ਸਹਾਇਕ ਪ੍ਰੋਫੈਸਰਾਂ ਵੱਲੋਂ ਏਅਰਪੋਰਟ ਸੜਕ ’ਤੇ ਰੋਸ ਮੁਜ਼ਾਹਰਾ, ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹੀ

ਸਿੱਖਿਆ ਭਵਨ ਦੀ ਸੱਤਵੀਂ ਮੰਜ਼ਲ ’ਤੇ ਡਾਇਰੈਕਟਰ ਦਫ਼ਤਰ ਮੂਹਰੇ ਲੜੀਵਾਰ ਧਰਨਾ 43ਵੇਂ ਦਿਨ ’ਚ ਦਾਖ਼ਲ

ਬੀਮਾਰ ਪਤਨੀ ਨੂੰ ਘਰ ਛੱਡ ਕੇ ਧੀ ਦੀ ਨੌਕਰੀ ਲਈ ਪਿਛਲੇ ਡੇਢ ਮਹੀਨੇ ਤੋਂ ਧਰਨੇ ’ਤੇ ਡਟਿਆ ਪਿਤਾ

ਨਬਜ਼-ਏ-ਪੰਜਾਬ, ਮੁਹਾਲੀ, 26 ਫਰਵਰੀ:
1158 ਸਹਾਇਕ ਪ੍ਰੋਫ਼ੈਸਰ ਅਤੇ ਲਾਇਬ੍ਰੇਰੀਅਨ ਫ਼ਰੰਟ ਵੱਲੋਂ ਬੁੱਧਵਾਰ ਨੂੰ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਸਾਹਮਣੇ ਮੁਹਾਲੀ ਏਅਰਪੋਰਟ ਸੜਕ ’ਤੇ ਪੰਜਾਬ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਅਤੇ ਅਫ਼ਸਰਸ਼ਾਹੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਧਰ, ਸਿੱਖਿਆ ਭਵਨ ਦੀ ਸੱਤਵੀਂ ਮੰਜ਼ਲ ’ਤੇ ਸਥਿਤ ਡਾਇਰੈਕਟਰ ਉਚੇਰੀ ਸਿੱਖਿਆ ਦੇ ਦਫ਼ਤਰ ਮੂਹਰੇ ਦਿਨ ਰਾਤ ਦਾ ਲੜੀਵਾਰ ਪੱਕਾ ਮੋਰਚਾ ਅੱਜ 43ਵੇਂ ਦਿਨ ’ਚ ਦਾਖ਼ਲ ਹੋ ਗਿਆ। ਪ੍ਰਦਰਸ਼ਨਕਾਰੀਆਂ ਨੇ ਰਾਹਗੀਰਾਂ ਨੂੰ ‘ਆਪ’ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਤੋਂ ਜਾਣੂ ਕਰਵਾਉਂਦਿਆਂ ਸੰਘਰਸ਼ ਦੌਰਾਨ ਸਹਿਯੋਗ ਦੇਣ ਦੀ ਅਪੀਲ ਕੀਤੀ।
ਜਥੇਬੰਦੀ ਦੇ ਆਗੂ ਗੁਰਲਾਲ ਮਾਨ ਨੇ ਭਗਵੰਤ ਮਾਨ ਸਰਕਾਰ ਵੱਲੋਂ ਰੁਜ਼ਗਾਰ ਦੇਣ ਦੇ ਦਾਅਵਿਆਂ ਦੀ ਪੋਲ ਖੋਲ੍ਹਦਿਆਂ ਕਿਹਾ ਕਿ ਸਰਕਾਰ ਨੇ ਅਜੇ ਤੀਕ 1158 ਭਰਤੀ ਨੂੰ ਮੁਕੰਮਲ ਨਹੀਂ ਕੀਤਾ। ਹਾਲੇ ਵੀ ਸੈਂਕੜੇ ਪੀੜਤ ਉਮੀਦਵਾਰ ਭਰਤੀ ਦੀ ਅਗਲੀ ਕੌਂਸਲਿੰਗ ਅਤੇ ਨਿਯੁਕਤੀ ਪੱਤਰ ਮਿਲਣ ਦਾ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਹਾਇਕ ਪ੍ਰੋਫੈਸਰਾਂ ਨੂੰ ਕਾਲਜਾਂ ਵਿੱਚ ਭੇਜਣ ਦੀ ਬਜਾਏ ਸੜਕਾਂ ’ਤੇ ਰੁਲਣ ਲਈ ਮਜਬੂਰ ਕੀਤਾ ਹੋਇਆ ਹੈ। ਉਹ ਸਾਰੀਆਂ ਯੋਗਤਾਵਾਂ ਪੂਰੀਆਂ ਕਰਨ ਦੇ ਬਾਵਜੂਦ ਵਿਭਾਗ ਦੀਆਂ ਗਲਤੀਆਂ ਦਾ ਖ਼ਮਿਆਜ਼ਾ ਭੁਗਤ ਰਹੇ ਹਨ।
ਗੋਲਡੀ ਰਾਣੀ ਨੇ ਕਿਹਾ ਕਿ ਹਾਈ ਕੋਰਟ ਵੱਲੋਂ 23 ਸਤੰਬਰ 2024 ਨੂੰ ਭਰਤੀ ਮੁਕੰਮਲ ਕਰਨ ਦੇ ਹੁਕਮ ਦਿੱਤੇ ਸਨ ਪਰ ਸਰਕਾਰ ਨੇ ਭਰਤੀ ਪ੍ਰਕਿਰਿਆ ਪੂਰੀ ਨਹੀਂ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਅਗਲੇ 2-3 ਦਿਨਾਂ ਵਿੱਚ ਬਾਕੀ ਰਹਿੰਦੇ ਉਮੀਦਵਾਰਾਂ ਦੀ ਨਿਯੁਕਤੀ ਸਬੰਧੀ ਠੋਸ ਫ਼ੈਸਲਾ ਨਾ ਲਿਆ ਤਾਂ ਉਹ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰਨਗੇ ਅਤੇ ਗੁਪਤ ਐਕਸ਼ਨ ਕੀਤੇ ਜਾਣਗੇ। ਸਾਂਝਾ ਬੇਰੁਜ਼ਗਾਰ ਮੋਰਚਾ ਪੰਜਾਬ ਦੇ ਆਗੂ ਸੰਦੀਪ ਸਿੰਘ ਨੇ ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਫ਼ਰੰਟ ਦੀਆਂ ਮੰਗਾਂ ਦਾ ਸਮਰਥਨ ਕਰਦਿਆਂ ਕਿਹਾ ਕਿ ਸਰਕਾਰ ਨੂੰ ਸਾਰੇ ਸਾਥੀਆਂ ਦੀ ਜਾਇਜ਼ ਮੰਗ ਪ੍ਰਵਾਨ ਕਰਨੀ ਚਾਹੀਦੀ ਹੈ ਤਾਂ ਜੋ ਪੰਜਾਬ ਦੀ ਉਚੇਰੀ ਸਿੱਖਿਆ ਪੈਰਾਂ ਸਿਰ ਹੋ ਸਕੇ।
ਇਸ ਮੌਕੇ ਪੰਜਾਬੀ ਵਿਸ਼ੇ ਦੀ ਇੱਕ ਪੀੜਤ ਉਮੀਦਵਾਰ ਦੇ ਪਿਤਾ ਮੁਖ਼ਤਿਆਰ ਸਿੰਘ ਨੇ ਕਿਹਾ ਕਿ ਉਹ ਆਪਣੀ ਧੀ ਦੀ ਨੌਕਰੀ ਲਈ ਪਿਛਲੇ ਡੇਢ ਮਹੀਨੇ ਤੋਂ ਧਰਨੇ ’ਤੇ ਬੈਠੇ ਹਨ। ਉਸ ਦੀ ਪਤਨੀ ਵੀ ਲੰਮੇ ਸਮੇਂ ਤੋਂ ਬੀਮਾਰ ਚੱਲ ਰਹੀ ਹੈ ਅਤੇ ਨੂੰਹ ਦੀ ਵੀ ਮੌਤ ਹੋ ਚੁੱਕੀ ਹੈ। ਮਜ਼ਬੂਰੀ-ਬਸ ਪਰਿਵਾਰ ਨੂੰ ਛੱਡ ਕੇ ਆਪਣੀ ਧੀ ਦੀ ਨੌਕਰੀ ਖ਼ਾਤਰ ਉਸ ਨੂੰ ਸੜਕਾਂ ’ਤੇ ਧੱਕੇ ਖਾਣੇ ਪੈ ਰਹੇ ਹਨ। ਸਰਕਾਰਾਂ ਦੇ ਬੇਟੀ ਬਚਾਓ-ਬੇਟੀ ਪੜ੍ਹਾਓ ਨਾਅਰੇ ਨੂੰ ਢੌਂਗ ਦੱਸਦਿਆਂ ਮੁਖ਼ਤਿਆਰ ਸਿੰਘ ਨੇ ਕਿਹਾ ਕਿ ਅੱਜ ਬੇਟੀਆਂ ਖ਼ੁਦ ਇਨਸਾਫ਼ ਲਈ ਸੜਕਾਂ ’ਤੇ ਰੁਲ ਰਹੀਆਂ ਹਨ ਪਰ ਹੁਕਮਰਾਨਾਂ ਨੂੰ ਤਰਸ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ 50,000 ਨੌਕਰੀ ਦੇਣ ਦੇ ਦਾਅਵੇ ਕਰ ਰਹੇ ਹਨ ਪਰ ਹੁਣ 1158 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਪੂਰੀ ਨਹੀਂ ਕੀਤੀ ਜਾ ਸਕੀ।

Load More Related Articles

Check Also

ਮੈਗਾ ਮਾਪੇ-ਅਧਿਆਪਕ ਮਿਲਣੀ ਵਿੱਚ ਪਹੁੰਚੇ ਸਿੱਖਿਆ ਮੰਤਰੀ ਹਰਜੋਤ ਬੈਂਸ

ਮੈਗਾ ਮਾਪੇ-ਅਧਿਆਪਕ ਮਿਲਣੀ ਵਿੱਚ ਪਹੁੰਚੇ ਸਿੱਖਿਆ ਮੰਤਰੀ ਹਰਜੋਤ ਬੈਂਸ ਹਰਜੋਤ ਬੈਂਸ ਨੇ ਫੇਜ਼-11 ਸਕੂਲ ਵਿੱਚ …