
ਵਿਧਾਨ ਸਭਾ ਚੋਣਾਂ: ਪੰਜਾਬ ਵਿੱਚ 117 ਸੀਟਾਂ ਲਈ 1941 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ
ਮੁੱਖ ਮੰਤਰੀ ਬਾਦਲ ਦੇ ਖ਼ਿਲਾਫ਼ ਕੈਪਟਨ ਅਮਰਿੰਦਰ ਨੇ ਲੰਬੀ ਤੋਂ ਭਰੇ ਨਾਮਜ਼ਦਗੀ ਪੱਤਰ
ਜਲਾਲਾਬਾਦ ਵਿੱਚ ਜੂਨੀਅਰ ਬਾਦਲ ਨੂੰ ਟੱਕਰ ਦੇਣ ਲਈ ਆਪ ਦੇ ਭਗਵੰਤ ਮਾਨ ਤੇ ਕਾਂਗਰਸ ਦੇ ਰਵਨੀਤ ਬਿੱਟੂ ਉੱਤਰੇ ਮੈਦਾਨ ’ਚ
ਨਾਮਜ਼ਦਗੀ ਪੱਤਰਾਂ ਦੀ ਪੜਤਾਲ ਅੱਜ, 21 ਜਨਵਰੀ ਤੱਕ ਉਮੀਦਵਾਰ ਲੈ ਸਕਦੇ ਹਨਪੇਪਰ ਵਾਪਸ
ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਜਨਵਰੀ:
ਪੰਜਾਬ ਵਿੱਚ 4 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਨਾਮਜ਼ਦਗੀ ਪੱਤਰ ਭਰਨ ਦੇ ਅਖੀਰਲੇ ਦਿਨ ਬੁੱਧਵਾਰ ਨੂੰ ਸਮੁੱਚੇ ਪੰਜਾਬ ਵਿੱਚ 1040 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਇਸ ਤੋਂ ਪਹਿਲਾਂ ਪਿਛਲੇ 5 ਦਿਨਾਂ ਦੌਰਾਨ 17 ਜਨਵਰੀ ਤੱਕ ਕੁੱਲ 901 ਨਾਮਜ਼ਦਗੀਆਂ ਹੋਈਆਂ ਸਨ ਅਤੇ ਅੱਜ ਦਾਖ਼ਲ ਕੀਤੀਆਂ ਨਾਮਜ਼ਦਗੀਆਂ ਜੋੜ ਕੇ 117 ਸੀਟਾਂ ਲਈ ਕੁੱਲ 1941 ਉਮੀਦਵਾਰ ਆਪਣੇ ਪੇਪਰ ਦਾਖ਼ਲ ਕਰ ਚੁੱਕੇ ਹਨ। ਜ਼ਿਲ੍ਹਾ ਲੁਧਿਆਣਾ ਵਿੱਚ ਸਭ ਤੋਂ ਵੱਧ 222 ਨਾਮਜ਼ਦਗੀਆਂ ਹੋਈਆਂ ਹਨ ਜਦੋਂ ਕਿ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਸਭ ਤੋਂ ਘੱਟ 37 ਨਾਮਜ਼ਦਗੀਆਂ ਹੋਈਆਂ ਹਨ। ਇਸੇ ਤਰ੍ਹਾਂ ਅੰਮ੍ਰਿਤਸਰ ਲੋਕ ਸਭਾ ਜ਼ਿਮਨੀ ਚੋਣ ਲਈ ਕੁੱਲ 15 ਨਾਮਜ਼ਦਗੀਆਂ ਦਾਖਲ ਹੋਈਆਂ ਹਨ। ਅੱਜ ਆਖਰੀ ਦਿਨ 15 ਨਾਮਜ਼ਦਗੀਆਂ ਦਾਖਲ ਹੋਈਆਂ ਜਦੋਂ ਕਿ ਕੱਲ੍ਹ ਤੱਕ 5 ਦਾਖਲ ਹੋਈਆਂ ਸਨ।
ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਲੰਬੀ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿੱਤਾ ਹੈ। ਕੈਪਟਨ ਦਾ ਕਹਿਣਾ ਹੈ ਕਿ ਇਹ ਚੋਣਾਂ ਉਨ੍ਹਾਂ ਦੀ ਜ਼ਿੰਦਗੀ ਦੀਆਂ ਆਖਰੀ ਚੋਣਾਂ ਹਨ। ਉਹ ਚੋਣ ਜਿੱਤਣ ਲਈ ਪੂਰੀ ਵਾਹ ਲਗਾਉਣਗੇ।
