ਵਿਧਾਨ ਸਭਾ ਚੋਣਾਂ: ਪੰਜਾਬ ਵਿੱਚ ਕੁੱਲ 1941 ’ਚੋਂ 695 ਉਮੀਦਵਾਰਾਂ ਦੇ ਪੇਪਰ ਰੱਦ, 3 ਕੇਸ ਪੈਂਡਿੰਗ

ਅੰਮ੍ਰਿਤਸਰ ਲੋਕ ਸਭਾ ਜ਼ਿਮਨੀ ਚੋਣ ਲਈ ਪੜਤਾਲ ਦੌਰਾਨ 15 ’ਚੋਂ 5 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 19 ਜਨਵਰੀ:
ਪੰਜਾਬ ਵਿੱਚ 4 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖ ਗਿਆ ਹੈ। ਨਾਮਜ਼ਦਗੀ ਪੱਤਰ ਦਾਖ਼ਲ ਕਰਨ ਅਤੇ ਪੇਪਰਾਂ ਦੀ ਪੜਤਾਲ ਤੋਂ ਬਾਅਦ ਉਮੀਦਵਾਰਾਂ ਨੇ ਚੋਣ ਪ੍ਰਚਾਰ ਲਈ ਸਿਰ ਧੜ ਦੀ ਬਾਜ਼ੀ ਲਗਾ ਦਿੱਤੀ ਹੈ। ਉਧਰ, ਪੰਜਾਬ ਦੀਆਂ 117 ਸੀਟਾਂ ਲਈ ਬੁੱਧਵਾਰ ਤੱਕ ਹੋਈਆਂ ਕੁੱਲ 1941 ਨਾਮਜ਼ਦਗੀਆਂ ਦੀ ਅੱਜ ਰਿਟਰਨਿੰਗ ਅਫ਼ਸਰਾਂ ਵੱਲੋਂ ਡੂੰਘਾਈ ਨਾਲ ਪੜਤਾਲ ਕੀਤੀ ਗਈ। ਇਸ ਦੌਰਾਨ ਕੱੁਲ 695 ਉਮੀਦਵਾਰਾਂ ਦੇ ਪੇਪਰ ਰੱਦ ਕੀਤੇ ਗਏ ਜਦੋਂ ਕਿ 3 ਕੇਸਾਂ ਨੂੰ ਪੈਂਡਿੰਗ ਰੱਖਿਆ ਗਿਆ ਹੈ।
ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਫ਼ਸਰ ਦੇ ਬੁਲਾਰੇ ਨੇ ਦੱਸਿਆ ਕਿ ਇਸ ਤਰ੍ਹਾਂ ਕੱੁਲ 1941 ’ਚੋਂ 1243 ਨਾਮਜ਼ਦਗੀਆਂ ਸਹੀ ਪਾਈਆਂ ਗਈਆਂ। ਬੀਤੇ ਕੱਲ੍ਹ ਨਾਮਜ਼ਦਗੀਆਂ ਦਾ ਆਖਰੀ ਦਿਨ ਸੀ ਜਦੋਂ ਕਿ ਅੱਜ ਪੜਤਾਲ ਕੀਤੀ ਗਈ। ਉਨ੍ਹਾਂ ਦੱਸਿਆ ਕਿ 21 ਜਨਵਰੀ ਨੂੰ ਨਾਮਜ਼ਦਗੀਆਂ ਵਾਪਸ ਲੈਣ ਦਾ ਆਖਰੀ ਦਿਨ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਲੋਕ ਸਭਾ ਜ਼ਿਮਨੀ ਚੋਣ ਲਈ ਦਾਖਲ ਹੋਈਆਂ ਕੁੱਲ 15 ਨਾਮਜ਼ਦਗੀਆਂ ’ਚੋਂ 10 ਸਹੀ ਪਾਈਆਂ ਗਈਆਂ ਜਦੋਂ ਕਿ 5 ਉਮੀਦਵਾਰਾਂ ਦੇ ਪੇਪਰ ਰੱਦ ਕੀਤੇ ਗਏ ਹਨ।
