ਆਟਾ-ਦਾਲ ਸਕੀਮ: ਮੁਹਾਲੀ ਵਿੱਚ 40 ਥਾਵਾਂ ’ਤੇ ਖੱੁਲ੍ਹਣਗੀਆਂ ਮਾਡਲ ਫ਼ੇਅਰ ਪ੍ਰਾਈਸ ਦੁਕਾਨਾਂ

ਡੀਸੀ ਆਸ਼ਿਕਾ ਜੈਨ ਨੇ ਦੁਕਾਨਾਂ ਖੋਲ੍ਹਣ ਦੀ ਪ੍ਰਗਤੀ ਦਾ ਕੀਤਾ ਮੁਲਾਂਕਣ, ਜ਼ਰੂਰੀ ਹਦਾਇਤਾਂ ਜਾਰੀ

ਨਬਜ਼-ਏ-ਪੰਜਾਬ, ਮੁਹਾਲੀ, 1 ਨਵੰਬਰ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਉਨ੍ਹਾਂ ਪਿੰਡਾਂ ਜਿੱਥੇ ਰਾਸ਼ਨ ਡਿੱਪੂ ਨਹੀਂ ਹਨ, ਉੱਥੇ ਮਾਡਲ ਫ਼ੇਅਰ ਪ੍ਰਾਈਸ ਸ਼ਾਪਸ (ਰਾਸ਼ਨ ਦੀਆਂ ਦੁਕਾਨਾਂ) ਖੋਲ੍ਹੀਆਂ ਜਾਣਗੀਆਂ। ਇਸ ਸਬੰਧੀ ਪ੍ਰਕਿਰਿਆ ਜੰਗੀ ਪੱਧਰ ’ਤੇ ਚੱਲ ਰਹੀ ਹੈ। ਪਹਿਲੇ ਪੜ੍ਹਾਅ ਵਿੱਚ 40 ਦੁਕਾਨਾਂ ਖੋਲ੍ਹੀਆਂ ਜਾਣਗੀਆਂ। ਇਹ ਜਾਣਕਾਰੀ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਦਿੱਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਮਾਡਲ ਫ਼ੇਅਰ ਪ੍ਰਾਈਸ ਦੁਕਾਨਾਂ ਦੀ ਪ੍ਰਗਤੀ ਦਾ ਮੁਲਾਂਕਣ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਰਾਸ਼ਨ ਦੁਕਾਨਾਂ ਨੂੰ ਮਾਰਕਫੈੱਡ ਵੱਲੋਂ ਚਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਭਰ ਵਿੱਚ ਇਨ੍ਹਾਂ ਮਾਡਲ ਫ਼ੇਅਰ ਪ੍ਰਾਈਸ ਦੁਕਾਨਾਂ ਰਾਹੀਂ ਸਮਾਰਟ ਕਾਰਡ ’ਤੇ ਮਿਲਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹਨ। ਭਵਿੱਖ ਵਿੱਚ ਇਹ ਦੁਕਾਨ ਘਰ-ਘਰ ਆਟਾ ਪਹੁੰਚਾਉਣ ਦੀ ਯੋਜਨਾ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ।
ਡੀਸੀ ਆਸ਼ਿਕਾ ਜੈਨ ਨੇ ਦੱਸਿਆ ਕਿ ਮੁਹਾਲੀ ਨੇੜਲੇ ਪਿੰਡਾਂ ਬਹਿਲੋਲਪੁਰ, ਦੈੜੀ, ਮਨਾਣਾ, ਮਨੌਲੀ, ਸਵਾੜਾ, ਕੰਸਾਲਾ, ਚਡਿਆਲਾ, ਹਿਮਾਂਯੂਪੁਰ, ਸਮਗੌਲੀ, ਜੌਲਾ ਖ਼ੁਰਦ, ਲਾਲੜੂ, ਸੰਗਤਪੁਰਾ, ਖਿਜ਼ਰਾਬਾਦ, ਨਿਹੋਲਕਾ, ਝਿੰਗੜਾਂ ਕਲਾਂ, ਦੁਸਾਰਨਾ, ਨੱਗਲੀਆਂ ਅਤੇ ਪੜੌਲ ਵਿੱਚ ਦੁਕਾਨਾਂ ਲਈ ਥਾਂ ਸ਼ਨਾਖ਼ਤ ਕਰਕੇ ਨਵੀਨੀਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਜਦਕਿ ਬਾਕੀ ਥਾਵਾਂ ’ਤੇ ਕੰਮ ਸ਼ੁਰੂ ਕੀਤਾ ਜਾਣਾ ਬਾਕੀ ਹੈ। ਉਨ੍ਹਾਂ ਦੱਸਿਆ ਕਿ ਇੱਕ ਦੁਕਾਨ 200 ਵਰਗ ਮੀਟਰ ਵਿੱਚ ਬਣਾਈ ਜਾਵੇਗੀ। ਜਿੱਥੇ ਮਾਰਕਫੈੱਡ ਵੱਲੋਂ ਸਮਾਰਟ ਕਾਰਡ (ਆਟਾ-ਦਾਲ ਕਾਰਡ) ਦੇ ਲਾਭਪਾਤਰੀਆਂ ਨੂੰ ਮਿਲਣ ਵਾਲਾ ਰਾਸ਼ਨ ਸਪਲਾਈ ਕਰਨ ਦੇ ਨਾਲ-ਨਾਲ ਮਾਰਕਫੈੱਡ ਉਤਪਾਦ ਵੀ ਵੇਚੇ ਜਾ ਸਕਣਗੇ।
ਡੀਸੀ ਆਸ਼ਿਕਾ ਜੈਨ ਨੇ ਮੀਟਿੰਗ ਵਿੱਚ ਹਾਜ਼ਰ ਏਡੀਸੀ (ਜਨਰਲ) ਵਿਰਾਜ ਐਸ ਤਿੜਕੇ, ਐਸਡੀਐਮ ਚੰਦਰ ਜਯੋਤੀ ਸਿੰਘ, ਐਸਡੀਐਮ ਖਰੜ ਗੁਰਬੀਰ ਸਿੰਘ ਕੋਹਲੀ, ਐਸਡੀਐਮ ਡੇਰਾਬੱਸੀ ਹਿਮਾਂਸ਼ੁ ਗੁਪਤਾ, ਮਾਰਕਫੈੱਡ ਦੇ ਡੀਐਮ ਨਵਿਤਾ, ਡੀਡੀਪੀਓ ਅਮਨਿੰਦਰ ਪਾਲ ਸਿੰਘ ਚੌਹਾਨ ਅਤੇ ਉਪ ਰਜਿਸਟ੍ਰਾਰ ਸਹਿਕਾਰੀ ਸਭਾਵਾਂ ਗੁਰਬੀਰ ਸਿੰਘ ਢਿੱਲੋਂ ਨੂੰ ਜ਼ੋਰ ਦੇ ਕੇ ਆਖਿਆ ਕਿ ਬਾਕੀ ਰਹਿੰਦੀਆਂ ਥਾਵਾਂ ਦਾ ਦੌਰਾ ਕਰਕੇ ਉਨ੍ਹਾਂ ਨੂੰ ਅੰਤਿਮ ਰੂਪ ਦਿੱਤਾ ਜਾਵੇ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 7 …