ਉਹ ਮੁੱਖ ਮੰਤਰੀ ਬਾਦਲ ਨੂੰ ਉਨ੍ਹਾਂ ਦੇ ਹਲਕੇ ਵਿਚ ਹਰਾਉਣਾ ਚਾਹੁੰਦੇ ਹਨ। ਜਿਸ ਲਈ ਉਨ੍ਹਾਂ ਨੇ ਕਾਂਗਰਸ ਹਾਈ ਕਮਾਂਡ ਤੋਂ ਦੋ ਹਲਕਿਆਂ ਤੋਂ ਚੋਣ ਲੜਨ ਦੀ ਇਜਾਜ਼ਤ ਮੰਗੀ ਸੀ। ਜਿਸ ’ਤੇ ਹਾਈ ਕਮਾਂਡ ਨੇ ਉਨ੍ਹਾਂ ਦੇ ਲੰਬੀ ਤੋਂ ਚੋਣ ਲੜਨ ’ਤੇ ਮੋਹਰ ਲਗਾ ਦਿੱਤੀ ਗਈ ਸੀ।
ਉਧਰ, ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਨੇ ਅੱਜ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਖ਼ਿਲਾਫ਼ ਜਲਾਲਾਬਾਦ ਤੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਮਾਨ ਨੇ ਰਿਟਰਨਿੰਗ ਅਫ਼ਸਰ ਅਵਿਕੇਸ਼ ਗੁਪਤਾ ਨੂੰ ਆਪਣੇ ਨਾਮਜ਼ਦਗੀ ਪੱਤਰ ਸੌਂਪੇ। ਇੰਝ ਹੀ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੇ ਪੋਤਰੇ ਰਵਨੀਤ ਸਿੰਘ ਬਿੱਟੂ ਵੱਲੋਂ ਅੱਜ ਵੱਡੇ ਕਾਫ਼ਲੇ ਨਾਲ ਜਲਾਲਾਬਾਦ ਤੋਂ ਜੂਨੀਅਰ ਬਾਦਲ ਦੇ ਖ਼ਿਲਾਫ਼ ਪੇਪਰ ਦਾਖ਼ਲ ਕੀਤੇ ਗਏ ਹਨ। ਭਾਜਪਾ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਪੂਰਬੀ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਸ੍ਰੀ ਸਿੱਧੂ ਨੇ ਵੱਡੀ ਗਿਣਤੀ ਵਿੱਚ ਆਪਣੇ ਸਮਰਥਕਾਂ ਸਮੇਤ ਅੱਜ ਨਾਮਜ਼ਦੀ ਦਾਖ਼ਲ ਕਰਵਾਏ।
ਇੱਥੋਂ ਦੇ ਸੈਕਟਰ-76 ਸਥਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਬੁੱਧਵਾਰ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਵਾਲੇ ਉਮੀਦਵਾਰਾਂ ਅਤੇ ਸਮਰਥਕਾਂ ਦੀ ਪੂਰੀ ਤਰ੍ਹਾਂ ਚਹਿਲ ਪਹਿਲ ਰਹੀ। ਮੁਹਾਲੀ ਤੋਂ ਆਪਣਾ ਪੰਜਾਬ ਪਾਰਟੀ (ਏਪੀਪੀ) ਦੇ ਉਮੀਦਵਾਰ ਮਹਿੰਦਰਪਾਲ ਸਿੰਘ ਲਾਲਾ ਵਾਸੀ ਪਿੰਡ ਬਾਕਰਪੁਰ ਸਮੇਤ 9 ਉਮੀਦਵਾਰਾਂ ਵੱਲੋਂ ਰਿਟਰਨਿੰਗ ਅਫ਼ਸਰ-ਕਮ-ਐਸਡੀਐਮ ਸ੍ਰੀਮਤੀ ਅਨੁਪ੍ਰੀਤਾ ਜੌਹਲ ਦੇ ਦਫ਼ਤਰ ਵਿੱਚ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਜਦੋਂ ਕਿ ਉਨ੍ਹਾਂ ਦੀ ਧਰਮ ਪਤਨੀ ਬੀਬੀ ਚਰਨਜੀਤ ਕੌਰ ਵੱਲੋਂ ਬਤੌਰ ਕਵਰਿੰਗ ਉਮੀਦਵਾਰ ਵਜੋਂ ਪੇਪਰ ਦਾਖ਼ਲ ਕੀਤੇ ਗਏ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਆਪਣੇ ਪਰਿਵਾਰ ਤੇ ਸਮਰਕਥਾਂ ਸਮੇਤ ਮੱਥਾ ਟੇਕਿਆ ਅਤੇ ਵਾਹਿਗੁਰੂ ਦੇ ਚਰਨਾਂ ਵਿੱਚ ਪਾਰਟੀ ਦੀ ਚੜ੍ਹਦੀ ਕਲਾਂ ਦੀ ਅਰਦਾਸ ਕੀਤੀ।
