Nabaz-e-punjab.com

ਰਿਹਾਇਸ਼ੀ ਖੇਤਰ ਦੀ ਪਾਰਕ ਵਿੱਚ ਕੰਧ ਦੀ ਉਸਾਰੀ ਨੂੰ ਲੈ ਕੇ ਦੋ ਐਸੋਸੀਏਸ਼ਨਾਂ ਵਿੱਚ ਖੜਕੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਦਸੰਬਰ:
ਦੀ ਹਾਊਸ ਓਨਰਜ ਵੈਲਫੇਅਰ ਸੁਸਾਇਟੀ ਫੇਜ਼-5 ਦੇ ਪ੍ਰਧਾਨ ਪੀ ਡੀ ਵਧਵਾ ਨੇ ਦੋਸ਼ ਲਗਾਇਆ ਹੈ ਕਿ ਫੇਜ਼-5 ਦੇ ਧਰਾਨਾ ਭਵਨ ਦੇ ਨਾਲ ਲਗਦੇ ਪਾਰਕ ਵਿੱਚ ਦੀਵਾਰ ਦੀ ਉਸਾਰੀ ਕਰਕੇ ਨਾਜਾਇਜ਼ ਕਬਜ਼ਾ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਦੀਵਾਰ ਦੀ ਉਸਾਰੀ ਕਰਵਾ ਰਹੇ ਦੀ ਕਨਾਲ ਹਾਉਸਿਸ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਐਸਐਸ ਲਹਿਲ ਨੇ ਕਿਹਾ ਹੈ ਕਿ ਇੱਥੇ ਕੋਈ ਨਾਜਾਇਜ਼ ਕਬਜ਼ਾ ਨਹੀਂ ਕੀਤਾ ਜਾ ਰਿਹਾ ਬਲਕਿ ਕਨਾਲ ਦੇ ਮਕਾਨਾਂ ਵਾਲਿਆਂ ਦੀ ਸੁਰੱਖਿਆ ਲਈ ਇੱਥੇ ਪਹਿਲਾਂ ਲੱਗੀਆਂ ਲੋਹੇ ਦੀ ਗਰਿੱਲਾਂ ਦੀ ਥਾਂ ’ਤੇ ਦੀਵਾਰ ਬਣਾਈ ਜਾ ਰਹੀ ਹੈ ਤਾਂ ਜੋ ਇੱਥੇ ਟੱਪ ਕੇ ਆਉਣ ਵਾਲੇ ਲੋਕਾਂ ਨੂੰ ਰੋਕਿਆ ਜਾ ਸਕੇ।
ਦੀ ਹਾਊਸ ਓਨਰਜ ਵੈਲਫੇਅਰ ਸੁਸਾਇਟੀ ਫੇਜ਼-5 ਦੇ ਪ੍ਰਧਾਨ ਪੀਡੀ ਵਧਵਾ, ਜਨਰਲ ਸਕੱਤਰ ਜੈ ਸਿੰਘ ਸੈਹਬੀ ਅਤੇ ਹੋਰਨਾਂ ਅਹੁਦੇਦਾਰਾਂ ਕੀਰਤ ਸਿੰਘ, ਰਜਿੰਦਰ ਸਿੰਘ, ਬਲਾਸਮ ਸਿੰਘ, ਕਿਰਪਾਲ ਸਿੰਘ, ਜੇਐਸ ਸਿੱਧੂ ਨੇ ਕਿਹਾ ਕਿ ਧਰਾਨਾ ਭਵਨ ਦੇ ਨਾਲ ਲੱਗਦੀ ਥਾਂ ਤੇ ਇਸ ਦੀਵਾਰ ਦੀ ਉਸਾਰੀ ਕਾਰਨ ਇਹ ਪਾਰਕ ਦੋ ਹਿੱਸਿਆਂ ਵਿੱਚ ਵੰਡਿਆ ਜਾਵੇਗਾ ਅਤੇ ਇਹ ਉਸਾਰੀ ਇੱਥੋੱ ਦੇ ਇੱਕ ਵਸਨੀਕ ਵੱਲੋਂ ਨਿੱਜੀ ਤੌਰ ’ਤੇ ਮਜ਼ਦੂਰ ਲਗਾ ਕੇ ਕਰਵਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਇਸ ਪਾਰਕ ਦੀਆਂ ਪਿਛਲੇ ਪਾਸੇ ਦੀਆਂ ਟਾਇਲਾਂ ਤੋੜ ਕੇ ਦੀਵਾਰ ਦੀ ਉਸਾਰੀ ਕੀਤੀ ਜਾ ਰਹੀ ਹੈ ਅਤੇ ਇਸ ਮੌਕੇ ਦੀਵਾਰ ਦੀ ਉਸਾਰੀ ਕਰਵਾਉਣ ਵਾਲਿਆਂ ਵੱਲੋਂ ਇੱਥੇ ਕੁਝ ਦਰਖਤ ਵੀ ਕੱਟ ਦਿੱਤੇ ਗਏ ਹਨ। ਮੌਕੇ ਤੇ ਧਰਾਨਾ ਭਵਨ ਦੇ ਪਿਛਲੇ ਪਾਸੇ (ਪੈਦਲ ਚਲਣ ਵਾਲਿਆਂ ਲਈ ਬਣੇ ਟਰੈਕ ਦੇ ਨਾਲ) ਇੱਕ ਦੀਵਾਰ ਦੀਆਂ ਨੀਂਹਾਂ ਭਰਨ ਦਾ ਕੰਮ ਚਲ ਰਿਹਾ ਸੀ ਅਤੇ ਉੱਥੇ ਟਰੈਕ ਤੇ ਕੁੱਝ ਇੱਟਾਂ ਅਤੇ ਉਸਾਰੀ ਦਾ ਸਾਮਾਨ ਪਿਆ ਸੀ।
