ਵਿਧਾਨ ਸਭਾ ਚੋਣਾਂ: ਪੰਜਾਬ ਭਰ ਵਿੱਚ 5ਵੇਂ ਦਿਨ 573 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ

ਜ਼ਿਲ੍ਹਾ ਮੁਹਾਲੀ ਵਿੱਚ ਕਾਂਗਰਸ ਦੇ ਬਲਬੀਰ ਸਿੱਧੂ ਤੇ ਆਪ ਦੇ ਨਰਿੰਦਰ ਸ਼ੇਰਗਿੱਲ ਸਣੇ 21 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ

ਅੰਮ੍ਰਿਤਸਰ ਲੋਕ ਸਭਾ ਜ਼ਿਮਨੀ ਚੋਣ ਲਈ 5 ਉਮੀਦਵਾਰਾਂ ਨੇ ਦਾਖ਼ਲ ਕੀਤੇ ਨਾਮਜ਼ਦਗੀ ਪੱਤਰ

ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਅੰਤਿਮ ਤਰੀਕ ਅੱਜ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜਨਵਰੀ:
ਪੰਜਾਬ ਵਿੱਚ 4 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਨਾਮਜ਼ਦਗੀ ਪੱਤਰ ਭਰਨ ਦੇ 5ਵੇਂ ਦਿਨ ਮੰਗਲਵਾਰ ਨੂੰ ਸਮੁੱਚੇ ਪੰਜਾਬ ਵਿੱਚ 573 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਇਸ ਤੋਂ ਪਹਿਲਾਂ ਪਿਛਲੇ ਚਾਰ ਦਿਨਾਂ ਦੌਰਾਨ 16 ਜਨਵਰੀ ਤੱਕ ਕੁੱਲ 260 ਨਾਮਜ਼ਦਗੀਆਂ ਹੋਈਆਂ ਸਨ ਅਤੇ ਅੱਜ ਦਾਖ਼ਲ ਕੀਤੀਆਂ ਨਾਮਜ਼ਦਗੀਆਂ ਜੋੜ ਕੇ ਕੱੁਲ ਗਿਣਤੀ 884 ਉਮੀਦਵਾਰ ਆਪਣੇ ਪੇਪਰ ਦਾਖ਼ਲ ਕਰ ਚੁੱਕੇ ਹਨ। ਇਸੇ ਤਰ੍ਹਾਂ ਅੰਮ੍ਰਿਤਸਰ ਦੀ ਇਕ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਲਈ ਪੰਜ ਨਾਮਜ਼ਦਗੀਆਂ ਦਾਖ਼ਲ ਹੋਈਆਂ। ਜਿਨ੍ਹਾਂ ਵਿੱਚ ਜਸਵਿੰਦਰ ਕੌਰ (ਸੀਪੀਆਈ), ਡੀ ਦੁਰਗਾ ਪ੍ਰਸ਼ਾਦ (ਚੈਲੇਂਜਰਜ਼ ਪਾਰਟੀ), ਨਿਰਮਲ ਸਿੰਘ (ਡੀਪੀਓਆਈ), ਗੁਰਿੰਦਰ ਸਿੰਘ (ਏਪੀਪੀ) ਅਤੇ ਪਰਮਜੀਤ ਸਿੰਘ (ਆਜ਼ਾਦ) ਸ਼ਾਮਲ ਹਨ।
ਇੱਥੋਂ ਦੇ ਸੈਕਟਰ-76 ਸਥਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਮੰਗਲਵਾਰ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਵਾਲੇ ਉਮੀਦਵਾਰਾਂ ਅਤੇ ਸਮਰਥਕਾਂ ਦੀ ਪੂਰੀ ਤਰ੍ਹਾਂ ਚਹਿਲ ਪਹਿਲ ਰਹੀ। ਮੁਹਾਲੀ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਤੇ ਨੌਜਵਾਨ ਆਗੂ ਨਰਿੰਦਰ ਸਿੰਘ ਸ਼ੇਰਗਿੱਲ ਸਮੇਤ ਅੱਠ ਉਮੀਦਵਾਰਾਂ ਵੱਲੋਂ ਰਿਟਰਨਿੰਗ ਅਫ਼ਸਰ-ਕਮ-ਐਸਡੀਐਮ ਸ੍ਰੀਮਤੀ ਅਨੁਪ੍ਰੀਤਾ ਜੌਹਲ ਦੇ ਦਫ਼ਤਰ ਵਿੱਚ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਜਦੋਂ ਕਿ ਉਨ੍ਹਾਂ ਦੇ ਪਿਤਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਜਥੇਦਾਰ ਭਜਨ ਸਿੰਘ ਸ਼ੇਰਗਿੱਲ ਨੇ ਬਤੌਰ ਕਵਰਿੰਗ ਉਮੀਦਵਾਰ ਵਜੋਂ ਪੇਪਰ ਦਾਖ਼ਲ ਕੀਤੇ ਗਏ। ਇਸ ਤੋਂ ਪਹਿਲਾਂ ਉਨ੍ਹਾਂ ਨੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਆਪਣੇ ਪਰਿਵਾਰ ਤੇ ਸਰਗਰਮ ਵਾਲੰਟੀਅਰਾਂ ਸਮੇਤ ਮੱਥਾ ਟੇਕਿਆ ਅਤੇ ਵਾਹਿਗੁਰੂ ਦੇ ਚਰਨਾਂ ਵਿੱਚ ਪਾਰਟੀ ਦੀ ਚੜ੍ਹਦੀ ਕਲਾਂ ਦੀ ਅਰਦਾਸ ਕੀਤੀ। ਉਪਰੰਤ ਸੈਕਟਰ-68 ਵਿੱਚ ਸ਼ਹਿਰ ਵਾਸੀਆਂ, ਆਪ ਵਾਲੰਟੀਅਰਾਂ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਭਰਵੀਂ ਮੀਟਿੰਗ ਕੀਤੀ। ਸ੍ਰੀ ਸ਼ੇਰਗਿੱਲ ਨੇ ਭ੍ਰਿਸ਼ਟਾਚਾਰੀ ਨਿਜ਼ਾਮ ਬਦਲਣ ਦਾ ਹੋਕਾ ਦਿੰਦਿਆਂ ਲੋਕਾਂ ਨੂੰ ਆਪ ਦੇ ਹੱਕ ਵਿੱਚ ਫਤਵਾ ਦੇਣ ਦੀ ਅਪੀਲ ਕੀਤੀ।
ਉਧਰ, ਕਾਂਰਗਸ ਦੇ ਉਮੀਦਵਾਰ ਬਲਬੀਰ ਸਿੰਘ ਸਿੱਧੂ ਵੱਲੋਂ ਵੀ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ। ਉਨ੍ਹਾਂ ਦੇ ਬੇਟੇ ਤੇ ਨੌਜਵਾਨ ਵਕੀਲ ਕੰਵਰਬੀਰ ਸਿੰਘ ਸਿੱਧੂ ਨੇ ਕਵਰਿੰਗ ਉਮੀਦਵਾਰ ਵਜੋਂ ਆਪਣੇ ਦਾਗਜ਼ ਦਾਖ਼ਲ ਕੀਤੇ। ਸਿੱਧੂ ਪਿਊ-ਪੁੱਤ ਨੇ ਰਿਟਰਨਿੰਗ ਅਫ਼ਸਰ ਦੇ ਸਾਹਮਣੇ ਅਤੇ ਬਾਹਰ ਡਾਈਸ ’ਤੇ ਭਾਰਤੀ ਸੰਵਿਧਾਨ ਅਤੇ ਨਿਯਮਾਂ ਦੀ ਪਾਲਣਾ ਕਰਨ ਦਾ ਪ੍ਰਣ ਕਰਦਿਆਂ ਆਪਣੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਸੇਵਾ ਭਾਵਨਾ ਨੂੰ ਸਮਰਪਿਤ ਹੋ ਕੇ ਨਿਭਾਉਣ ਦੀ ਵਚਨਬੱਧਤਾ ਦੁਹਰਾਈ। ਸ੍ਰੀ ਸਿੱਧੂ ਨੇ ਕਿਹਾ ਕਿ ਅਕਾਲੀ-ਭਾਜਪਾ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ ਅਤੇ ਆਪ ਦਾ ਪੰਜਾਬ ਵਿੱਚ ਕੋਈ ਆਧਾਰ ਨਹੀਂ ਹੈ।
ਇਸੇ ਦੌਰਾਨ ਆਪ ਤੋਂ ਬਾਗੀ ਹੋਏ ਪੰਚਾਇਤ ਯੂਨੀਅਨ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਡੈਮੋਕ੍ਰੇਟਿਕ ਸਵਰਾਜ ਪਾਰਟੀ (ਡੀਸੀਪੀ) ਦੇ ਉਮੀਦਵਾਰ ਨਾਮਜ਼ਦਗੀ ਪੱਛਰ ਦਾਖ਼ਲ ਕੀਤੇ ਜਦੋਂ ਕਿ ਉਨ੍ਹਾਂ ਦੀ ਧਰਮ ਪਤਨੀ ਤੇ ਬਲਾਕ ਸਮਿਤੀ ਦੀ ਸਾਬਕਾ ਮੈਂਬਰ ਬੀਬੀ ਗੁਰਨਾਮ ਕੌਰ ਨੇ ਬਤੌਰ ਕਵਰਿੰਗ ਉਮੀਦਵਾਰ ਵਜੋਂ ਪਰਚਾ ਭਰਿਆ। ਇੰਝ ਹੀ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਉਮੀਦਵਾਰ ਪ੍ਰੋ. ਸਰਬਜੀਤ ਸਿੰਘ ਅਤੇ ਆਜ਼ਾਦ ਉਮੀਦਵਾਰ ਸੁਭਮ ਸ਼ਰਮਾ ਨੇ ਵੀ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ।
