ਵਿਧਾਨ ਸਭਾ ਚੋਣਾਂ: ਪੰਜਾਬ ਭਰ ਵਿੱਚ ਚੌਥੇ ਦਿਨ 260 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ

ਮੁਹਾਲੀ ਵਿੱਚ ਸੁਖਦੇਵ ਸਿੰਘ ਢੀਂਡਸਾ ਦੇ ਜਵਾਈ ਕੈਪਟਨ ਸਿੱਧੂ ਸਣੇ 4 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ

ਪਟਿਆਲਾ ਵਿੱਚ ਅਕਾਲੀਆਂ ਨੇ ਸ਼ਰੇਆਮ ਉੱਡਾਈਆਂ ਨਿਯਮਾਂ ਦੀਆਂ ਧੱਜੀਆਂ, ਬਾਰਨ ਤੋਂ ਪਟਿਆਲਾ ਤੱਕ ਜਾਮ, ਰਾਹਗੀਰ ਪ੍ਰੇਸ਼ਾਨ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜਨਵਰੀ:
ਪੰਜਾਬ ਵਿੱਚ 4 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਨਾਮਜ਼ਦਗੀ ਪੱਤਰ ਭਰਨ ਦੇ ਚੌਥੇ ਦਿਨ ਸੋਮਵਾਰ ਨੂੰ ਸਮੁੱਚੇ ਪੰਜਾਬ ਵਿੱਚ 260 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਇਸ ਤੋਂ ਪਹਿਲਾਂ ਪਿਛਲੇ ਤਿੰਨ ਦਿਨਾਂ ਦੌਰਾਨ 13 ਜਨਵਰੀ ਤੱਕ ਕੁੱਲ 51 ਨਾਮਜ਼ਦਗੀਆਂ ਹੋਈਆਂ ਸਨ ਅਤੇ ਅੱਜ ਦਾਖ਼ਲ ਕੀਤੀਆਂ ਨਾਮਜ਼ਦਗੀਆਂ ਜੋੜ ਕੇ ਕੱੁਲ ਗਿਣਤੀ 311 ਉਮੀਦਵਾਰ ਆਪਣੇ ਪੇਪਰ ਦਾਖ਼ਲ ਕਰ ਚੁੱਕੇ ਹਨ। ਇਸੇ ਦੌਰਾਨ ਪਟਿਆਲਾ ਵਿੱਚ ਸੱਤਾਧਾਰੀ ਅਕਾਲੀ ਦਲ ਨੇ ਸ਼ਰੇਆਮ ਨਿਯਮਾਂ ਦੀਆਂ ਧੱਜੀਆਂ ਉਡਾਈਆਂ। ਸਨੌਰ ਤੋਂ ਅਕਾਲੀ ਦਲ ਦੇ ਉਮੀਦਵਾਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਆਪਣੇ ਸਮਰਥਕਾਂ ਅਤੇ ਅਕਾਲੀ ਵਰਕਰਾਂ ਦੇ ਵੱਡੇ ਕਾਫਲੇ ਨਾਲ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਪੁੱਜੇ। ਇਸ ਦੌਰਾਨ ਬਾਰਨ ਤੋਂ ਪਟਿਆਲਾ ਤੱਕ ਸੜਕ ’ਤੇ ਟਰੈਫ਼ਿਕ ਜਰਾਮ ਹੋ ਗਿਆ ਅਤੇ ਕਈ ਘੰਟੇ ਰਾਹਗੀਰਾਂ ਪ੍ਰੇਸ਼ਾਨ ਹੁੰਦੇ ਰਹੇ। ਜਦੋਂ ਕਿ ਪੁਲੀਸ ਕਰਮਚਾਰੀ ਮੂਕ ਦਰਸ਼ਕ ਬਣੇ ਹੋਏ ਸੀ।
ਉਧਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਵਾਲੇ ਉਮੀਦਵਾਰਾਂ ਅਤੇ ਸਮਰਥਕਾਂ ਦੀ ਪੂਰੀ ਤਰ੍ਹਾਂ ਚਹਿਲ ਪਹਿਲ ਰਹੀ। ਅੱਜ ਮੁਹਾਲੀ ਤੋਂ ਅਕਾਲੀ ਦਲ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਸਮੇਤ ਚਾਰ ਉਮੀਦਵਾਰਾਂ ਵੱਲੋਂ ਮੁਹਾਲੀ ਦੀ ਰਿਟਰਨਿੰਗ ਅਫ਼ਸਰ-ਕਮ-ਐਸਡੀਐਮ ਸ੍ਰੀਮਤੀ ਅਨੁਪ੍ਰੀਤਾ ਜੌਹਲ ਦੇ ਦਫ਼ਤਰ ਵਿੱਚ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਜਦੋਂ ਕਿ ਕੈਪਟਨ ਸਿੱਧੂ ਦੇ ਨਾਲ ਉਨ੍ਹਾਂ ਦੀ ਪਤਨੀ ਬੀਬੀ ਮਨਦੀਪ ਕੌਰ ਸਿੱਧੂ ਨੇ ਕਵਰਿੰਗ ਉਮੀਦਵਾਰ ਵਜੋਂ ਆਪਣੇ ਕਾਗਜ਼ ਦਾਖ਼ਲ ਕੀਤੇ ਹਨ।
ਇਸ ਤੋਂ ਪਹਿਲਾਂ ਉਨ੍ਹਾਂ ਨੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਫੇਜ਼-8 ਵਿੱਚ ਪਰਿਵਾਰ ਸਮੇਤ ਮੱਥਾ ਟੇਕਿਆ ਅਤੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ। ਇਸ ਮਗਰੋਂ ਕੈਪਟਨ ਸਿੱਧੂ ਨੇ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਕਰਦਿਆਂ ਵੱਡਾ ਕਾਫ਼ਲਾ ਲਿਜਾਉਣ ਦੀ ਬਜਾਏ ਸਾਰੇ ਵਰਕਰ ਤੇ ਆਗੂਆਂ ਨੂੰ ਗੁਰਦੁਆਰਾ ਸਾਹਿਬ ਛੱਡ ਦਿੱਤਾ ਅਤੇ ਅਕਾਲੀ ਵਰਕਰਾਂ ਦੀਆਂ ਸ਼ੁੱਭਕਾਮਨਾਵਾਂ ਲੈਂਦੇ ਹੋਏ ਮਹਿਜ਼ 5-7 ਕੁ ਸੀਨੀਅਰ ਆਗੂਆਂ ਨਾਲ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਪਹੁੰਚ ਗਏ ਅਤੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ, ਮੇਅਰ ਕੁਲਵੰਤ ਸਿੰਘ, ਮਾਰਕੀਟ ਕਮੇਟੀ ਦੇ ਚੇਅਰਮੈਨ ਬਲਜੀਤ ਸਿੰਘ ਕੁੰਭੜਾ, ਲੇਬਰਫੈਡ ਪੰਜਾਬ ਦੇ ਐਮ.ਡੀ ਪਰਵਿੰਦਰ ਸਿੰਘ ਬੈਦਵਾਨ, ਜ਼ਿਲ੍ਹਾ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ, ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਗੋਲਡੀ ਹਾਜ਼ਰ ਸਨ।
ਉਧਰ, ਪੰਜਾਬ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੇ ਉਮੀਦਵਾਰ ਗੁਰਕਿਰਪਾਲ ਸਿੰਘ ਮਾਨ, ਸੇਵਾਮੁਕਤ ਐਸਪੀ ਸਰਬਜੀਤ ਸਿੰਘ ਪੰਧੇਰ ਦੇ ਬੇਟੇ ਤੇ ਨੌਜਵਾਨ ਆਗੂ ਪਰਮਜੀਤ ਸਿੰਘ ਪੰਧੇਰ ਨੇ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਹਨ। ਇੰਝ ਹੀ ਭਾਰਤ ਇੰਟੀਗਰੇਟਿਡ ਰਖਸ਼ਕ ਪਾਰਟੀ ਦੇ ਉਮੀਦਵਾਰ ਕ੍ਰਿਸ਼ਨ ਗੋਪਾਲ ਸ਼ਰਮਾ ਨੇ ਅੱਜ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਦੂਜੇ ਪਾਸੇ ਮੁਹਾਲੀ ਅਧੀਨੇ ਆਉਂਦੇ ਦੋ ਵਿਧਾਨ ਸਭਾ ਹਲਕੇ ਖਰੜ ਅਤੇ ਡੇਰਾਬਸੀ ਵਿੱਚ ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰ ਸੁੰਨੇ ਰਹੇ। ਇਨ੍ਹਾਂ ਦੋਵੇਂ ਹਲਕਿਆਂ ਵਿੱਚ ਅੱਜ ਕਿਸੇ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤੇ ਗਏ।
ਸ੍ਰੀਮਤੀ ਜੌਹਲ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਲੜਨ ਵਾਲੇ ਉਮੀਦਵਾਰ 18 ਜਨਵਰੀ ਤੱਕ ਸਵੇਰੇ 11 ਵਜੇ ਤੋਂ ਲੈ ਕੇ ਬਾਅਦ ਦੁਪਹਿਾਰ 3 ਵਜੇ ਸਬੰਧਤ ਰਿਟਰਨਿੰਗ ਅਫ਼ਸਰ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ 19 ਜਨਵਰੀ ਨੂੰ ਪੜਤਾਲ 19 ਜਨਵਰੀ ਕੀਤੀ ਜਾਵੇਗੀ ਅਤੇ 21 ਜਨਵਰੀ ਤੱਕ ਕੋਈ ਵੀ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਦਾ ਹੈ। ਉਨ੍ਹਾਂ ਦੱਸਿਆ ਕਿ 4 ਫਰਵਰੀ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਾਂ ਪੈਣਗੀਆਂ ਅਤੇ 11 ਮਾਰਚ ਨੂੰ ਵੋਟਾਂ ਦੀ ਗਿਣਤੀ ਹੋਵੇਗੀ।
ਉਧਰ, ਪੰਜਾਬ ਦੇ ਮੁੱਖ ਚੋਣ ਅਫ਼ਸਰ ਦੇ ਬੁਲਾਰੇ ਨੇ ਮੀਡੀਆ ਨੂੰ ਜਾਰੀ ਬਿਆਨ ਰਾਹੀਂ ਦੱਸਿਆ ਕਿ ਨਾਮਜ਼ਦਗੀਆਂ ਦੇ ਚੌਥੇ ਦਿਨ ਅੱਜ ਕੁੱਲ 260 ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ ਹਨ। ਇਸ ਤੋਂ ਪਹਿਲਾਂ ਤਿੰਨ ਦਿਨਾਂ ਵਿੱਚ 13 ਜਨਵਰੀ ਤੱਕ ਕੁੱਲ 51 ਨਾਮਜ਼ਦਗੀਆਂ ਹੋਈਆਂ ਸਨ ਅਤੇ ਅੱਜ ਦਾਖਲ ਕੀਤੀਆਂ ਨਾਮਜ਼ਦਗੀਆਂ ਜੋੜ ਕੇ ਕੱੁਲ ਗਿਣਤੀ 311 ਹੋ ਗਈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਕੁੱਲ 27 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਇੰਝ ਹੀ ਜ਼ਿਲ੍ਹਾ ਬਰਨਾਲਾ ਵਿੱਚ 11, ਬਠਿੰਡਾ ਵਿੱਚ 13, ਫਰੀਦਕੋਟ ਵਿੱਚ 9, ਫਾਜ਼ਿਲਕਾ ਵਿੱਚ 7, ਫਤਹਿਗੜ੍ਹ ਸਾਹਿਬ ਵਿੱਚ 7, ਫਿਰੋਜ਼ਪੁਰ ਵਿੱਚ 11, ਗੁਰਦਾਸਪੁਰ ਵਿੱਚ 12, ਹੁਸ਼ਿਆਰਪੁਰ ਵਿੱਚ 17, ਜਲੰਧਰ ਵਿੱਚ 22, ਕਪੂਰਥਲਾ ਵਿੱਚ 7, ਲੁਧਿਆਣਾ ਵਿੱਚ 22, ਮਾਨਸਾ ਵਿੱਚ 9, ਮੋਗਾ ਵਿੱਚ 8, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ 5, ਮੁਕਤਸਰ ਵਿੱਚ 4, ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਵਿੱਚ 12, ਪਟਿਆਲਾ ਵਿੱਚ 24, ਪਠਾਨਕੋਟ ਵਿੱਚ 3, ਰੂਪਨਗਰ ਵਿੱਚ 9, ਸੰਗਰੂਰ ਵਿੱਚ 13 ਅਤੇ ਤਰਨਤਾਰਨ ਵਿੱਚ 8 ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…