ਉਧਰ, ਦੂਜੇ ਪਾਸੇ ਦੀਵਾਰ ਦੀ ਉਸਾਰੀ ਕਰਵਾ ਰਹੇ ਕਨਾਲ ਹਾਉਸਿਸ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਐਸਐਸ ਲਹਿਲ ਨੇ ਕਿਹਾ ਕਿ ਇੱਥੇ ਨਾਜਾਇਜ ਕਬਜੇ ਵਾਲੀ ਕੋਈ ਗੱਲ ਨਹੀਂ ਹੈ ਬਲਕਿ ਪਾਰਕ ਵਿੱਚ ਘੁੰਮਦੇ ਵਿਹਲੜ ਮੁੰਡੇ ਕੁੜੀਆਂ ਅਤੇ ਹੋਰਨਾਂ ਸ਼ੱਕੀ ਕਿਸਮ ਦੇ ਵਿਅਕਤੀਆਂ ਦਾ ਲਾਂਘਾ ਰੋਕਣ ਲਈ ਇਸ ਦੀਵਾਰ ਦੀ ਉਸਾਰੀ ਕਰਵਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਇਸ ਥਾਂ ਤੇ ਪਹਿਲਾਂ ਲੋਹੇ ਦੀਆਂ ਗਰਿੱਲਾਂ ਲੱਗੀਆਂ ਹੋਈਆਂ ਸਨ ਪ੍ਰੰਤੂ ਲੋਕ ਉੱਥੋਂ ਟੱਪ ਕੇ ਆ ਜਾਂਦੇ ਸਨ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਐਸੋਸੀਏਸ਼ਨ ਵੱਲੋਂ ਆਪਣੇ ਮੈਂਬਰਾਂ ਦੇ ਪੈਸਿਆਂ ਨਾਲ ਇੱਥੇ ਸੀਸੀਟੀਵੀ ਕੈਮਰੇ ਅਤੇ ਸੁਰੱਖਿਆ ਗੇਟ ਵੀ ਲਗਵਾਏ ਗਏ ਹਨ ਪ੍ਰੰਤੂ ਇਨ੍ਹਾਂ ਗਰਿੱਲਾਂ ਤੋਂ ਲੋਕ ਟੱਪ ਕੇ ਆ ਜਾਂਦੇ ਸਨ ਅਤੇ ਇੱਥੇ ਵਾਰਦਾਤਾਂ ਦਾ ਖਤਰਾ ਰਹਿੰਦਾ ਸੀ। ਉਹਨਾਂ ਦੱਸਿਆ ਕਿ ਇਸ ਸਬੰਧੀ ਐਸੋਸੀਏਸ਼ਨ ਦੇ ਮੈਂਬਰਾਂ ਨੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਮਿਲ ਕੇ ਇਸ ਸਮੱਸਿਆ ਦਾ ਹੱਲ ਕਰਵਾਉਣ ਦੀ ਬੇਨਤੀ ਕੀਤੀ ਸੀ ਜਿਸ ਤੋਂ ਬਾਅਦ ਸ੍ਰੀ ਸਿੱਧੂ ਨੇ ਉਹਨਾਂ ਨੂੰ ਇੱਥੇ ਦੀਵਾਰ ਬਣਾਉਣ ਲਈ ਕਿਹਾ ਅਤੇ ਦੀਵਾਰ ਦੀ ਉਸਾਰੀ ਵਾਸਤੇ ਉਹਨਾਂ ਨੇ ਸੰਸਥਾ ਨੂੰ ਰਕਮ ਵੀ ਦਿੱਤੀ ਹੈ। ਉਹਨਾਂ ਕਿਹਾ ਕਿ ਇਸ ਥਾਂ ਤੇ ਦੀਵਾਰ ਬਣਨ ਨਾਲ ਇੱਥੇ ਸੁਰੱਖਿਆ ਦਾ ਮਾਹੌਲ ਬਣੇਗਾ ਅਤੇ ਇਹ ਦੀਵਾਰ ਕਿਸੇ ਦੀ ਨਿੱਜੀ ਵਰਤੋਂ ਵਾਸਤੇ ਨਹੀਂ ਉਸਾਰੀ ਜਾ ਰਹੀ ਇਸ ਲਈ ਇਸ ਤੇ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ। ਦਰਖ਼ਤ ਕੱਟਣ ਦੇ ਇਲਜਾਮ ਨੂੰ ਹਾਸੋਹੀਣਾ ਦੱਸਦਿਆਂ ਉਹਨਾਂ ਕਿਹਾ ਕਿ ਇਸ ਥਾਂ ਦੇ ਗਰਿੱਲ ਨੇੜੇ ਬੋਗਨਵਿਲਾ ਦੀਆਂ ਝਾੜੀਆਂ ਲਗਾਈਆਂ ਗਈਆਂ ਸਨ ਅਤੇ ਇਹਨਾਂ ਝਾੜੀਆਂ ਨੂੰ ਹੀ ਹਟਾਇਆ ਗਿਆ ਹੈ ਅਤੇ ਮੌਕੇ ਤੇ ਕਿਸੇ ਵੀ ਦਰਖ਼ਤ ਨੂੰ ਨੁਕਸਾਨ ਨਹੀਂ ਪਹੁੰਚਾਇਆ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਜਨਮ ਦਿਨ ਮੁਬਾਰਕ’ ਰਿਲੀਜ਼

ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਜਨਮ ਦਿਨ ਮੁਬਾਰਕ’ ਰਿਲੀਜ਼ ਨਬਜ਼-ਏ-ਪੰਜਾਬ, ਮੁਹਾਲੀ, 29 ਨਵੰਬਰ: ਇੱਥੋਂ ਦ…