
ਅਟਾਰੀ ਸਰਹੱਦ ਵਿਖੇ ਭਾਰਤ ਦੇ ਨਵ ਨਿਰਮਾਣ ਦੀ ਸਹੁੰ ਚੁੱਕੀ
ਦੇਸ਼ ਭਰ ‘ਚੋਂ ਆਏ ਹਜ਼ਾਰਾਂ ਲੋਕਾਂ ਨੇ ਲਿਆ ਉਤਸ਼ਾਹ ਨਾਲ ਭਾਗ
ਕੁਲਜੀਤ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਅੰਮ੍ਰਿਤਸਰ, 23 ਅਗਸਤ:
ਭਾਰਤ ਨੂੰ ਗਰੀਬੀ, ਅੱਤਵਾਦ ਅਤੇ ਭ੍ਰਿਸ਼ਟਾਚਾਰ ਤੋਂ ਮੁਕਤ ਬਨਾਉਣ ਦੇ ਨਾਲ-ਨਾਲ ਜਾਤੀਵਾਦ ਮੁਕਤ ਅਤੇ ਸਾਫ਼-ਸੁਥਰਾ ਬਨਾਉਣ ਲਈ ਅੱਜ ਦੇਸ਼ ਭਰ ‘ਚੋਂ ਆਏ ਹਜ਼ਾਰਾਂ ਦੇਸ਼ ਵਾਸੀਆਂ ਨੇ ਗਵਾਂਢੀ ਮੁਲਕ ਨਾਲ ਲਗਦੀ ਅਟਾਰੀ ਸਥਿਤ ਸੰਯੁਕਤ ਜਾਂਚ-ਚੌਂਕੀ ਵਿਖੇ ਇੱਕ ਨਵੇਂ ਭਾਰਤ ਦੇ ਨਿਰਮਾਣ ਦੀ ਸਹੁੰ ਚੁੱਕੀ।ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਅੰਮ੍ਰਿਤਸਰ ਸਥਿਤ ਖੇਤਰੀ ਪ੍ਰਚਾਰ ਇਕਾਈ ਵਲੋਂ ਸੀਮਾ ਸੁਰੱਖਿਆ ਬਲ ਦੇ ਸਹਿਯੋਗ ਨਾਲ ਇੱਥੇ ਕਰਵਾਏ ਗਏ ਇਸ ਵਿਸ਼ੇਸ਼ ਸਹੁੰ ਚੁੱਕ ਸਮਾਰੋਹ ਵਿਚ ਸ਼ਿਰਕਤ ਕਰਦਿਆਂ ਹਜ਼ਾਰਾਂ ਦੀ ਗਿਣਤੀ ‘ਚ ਮੌਜੂਦ ਦੇਸ਼ ਵਾਸੀਆਂ ਨੇ ਇੱਕ ਆਵਾਜ਼ ਵਿਚ ਦੇਸ਼ ਦੀ ਹੋਰ ਤਰੱਕੀ ਅਤੇ ਵਿਕਾਸ ਦੇ ਨਾਲ ਹੀ ਉਸ ਨੂੰ ਮਜਬੂਤ ਕਰਨ ਦੀ ਵੀ ਸਹੁੰ ਚੁੱਕੀ।ਖੇਤਰੀ ਪ੍ਰਚਾਰ ਅਧਿਕਾਰੀ ਰਾਜ਼ੇਸ ਬਾਲੀ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਭਾਰਤ ਨੂੰ ਬੁਲੰਦੀਆਂ ‘ਤੇ ਪਹੁੰਚਾਉਣ ਦੇ ਵਾਅਦੇ ਦਾ ਜਿਕਰ ਕਰਦਿਆਂ ਇਹ ਸਹੁੰ ਚੁਕਾਦਿਆਂ ਦੇਸ਼ ਵਾਸੀਆਂ ਦੇ ਜਜ਼ਬੇ ਨੂੰ ਸਲਾਮ ਕਰਦਿਆਂ ਕਿਹਾ ਕਿ ਜਦੋਂ ਦੇਸ਼ ਵਾਸੀ ਇੱਕਜੁਟ ਹੋਕੇ ਅਜਿਹਾ ਸੰਕਲਪ ਲੈਣਗੇ ਤਾਂ ਦੇਸ਼ ਹਰ-ਹਾਲ ਵਿਚ ਤਰੱਕੀ ਕਰੇਗਾ। ਇਸ ਮੌਕੇ ‘ਤੇ ਸੀਮਾ ਸੁਰੱਖਿਆ ਬਲ, ਪੰਜਾਬ ਫਰੰਟੀਅਰ ਦੇ ਇੰਸਪੈਕਟਰ ਜਨਰਲ ਮੁਕਲ ਗੋਇਲ ਨੇ ਝੰਡਾ ਉਤਾਰਨ ਦੀ ਰਸਮ ਵੇਖਣ ਆਏ ਦੇਸ਼ਵਾਸੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਬਾਲੀ ਨੇ ਦੱਸਿਆ ਕਿ ਇਸੇ ਲੜੀ ਵਿਚ 24 ਅਤੇ 25 ਅਗਸਤ ਨੂੰ ਅਟਾਰੀ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ‘ਨਵੇਂ ਭਾਰਤ ਦਾ ਮੰਥਨ-ਸੰਕਲਪ ਨਾਲ ਸਿਧੀ ‘ ਵਿਸ਼ੇ ‘ਤੇ ਦੋ -ਦਿਨਾਂ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਸ ਵਿਚ ਸਕੂਲੀ ਵਿਦਿਆਰਥੀਆਂ ਵਿਚ ਦੇਸ਼ ਪ੍ਰਤੀ ਲਗਨ ਜਗਾਉਣ ਲਈ ਵੱਖ-ਵੱਖ ਮੁਕਾਬਲੇ ਕਰਵਾਏ ਜਾਣਗੇ। ਇਸ ਦੋ-ਦਿਨਾਂ ਪ੍ਰੋਗਰਾਮ ਦੇ ਆਖਰੀ ਦਿਨ 25 ਅਗਸਤ ਨੂੰ ਆਜ਼ਾਦੀ ਘੁਲਾਟੀਆਂ ਅਤੇ ਸਾਬਕਾ ਫੌਜੀਆਂ ਨਾਲ ਨੌਜਵਾਨਾਂ ਵਿਚ ਦੇਸ਼ ਭਗਤੀ ਦਾ ਜਜ਼ਬਾ ਹੋਰ ਮਕਬੂਲ ਕਰਨ ਲਈ ਮੇਲ-ਮਿਲਾਪ ਵੀ ਕਰਵਾਇਆ ਜਾਵੇਗਾ। ਮੰਤਰਾਲੇ ਦੇ ਗੀਤ ਅਤੇ ਨਾਟਕ ਵਿਭਾਗ ਦੇ ਕਲਾਕਾਰਾਂ ਵਲੋਂ ਭੰਗੜੇ ਦੀ ਪੇਸ਼ਕਾਰੀ ਨੇ ਉਥੇ ਮੌਜੂਦ ਲੋਕਾਂ ਨੂੰ ਕੀਲਿਆ। ਇਸ ਤੋਂ ਬਾਅਦ ਸੀਮਾ ਸੁਰੱਖਿਆ ਬਲ ਵਲੋਂ ਤਿਰੰਗਾ ਉਤਾਰਣ ਦੀ ਰਸਮ ਪੂਰੇ ਮਾਨ-ਸਨਮਾਨ ਨਾਲ ਪੂਰਨ ਕੀਤੀ ਗਈ।