ਵਿਧਾਨ ਸਭਾ ਚੋਣਾਂ ਦੇ ਅਮਲ ਨੂੰ ਅਮਨ ਅਮਾਨ ਨਾਲ ਨੇਪਰੇ ਚਾੜ੍ਹਨ ਲਈ ਗੁਆਂਢੀ ਸੂਬਿਆਂ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ
ਚੋਣਾਂ ਦੌਰਾਨ ਪੰਜਾਬ ਵਿੱਚ ਨਾਜਾਇਜ਼ ਸ਼ਰਾਬ, ਨਗਦੀ ਤੇ ਹਥਿਆਰਾਂ ਦੀ ਆਮਦ ਨੂੰ ਰੋਕਣ ਲਈ ਨਾਕੇ ਤੇ ਚੌਕਸੀ ਵਧਾਉਣ ’ਤੇ ਜ਼ੋਰ
ਭਾਰਤੀ ਚੋਣ ਕਮਿਸ਼ਨ ਤੇ ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਕੀਤਾ ਗਿਆ ਗੁਆਂਢੀ ਸੂਬਿਆਂ ਨਾਲ ਤਾਲਮੇਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਦਸੰਬਰ:
ਅਗਲੇ ਵਰ੍ਹੇ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਭਾਰਤ ਦੇ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਰੂਪਨਗਰ ਦੇ ਡਵੀਜ਼ਨਲ ਕਮਿਸ਼ਨਰ ਮਨਵੇਸ਼ ਸਿੰਘ ਸਿੱਧੂ ਨੇ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੁਹਾਲੀ ਤੋਂ ਗੁਆਂਢੀ ਸੂਬਿਆਂ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਸਿਵਲ ਤੇ ਪੁਲੀਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਆਨਲਾਈਨ ਮੀਟਿੰਗ ਕੀਤੀ।
ਮੀਟਿੰਗ ਦਾ ਏਜੰਡਾ ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਅਤੇ ਗੁਆਂਢੀ ਸੂਬਿਆਂ ਤੋਂ ਚੋਣਾਂ ਦੌਰਾਨ ਨਾਜਾਇਜ਼ ਸ਼ਰਾਬ, ਨਗਦੀ ਅਤੇ ਹਥਿਆਰਾਂ ਦੀ ਆਮਦ ਨੂੰ ਰੋਕਣ ਲਈ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਤੋਂ ਤਾਲਮੇਲ ਕਰਨਾ ਸੀ। ਮੀਟਿੰਗ ਵਿੱਚ ਆਈਜੀ ਅਰੁਣ ਕੁਮਾਰ, ਡੀਸੀ ਮੁਹਾਲੀ ਸ੍ਰੀਮਤੀ ਈਸ਼ਾ ਕਾਲੀਆ, ਡੀਸੀ ਰੂਪਨਗਰ ਸ੍ਰੀਮਤੀ ਸੋਨਾਲੀ ਗਿਰੀ, ਡੀਸੀ ਨਵਾਂ ਸ਼ਹਿਰ ਵਿਸ਼ੇਸ਼ ਸਾਰੰਗਲ, ਐਸਐਸਪੀ ਰੂਪਨਗਰ ਵਿਵੇਕਸ਼ੀਲ ਸੋਨੀ, ਐਸਐਸਪੀ ਨਵਾਂ ਸ਼ਹਿਰ ਸ੍ਰੀਮਤੀ ਕੰਵਰਦੀਪ ਕੌਰ, ਏਡੀਸੀ (ਜਨਰਲ) ਸ੍ਰੀਮਤੀ ਕੋਮਲ ਮਿੱਤਲ, ਐਸਪੀ (ਡੀ) ਵਜ਼ੀਰ ਸਿੰਘ ਸਮੇਤ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ।
ਮੀਟਿੰਗ ਦੀ ਸ਼ੁਰੂਆਤ ਵਿੱਚ ਮਨਵੇਸ਼ ਸਿੰਘ ਸਿੱਧੂ ਨੇ ਚੋਣਾਂ ਦੇ ਮੱਦੇਨਜ਼ਰ ਸੁਰੱਖਿਆ ਅਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਗੁਆਂਢੀ ਸੂਬਿਆਂ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਨੂੰ ਪੰਜਾਬ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਨਾ ਚਾਹੀਦਾ ਹੈ ਤਾਂ ਜੋ ਸੂਬੇ ਵਿੱਚ ਚੋਣ ਪ੍ਰਕਿਰਿਆ ਦੌਰਾਨ ਸਰਹੱਦੀ ਜ਼ਿਲ੍ਹਿਆਂ ’ਚੋਂ ਨਾਜਾਇਜ਼ ਸ਼ਰਾਬ, ਨਗਦੀ ਅਤੇ ਹਥਿਆਰਾਂ ਦੀ ਆਮਦ ਅਤੇ ਸ਼ਰਾਰਤੀ ਅਨਸਰਾਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਇਨ੍ਹਾਂ ਸਰਹੱਦੀ ਸੂਬਿਆਂ ਦੀ ਇਹ ਜ਼ਿੰਮੇਵਾਰੀ ਵੀ ਹੋਵੇਗੀ ਕਿ ਉਹ ਇਹ ਗੱਲ ਯਕੀਨੀ ਬਣਾਉਣ ਕਿ ਸਰਹੱਦ ਨਾਲ ਲੱਗਦੇ ਜ਼ਿਲ੍ਹਿਆਂ ਤੋਂ ਨਾਜਾਇਜ਼ ਸ਼ਰਾਬ, ਨਗਦੀ ਅਤੇ ਹਥਿਆਰਾਂ ਦੀ ਪੰਜਾਬ ਵਿੱਚ ਤਸਕਰੀ ਨਾ ਹੋਵੇ।
ਸ੍ਰੀ ਮਨਵੇਸ਼ ਸਿੱਧੂ ਨੇ ਕਿਹਾ ਕਿ ਗੁਆਂਢੀ ਰਾਜਾਂ ਦੇ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਪੰਜਾਬ ਨਾਲ ਮਿਲ ਕੇ ਸਾਂਝੀ ਰਣਨੀਤੀ ਬਣਾਉਣੀ ਚਾਹੀਦੀ ਹੈ। ਉਨ੍ਹਾਂ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਦੇ ਅਧਿਕਾਰੀਆਂ ਨੂੰ ਬਿਹਤਰ ਅੰਤਰਰਾਜੀ ਤਾਲਮੇਲ ਲਈ ਆਈਟੀ, ਆਬਕਾਰੀ, ਪੁਲੀਸ ਅਤੇ ਸਿਵਲ ਵਿਭਾਗ ਦੇ ਨੋਡਲ ਅਫ਼ਸਰਾਂ ਦੀ ਨਿਯੁਕਤੀ ਕਰਨ ਅਤੇ ਇਨ੍ਹਾਂ ਦੇ ਵੇਰਵੇ ਪੰਜਾਬ ਦੇ ਅਧਿਕਾਰੀਆਂ ਨਾਲ ਸਾਂਝੇ ਕੀਤੇ ਜਾਣ ਤਾਂ ਜੋ ਵਧੀਆ ਅੰਤਰਰਾਜੀ ਤਾਲਮੇਲ ਬਣਾ ਕੇ ਚੋਣਾਂ ਦੇ ਅਮਲ ਨੂੰ ਨਿਰਪੱਖ, ਭੈਅ-ਮੁਕਤ ਅਤੇ ਅਮਨ-ਅਮਾਨ ਨਾਲ ਨਪੇਰੇ ਚਾੜ੍ਹਿਆ ਜਾ ਸਕੇ।

ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਹੱਦਾਂ ਹਰਿਆਣਾ ਦੇ ਅੰਬਾਲਾ ਅਤੇ ਪੰਚਕੂਲਾ, ਹਿਮਾਚਲ ਪ੍ਰਦੇਸ਼ ਦੇ ਸੋਲਨ ਅਤੇ ਯੂਟੀ ਨਾਲ ਲੱਗਦੀਆਂ ਹਨ। ਇਸ ਸਮੇਂ ਮੁਹਾਲੀ ਪ੍ਰਸ਼ਾਸਨ ਵੱਲੋਂ 48 ਅੰਤਰਰਾਜੀ ਨਾਕੇ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਇਨ੍ਹਾਂ ਗੁਆਂਢੀ ਰਾਜਾਂ ਤੋਂ ਨਾਜਾਇਜ਼ ਸ਼ਰਾਬ ਅਤੇ ਹਥਿਆਰ ਆਉਣ ਦਾ ਖਤਰਾ ਹੈ। ਜਿਸ ਲਈ ਗੁਆਂਢੀ ਸੂਬਿਆਂ ਦੇ ਅਧਿਕਾਰੀਆਂ ਦੇ ਸਹਿਯੋਗ ਦੀ ਲੋੜ ਹੈ।
ਇੰਜ ਹੀ ਰੂਪਨਗਰ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਰੂਪਨਗਰ ਜ਼ਿਲ੍ਹੇ ਦੀਆਂ ਸਰਹੱਦਾਂ ਹਿਮਾਚਲ ਪ੍ਰਦੇਸ਼ ਦੇ ਸੋਲਨ, ਬਿਲਾਸਪੁਰ ਅਤੇ ਊਨਾ ਜ਼ਿਲ੍ਹਿਆਂ ਨਾਲ ਲੱਗਦੀਆਂ ਹਨ, ਜਿਸ ਕਾਰਨ ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਇਨ੍ਹਾਂ ਦੋਵਾਂ ਰਾਜਾਂ ਵੱਲੋਂ ਨਜ਼ਦੀਕੀ ਤਾਲਮੇਲ ਅਤੇ ਸਾਂਝੇ ਅਪਰੇਸ਼ਨ ਦੀ ਲੋੜ ਹੈ।

Load More Related Articles
Load More By Nabaz-e-Punjab
Load More In Awareness/Campaigns

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…