ਉਧਰ, ਮੁਹਾਲੀ ਵਿੱਚ ਅੱਜ ਨਾਮਜ਼ਦਗੀ ਪੱਤਰਾਂ ਦੀ ਜਾਂਚ ਦੌਰਾਨ ਸਹਿਜਧਾਰੀ ਸਿੱਖ ਪਾਰਟੀ ਦੇ ਉਮੀਦਵਾਰ ਨਵੀਨ ਕੁਮਾਰ ਦੇ ਪੇਪਰ ਰੱਦ ਕੀਤੇ ਗਏ ਹਨ। ਰਿਟਰਨਿੰਗ ਅਫ਼ਸਰ-ਕਮ-ਐਸਡੀਐਮ ਸ੍ਰੀਮਤੀ ਅਨੁਪ੍ਰੀਤਾ ਜੌਹਲ ਨੇ ਦੱਸਿਆ ਕਿ ਨਵੀਨ ਕੁਮਾਰ ਵੱਲੋਂ ਦਾਖ਼ਲ ਕੀਤੇ ਹਲਫਨਾਮੇ ਵਿੱਚ ਕੁੱਝ ਤਕਨੀਕੀ ਗਲਤੀਆਂ ਪਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਨਵਾਂ ਹਲਫਨਾਮਾ ਦਾਖ਼ਲ ਕਰਨ ਲਈ ਨੋਟਿਸ ਦਿੱਤਾ ਗਿਆ ਸੀ ਪ੍ਰੰਤੂ ਉਨ੍ਹਾਂ ਵੱਲੋਂ ਨਿਰਧਾਰਿਤ ਸਮੇਂ ਵਿੱਚ ਅਜਿਹਾ ਨਾ ਕਰਨ ’ਤੇ ਉਨ੍ਹਾਂ ਦੇ ਕਾਗਜ ਰੱਦ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਡਬਲ ਪੇਪਰ ਦਾਖ਼ਲ ਵਾਲੇ ਉਮੀਦਵਾਰਾਂ ਅਤੇ ਕਵਰਿੰਗ ਉਮੀਦਵਾਰਾਂ ਦੇ ਪਰਚੇ ਵੀ ਖੁਦ ਬ ਖੁਦ ਰੱਦ ਹੋਣ ਉਪਰੰਤ ਹੁਣ ਹਲਕੇ ਵਿੱਚ 16 ਉਮੀਦਵਾਰ ਬਚੇ ਹਨ।
ਉਨ੍ਹਾਂ ਦੱਸਿਆ ਕਿ ਅਕਾਲੀ ਦਲ ਦੇ ਉਮੀਦਵਾਰ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ, ਕਾਂਗਰਸ ਦੇ ਬਲਬੀਰ ਸਿੰਘ ਸਿੱਧੂ, ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ, ਪੰਜਾਬ ਡੈਮੋਕ੍ਰੇਟਿਕ ਪਾਰਟੀ ਦੇ ਗੁਰਕ੍ਰਿਪਾਲ ਸਿੰਘ ਮਾਨ, ਭਾਰਤ ਰਖਸ਼ਾ ਪਾਰਟੀ ਦੇ ਉਮੀਦਵਾਰ ਕ੍ਰਿਸ਼ਨ ਗੋਪਾਲ ਸ਼ਰਮਾ, ਡੈਮੋਕ੍ਰੇਟਿਕ ਸਵਰਾਜ ਪਾਰਟੀ ਦੇ ਬਲਵਿੰਦਰ ਸਿੰਘ ਕੁੰਭੜਾ, ਬਹੁਜਨ ਸਮਾਜ ਪਾਰਟੀ ਦੇ ਪ੍ਰੋ. ਸਰਬਜੀਤ ਸਿੰਘ, ਆਪਣਾ ਪੰਜਾਬ ਪਾਰਟੀ ਦੇ ਉਮੀਦਵਾਰ ਮਹਿੰਦਰਪਾਲ ਸਿੰਘ ਬਾਕਰਪੁਰ, ਹਿੰਦੂ ਸ਼ਿਵ ਸੈਨਾ ਦੇ ਉਮੀਦਵਾਰ ਅਮਿਤ ਸ਼ਰਮਾ, ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰ ਜਸਵਿੰਦਰ ਸਿੰਘ ਤੋਂ ਇਲਾਵਾ ਪਰਨੀਤ ਸਿੰਘ ਪੰਧੇਰ, ਸੁਭਮ ਸ਼ਰਮਾ, ਪਰਮਜੀਤ ਸਿੰਘ, ਕੁਲਜੀਤ ਸਿੰਘ, ਕਿਸ਼ੋਰ ਸ਼ਰਮਾ ਅਤੇ ਕਮਲਜੋਤ ਕੌਰ (ਸਾਰੇ ਆਜ਼ਾਦ) ਚੋਣ ਮੈਦਾਨ ਵਿੱਚ ਹਨ।
