nabaz-e-punjab.com

ਐਸਟੀਐਫ਼ ਮੁਹਾਲੀ ਵੱਲੋਂ ਇੱਕ ਕਿੱਲੋ ਹੈਰੋਇਨ ਸਮੇਤ ਨਾਇਜੀਰੀਅਨ ਗ੍ਰਿਫ਼ਤਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਅਗਸਤ:
ਪੰਜਾਬ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ (ਐਸਟੀਐਫ਼) ਵੱਲੋਂ ਨਸ਼ਿਆਂ ਦੇ ਖ਼ਿਲਾਫ਼ ਵਿੱਢੀ ਵਿਸ਼ੇਸ਼ ਮੁਹਿੰਮ ਦੇ ਤਹਿਤ ਇੱਕ ਨਾਇਜੀਰੀਅਨ ਆਸਟਿਨ ਕਕੈਰੀ ਨੂੰ ਇੱਕ ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਐਸਟੀਐਫ਼ ਦੀ ਇਹ ਚੌਥੀ ਵੱਡੀ ਪ੍ਰਾਪਤੀ ਹੈ। ਇਸ ਤੋਂ ਪਹਿਲਾਂ ਹੀ ਐਸਟੀਐਫ਼ ਵੱਲੋਂ ਵੱਖ ਵੱਖ ਮਾਮਲਿਆਂ ਵਿੱਚ ਤਿੰਨ ਨਾਇਜੀਰੀਅਨਾਂ ਨੂੰ ਕਰੀਬ ਤਿੰਨ ਕਿੱਲੋਂ ਹੈਰੋਇਨ ਸਮੇਤ ਗ੍ਰਿਫ਼ਤਾਰ ਜਾ ਚੁੱਕਾ ਹੈ। ਜੋ ਇਸ ਸਮੇਂ ਨਿਆਇਕ ਹਿਰਾਸਤ ਅਧੀਨ ਜੇਲ੍ਹ ਵਿੱਚ ਹਨ।
ਅੱਜ ਇੱਥੇ ਐਸਟੀਐਫ਼ ਰੂਪਨਗਰ ਰੇਂਜ ਦੇ ਏਆਈਜੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਨਾਇਜੀਰੀਅਨ ਮੁਹਾਲੀ ਰੇਲਵੇ ਸਟੇਸ਼ਨ ਤੋਂ ਬਾਵਾ ਵਾਈਟ ਹਾਊਸ ਵੱਲ ਆ ਰਿਹਾ ਹੈ ਜੋ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦਾ ਹੈ। ਸੂਚਨਾ ਮਿਲਣ ’ਤੇ ਐਸਟੀਐਫ਼ ਥਾਣਾ ਦੇ ਐਸਐਚਓ ਰਾਮ ਦਰਸ਼ਨ ਨੇ ਬਾਵਾ ਵਾਈਟ ਹਾਊਸ ਨੇੜੇ ਨਾਕਾਬੰਦੀ ਕਰਕੇ ਨਾਇਜੀਰੀਅਨ ਆਸਟਿਨ ਕਕੈਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਦੀ ਤਲਾਸ਼ੀ ਲੈਣ ’ਤੇ ਮੁਲਜ਼ਮ ਕੋਲੋਂ ਇੱਕ ਕਿੱਲੋ ਹੈਰੋਇਨ ਬਰਾਮਦ ਕੀਤੀ ਗਈ।
