Nabaz-e-punjab.com

ਏਟੀਐਮ ਠੱਗੀ: ਮੁਹਾਲੀ ਪੁਲੀਸ ਵੱਲੋਂ ਦੋ ਮੁਲਜ਼ਮ ਪ੍ਰੋਡਕਸ਼ਨ ਵਰੰਟ ’ਤੇ ਗ੍ਰਿਫ਼ਤਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਜੂਨ:
ਮੁਹਾਲੀ ਪੁਲੀਸ ਨੇ ਏਟੀਐਮ ’ਚੋਂ ਪੈਸੇ ਕਢਵਾਉਣ ਵੇਲੇ ਚਲਾਕੀ ਨਾਲ ਭੋਲੇ ਭਾਲੇ ਲੋਕਾਂ ਦੇ ਏਟੀਐਮ ਕਾਰਡ ਬਦਲ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਰੰਟਾਂ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਏਐਸਆਈ ਨਿਰਮਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਕੁਲਦੀਪ ਸਿੰਘ ਉਰਫ਼ ਗੁੱਡੂ ਵਾਸੀ ਯੂਪੀ ਨੂੰ ਰੂਪਨਗਰ ਜੇਲ੍ਹ ’ਚੋਂ ਪ੍ਰੋਡਕਸ਼ਨ ਵਾਰੰਟ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰੀ ਤੋਂ ਪਹਿਲਾਂ ਉਹ ਕੁਰਾਲੀ ਨੇੜਲੇ ਪੜੌਲ ਪਿੰਡ ਵਿੱਚ ਰਹਿੰਦਾ ਸੀ। ਜਦੋਂਕਿ ਦੂਜਾ ਮੁਲਜ਼ਮ ਮੋਨੂੰ ਕੁਮਾਰ ਵਾਸੀ ਯੂਪੀ ਨੂੰ ਚੰਡੀਗੜ੍ਹ ਜੇਲ੍ਹ ’ਚੋਂ ਪ੍ਰੋਡਕਸ਼ਨ ਵਰੰਟ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰੀ ਤੋਂ ਪਹਿਲਾਂ ਉਹ ਯੂਟੀ ਦੇ ਪਿੰਡ ਡੱਡੂਮਾਜਰਾ ਵਿੱਚ ਆਪਣੀ ਭੂਆ ਕੋਲ ਰਹਿੰਦਾ ਸੀ। ਇਹ ਦੋਵੇਂ ਚਰੇਰੇ ਭਰਾ ਹਨ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਪੀੜਤ ਬਾਜਇੰਦਰ ਸਿੰਘ ਵਾਸੀ ਫੇਜ਼-11 ਦੀ ਸ਼ਿਕਾਇਤ ’ਤੇ ਬੀਤੀ 25 ਮਾਰਚ ਨੂੰ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਉਕਤ ਦੋਵੇਂ ਮੁਲਜ਼ਮਾਂ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਘਟਨਾ ਵਾਲੇ ਦਿਨ ਸ਼ਿਕਾਇਤ ਕਰਤਾ ਦਾ ਬਜ਼ੁਰਗ ਪਿਤਾ ਬੈਂਕ ਦੇ ਏਟੀਐਮ ’ਚੋਂ ਪੈਸੇ ਕਢਵਾਉਣ ਗਿਆ ਸੀ। ਜਿਵੇਂ ਹੀ ਬਜ਼ੁਰਗ ਏਟੀਐਮ ਦੇ ਬਾਹਰ ਲਾਈਨ ਵਿੱਚ ਲੱਗਾ ਤਾਂ ਇਸ ਦੌਰਾਨ ਉਕਤ ਮੁਲਜ਼ਮ ਵੀ ਉਨ੍ਹਾਂ ਦੇ ਪਿੱਛੇ ਆ ਕੇ ਖੜੇ ਹੋ ਗਏ ਅਤੇ ਸਾਜ਼ਿਸ਼ ਤਹਿਤ ਉਨ੍ਹਾਂ ਨੇ ਧੱਕਾ ਵੱਜਣ ਦਾ ਡਰਾਮਾ ਕੀਤਾ। ਜਿਸ ਕਾਰਨ ਬਜ਼ੁਰਗ ਦੇ ਹੱਥੋਂ ਉਸ ਦਾ ਏਟੀਐਮ ਜ਼ਮੀਨ ’ਤੇ ਡਿੱਗ ਪਿਆ। ਮੁਲਜ਼ਮਾਂ ਨੇ ਬੜੀ ਚਲਾਕੀ ਨਾਲ ਪੀੜਤ ਦਾ ਏਟੀਐਮ ਕਾਰਡ ਬਦਲ ਲਿਆ ਅਤੇ ਪੈਸੇ ਕਢਵਾਉਣ ਵੇਲੇ ਹੁਸ਼ਿਆਰੀ ਨਾਲ ਪਾਸਵਰਡ ਪਤਾ ਕਰ ਲਿਆ। ਬਜ਼ੁਰਗ ਦੇ ਉੱਥੋਂ ਜਾਣ ਮਗਰੋਂ ਮੁਲਜ਼ਮਾਂ ਨੇ ਪੀੜਤ ਦੇ ਖ਼ਾਤੇ ’ਚੋਂ ਇਕ ਲੱਖ ਰੁਪਏ ਕਢਵਾ ਲਏ ਗਏ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਨੇ ਦੋਵੇਂ ਮੁਲਜ਼ਮਾਂ ਨੂੰ 24 ਜੂਨ ਤੱਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…