nabaz-e-punjab.com

ਆਮਦਨ ਤੋਂ ਵੱਧ ਜਾਇਦਾਦ ਕੇਸ: ਈਓ ਗਿਰੀਸ਼ ਵਰਮਾ ਦਾ ਫ਼ਰਾਰ ਸਾਥੀ ਗੌਰਵ ਗੁਪਤਾ ਗ੍ਰਿਫ਼ਤਾਰ

ਗ੍ਰਿਫ਼ਤਾਰੀ ਤੋਂ ਬਚਣ ਲਈ ਵਿਦੇਸ਼ ਵਿੱਚ ਰਹਿ ਰਿਹਾ ਹੈ ਗਿਰੀਸ਼ ਵਰਮਾ ਦਾ ਪੁੱਤਰ ਵਿਕਾਸ ਵਰਮਾ

ਨਬਜ਼-ਏ-ਪੰਜਾਬ, ਮੁਹਾਲੀ, 5 ਜੁਲਾਈ:
ਪੰਜਾਬ ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਲਈ ਮੁਹਾਲੀ ਥਾਣੇ ਵਿੱਚ ਦਰਜ ਕੀਤੇ ਮਾਮਲੇ ਵਿੱਚ ਸਾਬਕਾ ਕਾਰਜਸਾਧਕ ਅਫ਼ਸਰ ਗਿਰੀਸ਼ ਵਰਮਾ ਦੇ ਫ਼ਰਾਰ ਸਾਥੀ ਕੁਰਾਲੀ ਦੇ ਸਾਬਕਾ ਕੌਂਸਲਰ ਗੌਰਵ ਗੁਪਤਾ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ’ਤੇ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀ ਵੱਲੋਂ ਆਮਦਨ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਮਦਦ ਕਰਨ ਦਾ ਦੋਸ਼ ਹੈ। ਇਸ ਮਾਮਲੇ ਵਿੱਚ ਵਿਜੀਲੈਂਸ ਗਿਰੀਸ਼ ਵਰਮਾ ਸਮੇਤ ਉਸ ਦੇ ਸਾਥੀਆਂ ਸੰਜੀਵ ਕੁਮਾਰ ਵਾਸੀ ਖਰੜ ਅਤੇ ਪਵਨ ਸ਼ਰਮਾ ਵਾਸੀ ਪੰਚਕੂਲਾ ਜੋ ਕਲੋਨਾਈਜ਼ਰ ਹਨ, ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਸਾਬਕਾ ਕੌਂਸਲਰ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ 4 ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ ਹੈ।
ਵਿਜੀਲੈਂਸ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਗਿਰੀਸ਼ ਵਰਮਾ ਨੇ ਆਪਣੀ ਪਤਨੀ ਸੰਗੀਤਾ ਵਰਮਾ ਅਤੇ ਪੁੱਤਰ ਵਿਕਾਸ ਵਰਮਾ ਦੇ ਨਾਂ ’ਤੇ 19 ਪ੍ਰਮੁੱਖ ਰਿਹਾਇਸ਼ੀ/ਵਪਾਰਕ ਜਾਇਦਾਦਾਂ ਖ਼ਰੀਦੀਆਂ ਸਨ। ਗਿਰੀਸ਼ ਵਰਮਾ ਜ਼ੀਰਕਪੁਰ, ਖਰੜ, ਕੁਰਾਲੀ, ਡੇਰਾਬੱਸੀ ਆਦਿ ਨਗਰ ਕੌਂਸਲਾਂ ਵਿੱਚ ਕਾਰਜਸਾਧਕ ਅਫ਼ਸਰ ਦੇ ਅਹੁਦੇ ’ਤੇ ਰਹਿ ਚੁੱਕਾ ਹੈ ਅਤੇ ਲੋਕਲ ਬਿਲਡਰਾਂ/ਡਿਵੈਲਪਰਾਂ ਨੂੰ ਗਲਤ ਲਾਭ ਪਹੁੰਚਾਉਂਦਾ ਰਿਹਾ ਹੈ। ਇਸ ਇਵਜ਼ ਵਿੱਚ ਉਹ ਉਕਤ ਬਿਲਡਰਾਂ ਦੇ ਖਾਤਿਆਂ ’ਚੋਂ ਆਪਣੀ ਪਤਨੀ ਅਤੇ ਬੇਟੇ ਦੇ ਨਾਂ ’ਤੇ ਬੈਂਕ ਐਂਟਰੀਆਂ ਕਰਵਾ ਕੇ ਨਾਜਾਇਜ਼ ਪੈਸੇ ਇਕੱਠੇ ਕਰਦਾ ਸੀ।
ਇਸ ਤੋਂ ਇਲਾਵਾ ਗਿਰੀਸ਼ ਵਰਮਾ ਦੇ ਛੋਟੇ ਪੁੱਤਰ ਵਿਕਾਸ ਵਰਮਾ, ਜੋ ਵਿਦੇਸ਼ ਵਿੱਚ ਰਹਿ ਰਿਹਾ ਹੈ, ਬਾਰੇ ਪਤਾ ਲੱਗਾ ਹੈ ਕਿ ਉਸ ਨੂੰ ਵੀ ਕੱੁਝ ਬਿਲਡਰਾਂ ਅਤੇ ਡਿਵੈਲਪਰਾਂ ਤੋਂ ਵਿੱਤੀ ਸਹਾਇਤਾ ਪ੍ਰਾਪਤ ਹੋਈ ਸੀ। ਧੋਖਾਧੜੀ ਨਾਲ ਇਕੱਠੇ ਕੀਤੇ ਪੈਸੇ ਦੀ ਵਰਤੋਂ ਜਾਇਦਾਦ ਖ਼ਰੀਦਣ ਲਈ ਕੀਤੀ ਗਈ ਦੱਸੀ ਜਾ ਰਹੀ ਹੈ। ਵਿਜੀਲੈਂਸ ਅਨੁਸਾਰ ਵਿਕਾਸ ਵਰਮਾ ਅਤੇ ਸੰਗੀਤਾ ਵਰਮਾ ਕੋਲ ਨਾਜਾਇਜ਼ ਧੰਨ ਨਾਲ ਖ਼ਰੀਦੀਆਂ ਜਾਇਦਾਦਾਂ ਤੋਂ ਆਉਂਦੇ ਕਿਰਾਏ ਤੋਂ ਇਲਾਵਾ ਆਮਦਨ ਦਾ ਹੋਰ ਕੋਈ ਕਾਨੂੰਨੀ ਸਰੋਤ ਨਹੀਂ ਹੈ। ਵਿਕਾਸ ਵਰਮਾ ਸਾਲ 2019-20 ਵਿੱਚ ਰੀਅਲ ਅਸਟੇਟ ਫ਼ਰਮਾਂ ‘ਬਾਲਾਜੀ ਇੰਫਰਾ ਬਿਲਡਟੈਕ’ ਅਤੇ ‘ਬਾਲਾਜੀ ਡਿਵੈਲਪਰਜ਼’ ਵਿੱਚ ਆਪਣੇ ਪਿਤਾ ਦੇ ਕਾਲੇ ਧੰਨ ਨੂੰ ਲਾਂਡਰਿੰਗ ਕਰਕੇ ਅਤੇ ਹੋਰਾਂ ਭਾਈਵਾਲਾਂ ਤੋਂ ਲਏ ਅਸੁਰੱਖਿਅਤ ਕਰਜ਼ਿਆਂ ਵਜੋਂ ਬੈਂਕ ਐਂਟਰੀਆਂ ਦਿਖਾ ਕੇ ਅਤੇ ਫਿਰ ਉਕਤ ਫ਼ਰਮਾਂ ਦੇ ਭਾਈਵਾਲਾਂ ਨੂੰ ਨਗਦ ਪੈਸੇ ਵਾਪਸ ਕਰਨ ਦਾ ਢਕਵੰਜ ਕਰਦਾ ਸੀ।
ਵਿਕਾਸ ਵਰਮਾ ਦੇ ਸਹਿ-ਮੁਲਜ਼ਮ ਸਾਥੀ ਸੰਜੀਵ ਕੁਮਾਰ, ਗੌਰਵ ਗੁਪਤਾ ਅਤੇ ਅਸ਼ੀਸ਼ ਸ਼ਰਮਾ, ਸਾਰੇ ਵਾਸੀ ਕੁਰਾਲੀ, ਪਲਾਟਾਂ ਦੀ ਵਿਕਰੀ ਲਈ ਪੁਰਾਣੇ ਸਮਝੌਤੇ ਤਿਆਰ ਕਰਕੇ ਅਤੇ ਰਿਹਾਇਸ਼ੀ ਕਲੋਨੀਆਂ ਨੂੰ ਗੁਪਤ ਤਰੀਕੇ ਨਾਲ ਰੈਗੂਲਰ ਕਰਵਾਉਣ ਲਈ ਧੋਖਾਧੜੀ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਸਨ। ਮੁਲਜ਼ਮ ਗੌਰਵ ਗੁਪਤਾ ਇਨ੍ਹਾਂ ਫ਼ਰਮਾਂ ਦਾ ਸੰਸਥਾਪਕ ਅਤੇ ਬਾਲਾਜੀ ਇੰਫਰਾ ਬਿਲਟੈੱਕ ਵਿੱਚ 80 ਫੀਸਦੀ ਹਿੱਸਾ ਰੱਖਣ ਵਾਲਾ ਪ੍ਰਮੁੱਖ ਭਾਈਵਾਲ ਸੀ, ਜਿਸ ਨੇ ਖਰੜ ਵਿੱਚ ਖੇਤੀਬਾੜੀ ਵਾਲੀ ਜ਼ਮੀਨ ਖ਼ਰੀਦਣ ਲਈ ਹੋਰਨਾਂ ਭਾਈਵਾਲਾਂ ਨਾਲ ਮਿਲ ਕੇ ਆਪਣੇ ਸ਼ੇਅਰਾਂ ਵਜੋਂ ਕਰੋੜਾਂ ਰੁਪਏ ਦਾ ਨਿਵੇਸ਼ ਕੀਤਾ ਸੀ ਅਤੇ ਉਪਰੰਤ ਉਸਨੇ ਗੈਰ-ਕਾਨੂੰਨੀ ਢੰਗ ਨਾਲ ਇਸ ਜ਼ਮੀਨ ’ਤੇ ਰੈਗੂਲਰਾਈਜ਼ਡ ਰਿਹਾਇਸ਼ੀ ਕਲੋਨੀ ਬਣਾ ਲਈ ਸੀ। ਇਸ ਤੋਂ ਬਾਅਦ ਉਸ ਦਾ 15 ਫੀਸਦੀ ਹਿੱਸਾ ਗਿਰੀਸ਼ ਵਰਮਾ ਦੇ ਪੁੱਤਰ ਵਿਕਾਸ ਵਰਮਾ ਨੂੰ ਟਰਾਂਸਫ਼ਰ ਕਰ ਦਿੱਤਾ ਗਿਆ। ਵਿਜੀਲੈਂਸ ਅਨੁਸਾਰ ਸੰਜੀਵ ਕੁਮਾਰ, ਗੌਰਵ ਗੁਪਤਾ ਅਤੇ ਵਿਕਾਸ ਵਰਮਾ ਦੀ ਅਗਾਊਂ ਜ਼ਮਾਨਤ ਹਾਈ ਕੋਰਟ ਨੇ ਪਹਿਲਾਂ ਖਾਰਜ ਕਰ ਦਿੱਤੀ ਸੀ। ਇਸ ਤੋਂ ਇਲਾਵਾ ਸੰਜੀਵ ਕੁਮਾਰ ਨੇ ਆਪਣੀ ਜ਼ਮਾਨਤ ਲਈ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਪਰ ਉਸ ਨੂੰ ਕੋਈ ਰਾਹਤ ਨਹੀਂ ਮਿਲੀ। ਮੁਹਾਲੀ ਅਦਾਲਤ ਨੇ ਗੌਰਵ ਗੁਪਤਾ ਅਤੇ ਵਿਕਾਸ ਵਰਮਾ ਖ਼ਿਲਾਫ਼ ਪੇਸ਼ੀਆਂ ਦੀ ਕਾਰਵਾਈ ਸ਼ੁਰੂ ਕਰ ਦਿੱਤੀ।
ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਇਸ ਕੇਸ ਵਿੱਚ ਇੱਕ ਹੋਰ ਮੁਲਜ਼ਮ ਪਵਨ ਸ਼ਰਮਾ ਵਾਸੀ ਪੰਚਕੂਲਾ, ਜੋ ਕਿ ਇੱਕ ਕਲੋਨਾਈਜ਼ਰ ਹੈ, ਨੂੰ ਵੀ ਜੂਨ 2023 ਵਿੱਚ ਸਾਬਕਾ ਈਓ ਗਿਰੀਸ਼ ਵਰਮਾ ਦੀ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਵਿੱਚ ਮਦਦ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਅੱਗੇ ਦੱਸਿਆ ਕਿ ਪਵਨ ਕੁਮਾਰ ਸ਼ਰਮਾ ਨੇ ਮਾਨਸਾ ਜ਼ਿਲ੍ਹੇ ਦੇ ਪਿੰਡ ਖੁਡਾਲ ਕਲਾਂ, ਤਹਿਸੀਲ ਬਰੇਟਾ ਵਿਖੇ 25000 ਮੀਟਰਕ ਟਨ ਦੀ ਸਮਰੱਥਾ ਵਾਲੇ 5 ਏਕੜ ਜ਼ਮੀਨ ‘ਤੇ ਸਥਿਤ ਇੱਕ ਖੁੱਲ੍ਹਾ ਪਲਿੰਥ (ਸਟੋਰੇਜ ਗੋਦਾਮ) ਨੂੰ ਵਾਹੀਯੋਗ ਜ਼ਮੀਨ ਵਜੋਂ ਵੇਚ ਕੇ ਗਿਰੀਸ਼ ਵਰਮਾ ਦੀਆਂ ਬੇਨਿਯਮੀਆਂ ਤੇ ਗੈਰ-ਕਾਨੂੰਨੀ ਗਤਵਿਧੀਆਂ ਵਿੱਚ ਮਦਦ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਹ ਜ਼ਮੀਨ ਪਵਨ ਕੁਮਾਰ ਜੋ ਕਿ ਐਮਸੀ ਜ਼ੀਰਕਪੁਰ ਦੇ ਖੇਤਰ ਵਿੱਚ ਰੀਅਲ ਅਸਟੇਟ ਦਾ ਕਾਰੋਬਾਰ ਕਰ ਰਿਹਾ ਸੀ, ਵੱਲੋਂ ਘੱਟ ਕੀਮਤ ਵਿੱਚ ਰਜਿਸਟਰਡ ਕਰਵਾਈ ਗਈ ਸੀ, ਜਿੱਥੇ ਗਿਰੀਸ਼ ਵਰਮਾ ਲੰਬੇ ਸਮੇਂ ਤੋਂ ਕਾਰਜਸਾਧਕ ਅਫ਼ਸਰ ਵਜੋਂ ਤਾਇਨਾਤ ਸੀ ਅਤੇ ਬਦਲੇ ਵਿੱਚ ਉਸ ਨੂੰ ਨਾਜਾਇਜ਼ ਲਾਭ ਦਿੱਤੇ ਸਨ।

Load More Related Articles
Load More By Nabaz-e-Punjab
Load More In General News

Check Also

ਵੱਡੀ ਲਾਪਰਵਾਹੀ: ਪੰਚਾਇਣ ਚੋਣਾਂ ਸਬੰਧੀ ਅਸਲਾ ਜਮ੍ਹਾ ਕਰਵਾਉਣਾ ਭੁੱਲੀ ਸਰਕਾਰ

ਵੱਡੀ ਲਾਪਰਵਾਹੀ: ਪੰਚਾਇਣ ਚੋਣਾਂ ਸਬੰਧੀ ਅਸਲਾ ਜਮ੍ਹਾ ਕਰਵਾਉਣਾ ਭੁੱਲੀ ਸਰਕਾਰ ਪਿੰਡ ਮਨੌਲੀ ਦੇ ਜਤਿੰਦਰ ਸਿੰਘ…