Share on Facebook Share on Twitter Share on Google+ Share on Pinterest Share on Linkedin ਜਾਇਦਾਦਾਂ ਵੇਚ ਕੇ ਕਮਾਏ 2605 ਕਰੋੜ ’ਚੋਂ ਘੱਟੋ-ਘੱਟ 10 ਫੀਸਦੀ ਮੁਹਾਲੀ ਦੇ ਵਿਕਾਸ ’ਤੇ ਖ਼ਰਚੇ ਗਮਾਡਾ ਡਿਪਟੀ ਮੇਅਰ ਕੁਲਜੀਤ ਬੇਦੀ ਨੇ ਮੁਹਾਲੀ ਨਗਰ ਨਿਗਮ ਨੂੰ 250 ਕਰੋੜ ਰੁਪਏ ਦੇਣ ਲਈ ਮੁੱਖ ਮੰਤਰੀ ਨੂੰ ਲਿਖਿਆ ਪੱਤਰ ਨਬਜ਼-ਏ-ਪੰਜਾਬ, ਮੁਹਾਲੀ, 24 ਸਤੰਬਰ: ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਪਿਛਲੇ ਦਿਨੀਂ ਵੱਖ-ਵੱਖ ਜਾਇਦਾਦਾਂ ਦੀ ਈ-ਨਿਲਾਮੀ ਲਈ ਕਮਾਏ 2605 ਕਰੋੜ ਰੁਪਏ ’ਚੋਂ ਲੋੜ ਅਨੁਸਾਰ ਫੰਡ ਸ਼ਹਿਰ ਦੇ ਸਰਬਪੱਖੀ ਵਿਕਾਸ ’ਤੇ ਖ਼ਰਚ ਕਰਨ ਦੀ ਮੰਗ ਨੇ ਜ਼ੋਰ ਫੜ ਲਿਆ ਹੈ। ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਗਮਾਡਾ ਦੀ 2605 ਕਰੋੜ ਦੀ ਕਮਾਈ ’ਚੋਂ ਘੱਟੋ-ਘੱਟ 10 ਫੀਸਦੀ ਰਾਸ਼ੀ (260 ਕਰੋੜ ਰੁਪਏ) ਵਿਕਾਸ ਕੰਮਾਂ ਲਈ ਨਗਰ ਨਿਗਮ ਨੂੰ ਦਿੱਤੀ ਜਾਵੇ। ਉਨ੍ਹਾਂ ਇਸ ਪੱਤਰ ਦੀ ਇੱਕ ਕਾਪੀ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਵੀ ਭੇਜੀ ਹੈ। ਕੁਲਜੀਤ ਬੇਦੀ ਨੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਗਮਾਡਾ ਨੇ ਕਾਂਗਰਸ ਸਰਕਾਰ ਸਮੇਂ ਮੁਹਾਲੀ ਨਿਗਮ ਨਾਲ ਇਹ ਸਮਝੌਤਾ ਕੀਤਾ ਸੀ ਕਿ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਕਰਵਾਏ ਜਾਂਦੇ ਵਿਕਾਸ ਕਾਰਜਾਂ ਲਈ 25 ਫੀਸਦੀ ਹਿੱਸਾ ਗਮਾਡਾ ਵੱਲੋਂ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਵੀ ਗਮਾਡਾ ਨਾਲ ਇੱਕ ਸਮਝੌਤਾ ਹੋਇਆ ਸੀ। ਜਿਸ ਤਹਿਤ ਸ਼ਹਿਰ ਦੇ ਪਾਰਕਾਂ ਨੂੰ ਸੈਰਗਾਹ ਵਜੋਂ ਵਿਕਸਤ ਕਰਨ ਲਈ 50 ਕਰੋੜ ਰੁਪਏ ਹਰ ਸਾਲ ਨਗਰ ਨਿਗਮ ਨੂੰ ਦੇਣੇ ਕੀਤੇ ਸੀ ਪਰ ਗਮਾਡਾ ਨੇ ਪੂਰੇ ਪੈਸੇ ਨਹੀਂ ਦਿੱਤੇ। ਸਾਲ 2021-22 ਵਿੱਚ ਗਮਾਡਾ ਵੱਲੋਂ ਨਗਰ ਨਿਗਮ ਨੂੰ 16 ਕਰੋੜ, ਸਾਲ 2022-23 ਵਿੱਚ 15.81 ਕਰੋੜ, ਸਾਲ 2023-24 ਵਿੱਚ 17.08 ਕਰੋੜ ਦਿੱਤੇ ਗਏ ਜੋ 25 ਫੀਸਦੀ ਸਮਝੌਤੇ ਤਹਿਤ ਨਿਗਮ ਨੂੰ ਮਿਲੇ ਹਨ। ਮੌਜੂਦਾ ਸਾਲ 2024-25 ਖ਼ਤਮ ਹੋਣ ਵਾਲਾ ਹੈ ਪਰ ਹਾਲੇ ਤੱਕ ਗਮਾਡਾ ਵੱਲੋਂ 25 ਫੀਸਦੀ ਸਮਝੌਤੇ ਤਹਿਤ ਇੱਕ ਧੇਲਾ ਵੀ ਨਹੀਂ ਦਿੱਤਾ। ਗਮਾਡਾ ਦੀ ਅਣਦੇਖੀ ਕਾਰਨ ਸ਼ਹਿਰ ਦਾ ਵਿਕਾਸ ਪ੍ਰਭਾਵਿਤ ਹੋ ਰਹੇ ਹਨ ਅਤੇ ਜ਼ਿਆਦਾਤਰ ਸੜਕਾਂ ਦੀ ਹਾਲਤ ਖਸਤਾ ਬਣੀ ਹੋਈ ਹੈ। ਡਿਪਟੀ ਮੇਅਰ ਨੇ ਕਿਹਾ ਕਿ ਜਿਵੇਂ ਜਿਵੇਂ ਮੁਹਾਲੀ ਵਿਕਸਿਤ ਹੋ ਰਿਹਾ ਹੈ, ਓਵੇਂ ਓਵੇਂ ਸ਼ਹਿਰ ਪ੍ਰਤੀ ਨਗਰ ਨਿਗਮ ਦੀਆਂ ਜ਼ਿੰਮੇਵਾਰੀਆਂ ਵੀ ਵਧ ਰਹੀਆਂ ਹਨ। ਸ਼ਹਿਰ ਦੀਆਂ ਮੁੱਖ ਸੜਕਾਂ ਅਤੇ ‘ਬੀ’ ਸੜਕਾਂ ਦੀ ਮਕੈਨੀਕਲ ਸਫ਼ਾਈ ਲਈ ਗਮਾਡਾ ਨੇ ਮਸ਼ੀਨਰੀ ਦੀ ਖ਼ਰੀਦ ਲਈ 10 ਕਰੋੜ ਦੇਣੇ ਸਨ ਜੋ ਹਾਲੇ ਤੱਕ ਨਹੀਂ ਦਿੱਤੇ ਗਏ ਜਦੋਂਕਿ ਠੇਕੇਦਾਰ ਵੱਲੋਂ ਖ਼ੁਦ ਪੈਸੇ ਖ਼ਰਚ ਕੇ ਦੋ ਗੱਡੀਆਂ ਮੰਗਵਾਈਆਂ ਗਈਆਂ ਹਨ ਅਤੇ ਬਾਕੀ ਦੋ ਗੱਡੀਆਂ ਹੋਰ ਆਉਣੀਆਂ ਹਨ। ਮੁਹਾਲੀ ਵਿੱਚ ਜਲ ਨਿਕਾਸੀ ਦਾ ਬੁਰਾ ਹਾਲ ਹੈ ਅਤੇ ਲੋਕਾਂ ਦੇ ਘਰਾਂ ਵਿੱਚ ਬਰਸਾਤੀ ਪਾਣੀ ਦਾਖ਼ਲ ਹੋਣ ਕਾਰਨ ਕਾਫ਼ੀ ਨੁਕਸਾਨ ਹੁੰਦਾ ਹੈ। ਇਸ ਦੇ ਪ੍ਰਬੰਧ ਲਈ ਘੱਟੋ-ਘੱਟ 100 ਕਰੋੜ ਦੀ ਲੋੜ ਹੈ। ਇਸੇ ਤਰ੍ਹਾਂ ਮੁਹਾਲੀ ਵਿੱਚ ਸੀਵਰੇਜ ਦਾ ਡਾਟ ਸਿਸਟਮ ਪਿਆ ਹੋਇਆ ਹੈ ਜਿਸ ਦੀ ਮਿਆਦ ਪੁੱਗ ਚੁੱਕੀ ਹੈ ਅਤੇ ਕਈ ਥਾਵਾਂ ਤੋਂ ਤਹਿਸ-ਨਹਿਸ ਹੋ ਗਿਆ ਹੈ। ਜਿਸ ਕਾਰਨ ਥਾਂ-ਥਾਂ ’ਤੇ ਸੀਵਰੇਜ ਜਾਮ ਰਹਿੰਦਾ ਹੈ ਅਤੇ ਗੰਦਾ ਪਾਣੀ ਓਵਰਫ਼ਲੋ ਹੋਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਹੈ ਅਤੇ ਬਿਮਾਰੀਆਂ ਫੈਲਣ ਦਾ ਵੀ ਖ਼ਦਸ਼ਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