ ਦੇ ਬੰਦਿਆਂ ਵੱਲੋਂ ਟੀਵੀ ਪੱਤਰਕਾਰਾਂ ’ਤੇ ਕੀਤੇ ਹਮਲੇ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਭਾਜਪਾ ਵੱਲੋਂ ਪਹਿਲਾਂ ਹੀ ਜ਼ਹਿਰੀਲੀ ਸ਼ਰਾਬ ਵੇਚਣ ਵਾਲਿਆਂ ਖ਼ਿਲਾਫ਼ ਰੋਸ ਮੁਜ਼ਾਹਰੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸ਼ਹਿ ’ਤੇ ਠੇਕੇਦਾਰਾਂ ਦੇ ਹੌਸਲੇ ਬੁਲੰਦ ਹਨ। ਜਿਸ ਕਾਰਨ ਕੋਈ ਪੀੜਤ ਡਰਦਾ ਮਾਰਾ ਉਨ੍ਹਾਂ ਖ਼ਿਲਾਫ਼ ਆਵਾਜ਼ ਨਹੀਂ ਚੁੱਕਦਾ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …