ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨ ਨੇ ਡਾਇਰੈਕਟਰ ਉਚੇਰੀ ਸਿੱਖਿਆ ਦਾ ਦਫ਼ਤਰ ਘੇਰਿਆ
ਮਹਿਲਾ ਪ੍ਰੋਫ਼ੈਸਰਾਂ ਸਮੇਤ ਵਿਭਾਗ ਦੀ ਸੱਤਵੀਂ ਮੰਜ਼ਲ ’ਤੇ ਰਾਤ ਭਰ ਡਟੇ ਰਹੇ ਸਹਾਇਕ ਪ੍ਰੋਫ਼ੈਸਰ ਤੇ ਲਾਇਬ੍ਰੇਰੀਅਨ
ਨਬਜ਼-ਏ-ਪੰਜਾਬ, ਮੁਹਾਲੀ, 16 ਜਨਵਰੀ:
1158 ਸਹਾਇਕ ਪ੍ਰੋਫ਼ੈਸਰ ਅਤੇ ਲਾਇਬ੍ਰੇਰੀਅਨ ਫ਼ਰੰਟ ਦੇ ਮੈਂਬਰਾਂ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਉਚੇਰੀ ਸਿੱਖਿਆ ਵਿਭਾਗ ਦੇ ਡਾਇਰੈਕਟਰ ਦਫ਼ਤਰ ਦਾ ਘਿਰਾਓ ਕਰਕੇ ਰੋਸ ਪ੍ਰਗਟਾਇਆ। ਫਰੰਟ ਦੇ ਆਗੂ ਪਰਮਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਡਬਲ ਬੈਂਚ ਵੱਲੋਂ 23 ਸਤੰਬਰ 2024 ਨੂੰ 1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਦੀ ਭਰਤੀ ਨੂੰ ਨੇਪਰੇ ਚੜ੍ਹਾਉਣ ਲਈ ਹਰੀ ਝੰਡੀ ਦਿੱਤੀ ਸੀ ਪ੍ਰੰਤੂ ਸਰਕਾਰ ਨੇ 411 ਸਹਾਇਕ ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਥਾਂ ਪੌਣੇ ਚਾਰ ਮਹੀਨਿਆਂ ਤੋਂ ਭਰਤੀ ਨੂੰ ਠੰਢੇ ਬਸਤੇ ਵਿੱਚ ਪਾ ਕੇ ਰੱਖਿਆ ਹੋਇਆ ਹੈ। ਜਿਸ ਕਾਰਨ ਪੀੜਤ ਨੌਜਵਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਬਲਵਿੰਦਰ ਸਿੰਘ ਚਹਿਲ ਨੇ ਦੱਸਿਆ ਕਿ ਮਰਨ ਵਰਤ ਰੱਖਣ ਅਤੇ ਜੇਲ੍ਹ ਵਿੱਚ ਡੱਕੇ ਜਾਣ ਤੋਂ ਬਾਅਦ ਵਿਭਾਗ ਵੱਲੋਂ 2, 3 ਅਤੇ 4 ਜਨਵਰੀ ਨੂੰ ਬਾਕੀ ਰਹਿੰਦੇ ਉਮੀਦਵਾਰਾਂ ਦੇ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਗਈ ਸੀ ਪ੍ਰੰਤੂ ਕਈ ਦਿਨ ਬੀਤ ਜਾਣ ਦੇ ਬਾਵਜੂਦ ਉਨ੍ਹਾਂ ਨੂੰ ਨਿਯੁਕਤੀ ਪੱਤਰ ਨਹੀਂ ਦਿੱਤੇ ਜਾ ਰਹੇ, ਸਗੋਂ ਉਚੇਰੀ ਸਿੱਖਿਆ ਵਿਭਾਗ ਲਗਾਤਾਰ ਟਾਲਮਟੋਲ ਦੀ ਨੀਤੀ ਅਪਣਾ ਕੇ ਡੰਗ ਟਪਾਉਂਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਕਮਰਾਨ ਅਤੇ ਉੱਚ ਅਧਿਕਾਰੀ ਵਾਰ-ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਮੀਟਿੰਗ ਤੋਂ ਭੱਜ ਰਹੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਭ ਤੋਂ ਵੱਧ ਪੜ੍ਹੇ ਲਿਖੇ ਨੌਜਵਾਨਾਂ ਦੇ ਭਵਿੱਖ ਨਾਲ ਸਿਆਸਤ ਕੀਤੀ ਜਾ ਰਹੀ ਹੈ।
ਜਿਸ ਕਾਰਨ ਪੀੜਤ ਉਮੀਦਵਾਰ ਪੁਲੀਸ ਅਤੇ ਅਧਿਕਾਰੀਆਂ ਨੂੰ ਝਕਾਨੀ ਦੇ ਕੇ ਬੀਤੀ ਰਾਤ ਸਿੱਖਿਆ ਵਿਭਾਗ ਦੀ ਸੱਤਵੀਂ ਮੰਜ਼ਲ ’ਤੇ ਚੜ੍ਹ ਗਏ। ਜਿਨ੍ਹਾਂ ਵਿੱਚ 15 ਮਹਿਲਾ ਪ੍ਰੋਫੈਸਰ ਵੀ ਸ਼ਾਮਲ ਸਨ। ਜਸਪ੍ਰੀਤ ਕੌਰ ਨੇ ਕਿਹਾ ਕਿ ਵਿਭਾਗ ਨੇ ਬਿਜਲੀ ਸਪਲਾਈ ਕੱਟ ਦਿੱਤੀ। ਜਿਸ ਕਾਰਨ ਪ੍ਰਦਰਸ਼ਨਕਾਰੀਆਂ ਨੂੰ ਬਿਨਾਂ ਬਿਜਲੀ-ਪਾਣੀ ਤੋਂ ਰਾਤ ਗੁਜ਼ਾਰਨੀ ਗਈ। ਅੱਜ ਦੂਜੇ ਦਿਨ ਵੀ ਧਰਨਾ ਜਾਰੀ ਰਿਹਾ। ਪ੍ਰਿਤਪਾਲ ਸਿੰਘ ਨੇ ਚਿਤਾਵਨੀ ਦਿੱਤੀ ਕਿ ਭਰਤੀ ਪ੍ਰਕਿਰਿਆ ਹੁਣ ਜਿਊਣ ਮਰਨ ਦਾ ਸਬੱਬ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਹੁਣ ਵੀ ਭਰਤੀ ਨੂੰ ਮੁਕੰਮਲ ਕਰਨ ਲਈ ਠੋਸ ਕਦਮ ਨਹੀਂ ਚੁੱਕੇ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।