ਸ੍ਰੀ ਮਹਿੰਦਰਪਾਲ ਸਿੰਘ ਨੇ ਭ੍ਰਿਸ਼ਟਾਚਾਰੀ ਨਿਜ਼ਾਮ ਬਦਲਣ ਦਾ ਹੋਕਾ ਦਿੰਦਿਆਂ ਲੋਕਾਂ ਨੂੰ ਆਪਣਾ ਪੰਜਾਬ ਪਾਰਟੀ ਦੇ ਹੱਕ ਵਿੱਚ ਫਤਵਾ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਰਾਜ ਦੇ ਲੋਕ ਮੌਜੂਦਾ ਅਕਾਲੀ-ਭਾਜਪਾ ਗੱਠਜੋੜ ਦੇ ਸ਼ਾਸਨ ਤੋਂ ਪੂਰੀ ਤਰ੍ਹਾਂ ਅੱਕ ਚੁੱਕੇ ਹਨ ਅਤੇ ਕਾਂਗਰਸ ਨੇ ਵੀ ਕੋਈ ਸੁਆਹ ਨਹੀਂ ਉਡਾਈ। ਇਹੀ ਨਹੀਂ ਰਾਜ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਤੋਂ ਵੀ ਕਾਫੀ ਉਮੀਦਾਂ ਸਨ ਲੇਕਿਨ ਆਪ ਵੀ ਆਪਣੇ ਮਿਸ਼ਨ ਤੋਂ ਭਟਕ ਚੁੱਕੀ ਹੈ। ਇਸ ਲਈ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਲਈ ਆਪ ਸਮੇਤ ਅਕਾਲੀ ਦਲ, ਭਾਜਪਾ ਤੇ ਕਾਂਗਰਸ ਨੂੰ ਸੱਤਾ ਤੋਂ ਲਾਂਭੇ ਕਰਨਾ ਬੇਹੱਦ ਜਰੂਰੀ ਹੈ।
ਇਸੇ ਦੌਰਾਨ ਸ਼ਿਵ ਸੈਨਾ (ਹਿੰਦੁਸਤਾਨ) ਦੇ ਉਮੀਦਵਾਰ ਅਮਿਤ ਸ਼ਰਮਾ, ਸਹਿਜਧਾਰੀ ਸਿੱਖ ਪਾਰਟੀ ਦੇ ਉਮੀਦਵਾਰ ਨਵੀਨ ਕੁਮਾਰ, ਤ੍ਰਿਣਮੂਲ ਕਾਂਗਰਸ ਪਾਰਟੀ ਦੇ ਉਮੀਦਵਾਰ ਜਸਵਿੰਦਰ ਸਿੰਘ ਕਾਕਾ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਮੁਹਾਲੀ ਪਿੰਡ ਦੀ ਸਾਬਕਾ ਕੌਂਸਲਰ ਬੀਬੀ ਦਲਜੀਤ ਕੌਰ ਦੇ ਪਤੀ ਕੁਲਜੀਤ ਸਿੰਘ ਨੇ ਆਜ਼ਾਦ ਚੋਣ ਲੜਨ ਲਈ ਪੇਪਰ ਦਾਖ਼ਲ ਕੀਤੇ ਹਨ। ਇੰਝ ਹੀ ਪੀਸੀਐਸ ਅਫ਼ਸਰ (ਸੇਵਾਮੁਕਤ) ਪਰਮਜੀਤ ਸਿੰਘ, ਕਿਸ਼ੋਰ ਸ਼ਰਮਾ ਅਤੇ ਸ੍ਰੀਮਤੀ ਕਮਲਜੋਤ ਕੌਰ ਨੇ ਵੀ ਬਤੌਰ ਆਜ਼ਾਦ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਉਧਰ, ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਬਾਅਦ ਉਮੀਦਵਾਰਾਂ ਨੇ ਚੋਣ ਪ੍ਰਚਾਰ ਵੀ ਤੇਜ਼ ਕਰ ਦਿੱਤਾ ਹੈ। ਕਈ ਉਮੀਦਵਾਰਾਂ ਨੇ ਨੁੱਕੜ ਮੀਟਿੰਗਾਂ ਕੀਤੀਆਂ ਜਦੋਂ ਕਿ ਕਈਆਂ ਨੇ ਆਪਣੇ ਸਮਰਥਕਾਂ ਸਮੇਤ ਘਰ ਘਰ ਜਾ ਕੇ ਵੋਟਾਂ ਮੰਗੀਆਂ।