ਏਆਈਜੀ ਨੇ ਦੱਸਿਆ ਕਿ ਨਾਇਜੀਰੀਅਨ ਆਸਟਿਨ ਕਕੈਰੀ 4 ਮਾਰਚ 2017 ਨੂੰ ਟੂਰਿਸਟ ਵੀਜ਼ੇ ’ਤੇ ਭਾਰਤ ਆਇਆ ਸੀ ਅਤੇ ਮੌਜੂਦਾ ਸਮੇਂ ਵਿੱਚ ਭਗਵਤੀ ਗਾਰਡਨ ਨਵੀਂ ਦਿੱਲੀ ਵਿੱਚ ਮਕਾਨ ਕਿਰਾਏ ’ਤੇ ਲੈ ਕੇ ਰਹਿ ਰਿਹਾ ਸੀ। ਮੁਲਜ਼ਮ ਦਾ ਵੀਜ਼ਾ 6 ਮਹੀਨੇ ਲਈ ਲੱਗਿਆ ਸੀ ਜੋ ਸਤੰਬਰ 2017 ਵਿੱਚ ਖ਼ਤਮ ਹੋ ਗਿਆ ਸੀ। ਇਸ ਦੌਰਾਨ ਉਸ ਦਾ ਪਾਸਪੋਰਟ ਵੀ ਗੁੰਮ ਹੋ ਗਿਆ। ਇਸ ਮਗਰੋਂ ਉਹ ਦਿੱਲੀ ਦੇ ਇੱਕ ਸਲੂਨ ਵਿੱਚ ਕੰਮ ਕਰਨ ਲੱਗ ਪਿਆ ਸੀ। ਪੁਲੀਸ ਅਨੁਸਾਰ ਕਰੀਬ 3 ਮਹੀਨੇ ਪਹਿਲਾਂ ਮੁਲਜ਼ਮ ਨੂੰ ਅਫ਼ਗਾਨ ਦਾ ਇੱਕ ਵਿਅਕਤੀ ਦਵਾਰਕਾ ਮੋੜ ’ਤੇ ਮਿਲਿਆ ਸੀ, ਜੋ ਕਿ ਦਿੱਲੀ ਵਿੱਚ ਹੀ ਰਹਿੰਦਾ ਹੈ ਅਤੇ ਹੈਰੋਇਨ ਦਾ ਮੁੱਖ ਸਪਲਾਇਰ ਹੈ। ਪੈਸਿਆਂ ਦੇ ਲਾਲਚ ਵਿੱਚ ਆ ਕੇ ਮੁਲਜ਼ਮ ਕਕੈਰੀ ਵੀ ਨਸ਼ਾ ਸਪਲਾਈ ਕਰਨ ਲੱਗ ਪਿਆ ਅਤੇ ਨਸ਼ਾ ਲੈਣ ਉਹ ਦੋਵੇਂ ਹਮੇਸ਼ਾ ਦਵਾਰਕਾ ਰੋਡ ਉੱਤੇ ਹੀ ਮਿਲਦੇ ਸਨ। ਦੱਸਿਆ ਗਿਆ ਹੈ ਕਿ ਮੁਲਜ਼ਮ ਨਾਇਜੀਰੀਅਨ ਉਕਤ ਅਫ਼ਗਾਨ ਨਾਗਰਿਕ ਤੋਂ 800 ਰੁਪਏ ਪ੍ਰਤੀ ਗ੍ਰਾਮ ਦੇ ਹਿਸਾਬ ਨਾਲ ਹੈਰੋਇਨ ਖਰੀਦਦਾ ਸੀ ਅਤੇ ਮੁਹਾਲੀ, ਚੰਡੀਗੜ੍ਹ ਸਮੇਤ ਪੰਜਾਬ ਭਰ ਵਿੱਚ 1500 ਤੋਂ 2 ਹਜ਼ਾਰ ਪ੍ਰਤੀ ਗਰਾਮ ਵੇਚਦਾ ਸੀ। ਜਿਸ ਨਾਲ ਉਸ ਨੂੰ ਕਾਫੀ ਮੁਨਾਫ਼ਾ ਹੁੰਦਾ ਸੀ। ਏਆਈਜੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਐਸਟੀਐਫ਼ ਮੁਹਾਲੀ ਵੱਲੋਂ ਹੁਣ ਤੱਕ 24 ਨਾਇਜੀਰੀਅਨ ਗ੍ਰਿਫ਼ਤਾਰ ਕੀਤੇ ਗਏ ਹਨ। ਜਿਨ੍ਹਾਂ ਵਿੱਚ ਤਿੰਨ ਨਾਇਜੀਰੀਅਨ ਅੌਰਤਾਂ ਵੀ ਸ਼ਾਮਲ ਹਨ।

Load More Related Articles
Load More By Nabaz-e-Punjab
Load More In General News

Check Also

ਮਨੁੱਖਤਾ ਅਤੇ ਦਿਆਲਤਾ ਦੀ ਮੂਰਤੀ ਸਨ: ਬੀਬੀ ਜਰਨੈਲ ਕੌਰ ਰਾਮੂਵਾਲੀਆ

ਮਨੁੱਖਤਾ ਅਤੇ ਦਿਆਲਤਾ ਦੀ ਮੂਰਤੀ ਸਨ: ਬੀਬੀ ਜਰਨੈਲ ਕੌਰ ਰਾਮੂਵਾਲੀਆ ਬੀਬੀ ਜਰਨੈਲ ਕੌਰ ਰਾਮੂਵਾਲੀਆ ਨਮਿੱਤ ਅੰ…