ਇਸ ਸਬੰਧੀ ਰਿਟਰਨਿੰਗ ਅਫ਼ਸਰ-ਕਮ-ਐਸਡੀਐਮ ਸ੍ਰੀਮਤੀ ਅਨੁਪ੍ਰੀਤਾ ਜੌਹਲ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਦਲਜੀਤ ਸਿੰਘ ਮਾਂਗਟ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਲੜਨ ਵਾਲੇ ਉਮੀਦਵਾਰ 18 ਜਨਵਰੀ ਤੱਕ ਸਵੇਰੇ 11 ਵਜੇ ਤੋਂ ਲੈ ਕੇ ਬਾਅਦ ਦੁਪਹਿਾਰ 3 ਵਜੇ ਸਬੰਧਤ ਰਿਟਰਨਿੰਗ ਅਫ਼ਸਰ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ 19 ਜਨਵਰੀ ਨੂੰ ਪੜਤਾਲ 19 ਜਨਵਰੀ ਕੀਤੀ ਜਾਵੇਗੀ ਅਤੇ 21 ਜਨਵਰੀ ਤੱਕ ਕੋਈ ਵੀ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਦਾ ਹੈ। ਉਨ੍ਹਾਂ ਦੱਸਿਆ ਕਿ 4 ਫਰਵਰੀ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਾਂ ਪੈਣਗੀਆਂ ਅਤੇ 11 ਮਾਰਚ ਨੂੰ ਵੋਟਾਂ ਦੀ ਗਿਣਤੀ ਹੋਵੇਗੀ।
ਉਧਰ, ਮੁੱਖ ਚੋਣ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਵਿਧਾਨ ਸਭਾ ਦੀਆਂ 117 ਸੀਟਾਂ ਅਤੇ ਅੰਮ੍ਰਿਤਸਰ ਲੋਕ ਸਭਾ ਜ਼ਿਮਨੀ ਚੋਣ ਲਈ ਨਾਮਜ਼ਦਗੀਆਂ ਦਾਖਲ ਕਰਨ ਲਈ ਭਲਕੇ 18 ਜਨਵਰੀ ਆਖਰੀ ਤਰੀਕ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਜ਼ਿਲੇ ਵਿੱਚ ਕੁੱਲ 54 ਨਾਮਜ਼ਦਗੀਆਂ ਦਾਖਲ ਹੋਈਆਂ। ਇਸੇ ਤਰ੍ਹਾਂ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਬਰਨਾਲਾ ਜ਼ਿਲੇ ਵਿੱਚ 18, ਬਠਿੰਡਾ ਵਿੱਚ 35, ਫਰੀਦਕੋਟ ਵਿੱਚ 8, ਫਾਜ਼ਿਲਕਾ ਵਿੱਚ 19, ਫਤਹਿਗੜ੍ਹ ਸਾਹਿਬ ਵਿੱਚ 13, ਫਿਰੋਜ਼ਪੁਰ ਵਿੱਚ 15, ਗੁਰਦਾਸਪੁਰ ਵਿੱਚ 40, ਹੁਸ਼ਿਆਰਪੁਰ ਵਿੱਚ 31, ਜਲੰਧਰ ਵਿੱਚ 49, ਕਪੂਰਥਲਾ ਵਿੱਚ 19, ਲੁਧਿਆਣਾ ਵਿੱਚ 67, ਮਾਨਸਾ ਵਿੱਚ 10, ਮੋਗਾ ਵਿੱਚ 14, ਜ਼ਿਲ੍ਹਾ ਐਸਏਐਸ ਨਗਰ (ਮੁਹਾਲੀ) ਵਿੱਚ 21, ਮੁਕਤਸਰ ਵਿੱਚ 12, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਵਿੱਚ 17, ਪਟਿਆਲਾ ਵਿੱਚ 41, ਪਠਾਨਕੋਟ ਵਿੱਚ 15, ਰੂਪਨਗਰ ਵਿੱਚ 16, ਸੰਗਰੂਰ ਵਿੱਚ 41 ਤੇ ਤਰਨ ਤਾਰਨ ਜ਼ਿਲੇ ਵਿੱਚ 18 ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…