ਉਧਰ, ਮੁੱਖ ਕਮਿਸ਼ਨਰ ਦੇ ਬੁਲਾਰੇ ਨੇ ਪੰਜਾਬ ਵਿੱਚ ਜ਼ਿਲ੍ਹਾ ਵਾਰ ਹੋਈਆਂ ਕੁੱਲ ਨਾਮਜ਼ਦਗੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਮ੍ਰਿਤਸਰ ਜ਼ਿਲੇ ਵਿੱਚ ਹੁਣ ਤੱਕ ਕੁੱਲ 196 ਨਾਮਜ਼ਦਗੀਆਂ ਦਾਖਲ ਹੋਈਆਂ। ਇਸੇ ਤਰ੍ਹਾਂ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਬਰਨਾਲਾ ਜ਼ਿਲੇ ਵਿੱਚ 44, ਬਠਿੰਡਾ ਵਿੱਚ 110, ਫਰੀਦਕੋਟ ਵਿੱਚ 41, ਫਾਜ਼ਿਲਕਾ ਵਿੱਚ 67, ਫਤਹਿਗੜ੍ਹ ਸਾਹਿਬ ਵਿੱਚ 37, ਫਿਰੋਜ਼ਪੁਰ ਵਿੱਚ 70, ਗੁਰਦਾਸਪੁਰ ਵਿੱਚ 106, ਹੁਸ਼ਿਆਰਪੁਰ ਵਿੱਚ 119, ਜਲੰਧਰ ਵਿੱਚ 146, ਕਪੂਰਥਲਾ ਵਿੱਚ 76, ਲੁਧਿਆਣਾ ਵਿੱਚ 222, ਮਾਨਸਾ ਵਿੱਚ 48, ਮੋਗਾ ਵਿੱਚ 61, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ 69, ਮੁਕਤਸਰ ਵਿੱਚ 68, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਵਿੱਚ 45, ਪਟਿਆਲਾ ਵਿੱਚ 148, ਪਠਾਨਕੋਟ ਵਿੱਚ 58, ਰੂਪਨਗਰ ਵਿੱਚ 41, ਸੰਗਰੂਰ ਵਿੱਚ 115 ਤੇ ਤਰਨ ਤਾਰਨ ਜ਼ਿਲੇ ਵਿੱਚ 55 ਨਾਮਜ਼ਦਗੀਆਂ ਦਾਖਲ ਹੋਈਆਂ।
ਇਸ ਸਬੰਧੀ ਰਿਟਰਨਿੰਗ ਅਫ਼ਸਰ-ਕਮ-ਐਸਡੀਐਮ ਸ੍ਰੀਮਤੀ ਅਨੁਪ੍ਰੀਤਾ ਜੌਹਲ ਨੇ ਦੱਸਿਆ ਕਿ ਅੱਜ ਅਖੀਰਲੇ ਦਿਨ 9 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਭਲਕੇ 19 ਜਨਵਰੀ ਨੂੰ ਪੜਤਾਲ ਕੀਤੀ ਜਾਵੇਗੀ ਅਤੇ 21 ਜਨਵਰੀ ਤੱਕ ਕੋਈ ਵੀ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਦਾ ਹੈ। ਇਸ ਦਿਨ ਵੱਖ-ਵੱਖ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ 4 ਫਰਵਰੀ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਾਂ ਪੈਣਗੀਆਂ ਅਤੇ 11 ਮਾਰਚ ਨੂੰ ਇੱਥੋਂ ਦੇ ਫੇਜ਼-6 ਸਥਿਤ ਸ਼ਿਵਾਲਿਕ ਪਬਲਿਕ ਸਕੂਲ ਵਿੱਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਇਸੇ ਦਿਨ ਨਤੀਜਾ ਘੋਸ਼ਿਤ ਕੀਤਾ ਜਾਵੇਗਾ।