ਬੁਲਾਰੇ ਨੇ ਜ਼ਿਲ੍ਹਾ ਵਾਰ ਕੁੱਲ ਨਾਮਜ਼ਦਗੀਆਂ ’ਚੋਂ ਸਹੀ ਪਾਈਆਂ ਨਾਮਜ਼ਦਗੀਆਂ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਵਿੱਚ ਦਾਖ਼ਲ ਹੋਈਆਂ ਕੁੱਲ 58 ਨਾਮਜ਼ਦਗੀਆਂ ’ਚੋਂ 46 ਸਹੀ ਪਾਈਆਂ ਗਈਆਂ। ਇਸੇ ਤਰ੍ਹਾਂ ਗੁਰਦਾਸਪੁਰ ਵਿੱਚ ਕੱੁਲ 106 ਵਿੱਚੋਂ 73, ਅੰਮ੍ਰਿਤਸਰ ਵਿੱਚ 196 ਵਿੱਚੋਂ 121, ਤਰਨ ਤਾਰਨ ਵਿੱਚ 55 ਵਿੱਚੋਂ 34, ਕਪੂਰਥਲਾ ਵਿੱਚ 76 ਵਿੱਚੋਂ 37, ਜਲੰਧਰ ਵਿੱਚ 146 ਵਿੱਚੋਂ 91, ਹੁਸ਼ਿਆਰਪੁਰ ਵਿੱਚ 119 ਵਿੱਚੋਂ 79 ਤੇ 1 ਪੈਂਡਿੰਗ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਵਿੱਚ 45 ਵਿੱਚੋਂ 31, ਰੂਪਨਗਰ ਵਿੱਚ 41 ਵਿੱਚੋਂ 27, ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਵਿੱਚ 69 ਵਿੱਚੋਂ 37, ਫਤਹਿਗੜ੍ਹ ਸਾਹਿਬ ਵਿੱਚ 37 ਵਿੱਚੋਂ 27, ਲੁਧਿਆਣਾ ਵਿੱਚ 222 ਵਿੱਚੋਂ 138, ਮੋਗਾ ਵਿੱਚ 61 ਵਿੱਚੋਂ 49, ਫਿਰੋਜ਼ਪੁਰ ਵਿੱਚ 70 ਵਿੱਚੋਂ 51, ਫਾਜ਼ਿਲਕਾ ਵਿੱਚ 66 ਵਿੱਚੋਂ 48, ਮੁਕਤਸਰ ਵਿੱਚ 68 ਵਿੱਚੋਂ 31, ਫਰੀਦਕੋਟ ਵਿੱਚ 41 ਵਿੱਚੋਂ 28, ਬਠਿੰਡਾ ਵਿੱਚ 110 ਵਿੱਚੋਂ 63, ਮਾਨਸਾ ਵਿੱਚ 48 ਵਿੱਚੋਂ 32 ਤੇ 2 ਪੈਂਡਿੰਗ, ਸੰਗਰੂਰ ਵਿੱਚ 115 ਵਿੱਚੋਂ 71, ਬਰਨਾਲਾ ਵਿੱਚ 44 ਵਿੱਚੋਂ 31 ਅਤੇ ਪਟਿਆਲਾ ਵਿੱਚ ਕੱੁਲ 148 ਨਾਮਜ਼ਦਗੀਆਂ ਵਿੱਚੋਂ 98 ਸਹੀ ਪਾਈਆਂ ਗਈਆਂ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…