ਏਟੀਐਮ ਧੋਖਾਧੜੀ: ਮੁਹਾਲੀ ਅਦਾਲਤ ਨੇ ਦੋ ਮੁਲਜ਼ਮਾਂ ਨੂੰ ਜੇਲ੍ਹ ਭੇਜਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਜੁਲਾਈ:
ਮੁਹਾਲੀ ਪੁਲੀਸ ਦੇ ਸਾਈਬਰ ਕਾਈਮ ਸੈਲ ਵੱਲੋਂ ਏਟੀਐਮ ਕਾਰਡ ਬਦਲ ਕੇ ਪੈਸੇ ਕੱਢਵਾਉਣ ਵਾਲੇ ਗਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕੀਤਾ ਹੈ। ਇਸ ਗਰੋਹ ਦੇ ਮੈਂਬਰਾਂ ਵੱਲੋਂ ਏਟੀਐਮ ਵਿੱਚ ਪੈਸੇ ਕਢਵਾਉਣ ਆਉਣ ਵਾਲੇ ਲੋਕਾਂ ਦੀ ਮਦਦ ਕਰਨ ਦੇ ਬਹਾਨੇ ਉਹਨਾਂ ਦੇ ਏਟੀਐਮ ਦਾ ਪਾਸਵਰਡ ਲੈ ਲਿਆ ਜਾਂਦਾ ਸੀ ਅਤੇ ਉਹਨਾਂ ਦਾ ਏਟੀਐਮ ਕਾਰਡ ਬਦਲ ਦਿੱਤਾ ਜਾਂਦਾ ਸੀ। ਬਾਅਦ ਵਿੱਚ ਇਹ ਵਿਅਕਤੀ ਆਪਣੇ ਸ਼ਿਕਾਰ ਦੇ ਕਾਰਡ ਵਿੱਚ ਪਈ ਰਕਮ ਕਢਵਾ ਲੈਂਦੇ ਸਨ। ਇਸ ਗਿਰੋਹ ਨੂੰ ਸਾਈਬਰ ਕ੍ਰਾਈਮ ਸੈਲ ਦੀ ਡੀਐਸਪੀ ਰੁਪਿੰਦਰਦੀਪ ਕੌਰ ਸੋਹੀ ਦੀ ਅਗਵਾਈ ਵਿੱਚ ਪੁਲੀਸ ਵੱਲੋਂ ਕਾਬੂ ਕੀਤਾ ਗਿਆ ਹੈ।
ਇੱਥੇ ਜ਼ਿਕਰਯੋਗ ਹੈ ਕਿ ਇਸ ਗਰੋਹ ਵੱਲੋਂ ਬੀਤੀ 29 ਮਈ ਨੂੰ ਫੇਜ਼ 1 ਦੀ ਵਸਨੀਕ ਮਹਿਲਾ ਆਸ਼ਾ ਦੇਵੀ ਦਾ ਕਾਰਡ ਲੈ ਕੇ ਏ ਟੀ ਐਮ ਤੋੱ ਪੈਸੇ ਕਢਵਾਉਣ ਗਈ ਉਸ ਦੀ ਬੇਟੀ ਦੀ ਮਦਦ ਕਰਨ ਦੇ ਬਹਾਨੇ ਉਸਦਾ ਪਾਸਵਰਡ ਹਾਸਲ ਕਰ ਲਿਆ ਗਿਆ ਸੀ ਅਤੇ ਫਿਰ ਉਸਦਾ ਕਾਰਡ ਬਦਲ ਕੇ ਉਸਦੇ ਖਾਤੇ ’ਚੋਂ 36 ਹਜ਼ਾਰ ਰੁਪਏ ਕਢਵਾ ਲਏ ਗਏ ਸਨ। ਇਸ ਸਬੰਧੀ ਆਸ਼ਾ ਦੇਵੀ ਵੱਲੋਂ ਸਾਈਬਰ ਸੈੱਲ ਦੀ ਡੀਐਸਪੀ ਰੁਪਿੰਦਰਦੀਪ ਕੌਰ ਨੂੰ ਸ਼ਿਕਾਇਤ ਦਿੱਤੀ ਗਈ ਸੀ ਜਿਸਤੇ ਕਾਰਵਾਈ ਕਰਦਿਆਂ ਪੁਲੀਸ ਵੱਲੋਂ ਇਸ ਗਰੋਹ ਦਾ ਪਤਾ ਲਗਾ ਕੇ ਇਸਦੇ ਦੋ ਮੈਂਬਰਾਂ ਨੂੰ ਕਾਬੂ ਕੀਤਾ ਹੈ ਜਦੋੱਕਿ ਗਿਰੋਹ ਦੇ ਬਾਕੀ ਮੈਂਬਰਾਂ ਦੀ ਭਾਲ ਕੀਤੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ 29 ਮਈ ਨੂੰ ਜਦੋਂ ਸ਼ਿਕਾਇਤ ਕਰਤਾ ਦੀ ਬੇਟੀ ਏਟੀਐਮ ਤੋਂ ਪੈਸੇ ਕਢਵਾਉਣ ਲਈ ਗਈ ਸੀ ਤਾਂ ਇਕ ਅਣਪਛਾਤਾ ਵਿਅਕਤੀ ਵੀ ਉਸਦੇ ਨਾਲ ਹੀ ਅੰਦਰ ਦਾਖ਼ਲ ਹੋ ਗਿਆ ਸੀ ਅਤੇ ਜਦੋਂ ਲੜਕੀ ਨੇ ਪੈਸੇ ਕਢਵਾਉਣ ਲਈ ਏਟੀਐਮ ਕਾਰਡ ਦੀ ਵਰਤੋਂ ਕੀਤੀ ਤਾਂ ਕਾਰਡ ਨਹੀਂ ਚਲਿਆ। ਇਸ ਦੌਰਾਨ ਉਸ ਵਿਅਕਤੀ ਨੇ ਏਟੀਐਮ ਦਾ ਪਿੰਨ ਦੇਖ ਲਿਆ ਅਤੇ ਲੜਕੀ ਦੀ ਮਦਦ ਕਰਨ ਬਹਾਨੇ ਧੋਖੇ ਨਾਲ ਉਸ ਦਾ ਏਟੀਐਮ ਕਾਰਡ ਬਦਲ ਕੇ ਉਸ ਨੂੰ ਦੂਜਾ ਕਾਰਡ ਦੇ ਦਿੱਤਾ ਅਤੇ ਉੱਥੋਂ ਚਲਾ ਗਿਆ। ਇਸ ਦੌਰਾਨ ਲੜਕੀ ਨੂੰ ਪਤਾ ਹੀ ਨਹੀਂ ਚਲਿਆ ਕਿ ਉਸ ਦਾ ਏਟੀਐਮ ਕਾਰਡ ਬਦਲ ਗਿਆ ਹੈ ਅਤੇ ਉਸ ਅਣਪਛਾਤੇ ਵਿਅਕਤੀ ਨੇ ਕਿਸੇ ਹੋਰ ਥਾਂ ਜਾ ਕੇ ਉਸਦੇ ਏਟੀਐਮ ਕਾਰਡ ਰਾਹੀਂ 36 ਹਜ਼ਾਰ ਰੁਪਏ ਕਢਵਾ ਲਏ। ਇਸ ਸਬੰਧੀ ਪੁਲੀਸ ਵੱਲੋਂ ਸ਼ਿਕਾਇਤਕਰਤਾ ਦੀ ਸ਼ਿਕਾਇਤ ਤੇ ਉਕਤ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 420 ਅਤੇ 120ਬੀ ਤਹਿਤ ਮਾਮਲਾ ਦਰਜ ਕੀਤਾ ਸੀ।
ਪੁਲੀਸ ਚੌਂਕੀ ਫੇਜ਼ 6 ਦੇ ਇੰਚਾਰਜ ਬਲਜਿੰਦਰ ਸਿੰਘ ਮੰਡ ਨੇ ਦੱਸਿਆ ਕਿ ਏਟੀਐਮ ਵਿਚੋੱ ਧੋਖੇ ਨਾਲ ਪੈਸੇ ਕਢਣ ਦੇ ਮਾਮਲੇ ਵਿੱਚ ਕਰਾਈਮ ਸੈਲ ਦੀ ਡੀਐਸਪੀ ਰੁਪਿੰਦਰ ਕੌਰ ਦੀ ਅਗਵਾਈ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ’ਚੋਂ ਇੱਕ ਵਿਅਕਤੀ ਸਤੀਸ਼ ਕੁਮਾਰ ਉਰਫ਼ ਵਿਸ਼ਾਲ ਮੂਲ ਰੂਪ ਨਾਲ ਯੂਪੀ ਦੇ ਮੁਜਫਰਨਗਰ ਦੇ ਪਿੰਡ ਆਲਮ ਗੋਰਾ ਦਾ ਵਸਨੀਕ ਹੈ ਅਤੇ ਦੂਜਾ ਅਜੈ ਕੁਮਾਰ ਪਿੰਡ ਬਲੌਂਗੀ ਦੀ ਅੰਬੇਦਕਰ ਕਲੋਨੀ ਦਾ ਵਸਨੀਕ ਹੈ, ਜਿਸ ਨੂੰ ਨੇੜਲੇ ਪਿੰਡ ਸ਼ਾਹੀਮਾਜਰਾ ਤੋਂ ਕਾਬੂ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਇਨ੍ਹਾਂ ਦੋਵਾਂ ਤੋਂ ਵੱਖ-ਵੱਖ ਬੈਂਕਾਂ ਦੇ ਲੱਗਭੱਗ 15 ਏਟੀਐਮ ਕਾਰਡ ਬਰਾਮਦ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਇਨ੍ਹਾਂ ਨੇ ਕਬੂਲ ਕੀਤਾ ਹੈ ਕਿ ਇਹ 4 ਵਿਅਕਤੀਆਂ ਦਾ ਗਿਰੋਹ ਹੈ। ਜਿਨ੍ਹਾਂ ’ਚੋਂ 2 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਦੋ ਦੀ ਭਾਲ ਜਾਰੀ ਹੈ। ਉਹਨਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਪਹਿਲਾ ਵੀ ਧੋਖਾਧੜੀ ਦੇ ਹੋਰ ਕਈ ਮਾਮਲੇ ਦਰਜ ਹਨ। ਪੁਲੀਸ ਵੱਲੋਂ ਇਹਨਾਂ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਅਦਾਲਤ ਵੱਲੋਂ ਇਹਨਾਂ ਨੂੰ ਨਿਆਇਕ ਹਿਰਾਸਤ ਵਿੱਚ ਭੇਜਣ ਦੇ ਹੁਕਮ ਜਾਰੀ ਕੀਤੇ ਹਨ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …